ਜਲ ਸਪਲਾਈ ਵਿਭਾਗ ’ਚ ਵੱਡੇ ਪੱਧਰ ’ਤੇ ਬਦਲੀਆਂ
Tuesday, Jul 03, 2018 - 01:25 AM (IST)

ਪਟਿਆਲਾ, (ਰਾਣਾ)- ਪੰਜਾਬ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿਚ ਵੱਡੇ ਪੱਧਰ ’ਤੇ ਕੀਤੀਆਂ ਗਈਆਂ ਬਦਲੀਆਂ ਤੋਂ ਭਡ਼ਕੇ ਮੁਲਾਜ਼ਮਾਂ ਨੇ ਪਟਿਆਲਾ ਸਥਿਤ ਵਿਭਾਗ ਦੇ ਹੈੈੱਡ ਆਫਿਸ ਸਾਹਮਣੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਮੁਲਾਜ਼ਮਾਂ ਨੇ ਸਰਕਾਰ ਦਾ ਪਿੱਟ-ਸਿਆਪਾ ਕੀਤਾ। ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਜੂਨੀਅਰ ਇੰਜੀਨੀਅਰ, ਸਹਾਇਕ ਇੰਜੀਨੀਅਰ, ਉਪ ਮੰਡਲ ਇੰਜੀਨੀਅਰ, ਡਰਾਇੰਗ ਸਟਾਫ ਤੇ ਕਲੈਰੀਕਲ ਮੁਲਾਜ਼ਮਾਂ ਦੀਆਂ ਵਿਭਾਗ ਵੱਲੋਂ ਥੋਕ ਵਿਚ ਬਦਲੀਆਂ ਕੀਤੀਆਂ ਗਈਆਂ ਹਨ। ਮੁਲਾਜ਼ਮਾਂ ਇਨ੍ਹਾਂ ਬਦਲੀਆਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ। ਇਸ ਦੇ ਨਾਲ ਹੀ ਮੁਲਾਜ਼ਮਾਂ ਨੇ ਵਿਭਾਗ ਵਿਚ ਲਾਗੂ ਕੀਤੀ ਐੈੱਮ. ਟੀ. ਆਰ. ਨੀਤੀ ਖਿਲਾਫ ਮਤਾ ਪਾਸ ਕੀਤਾ।
ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਡਿਪਲੋਮਾ ਇੰਜੀਨੀਅਰਜ਼ ਐਸੋਸੀਏਸ਼ਨ ਪੰਜਾਬ, ਡਰਾਇੰਗ ਸਟਾਫ ਐਸੋਸੀਏਸ਼ਨ ਅਤੇ ਸੀ. ਪੀ. ਐੈੱਫ. ਕਰਮਚਾਰੀ ਯੂਨੀਅਨ ਦੇ ਆਗੂਆਂ ਨੇ ਕੀਤੀ।
ਧਰਨੇ ਨੂੰ ਸੰਬੋਧਨ ਕਰਦਿਆਂ ਕੁਲਜੀਤ ਸਿੰਘ ਪਟਿਆਲਾ, ਮਨਜੀਤ ਸਿੰਘ, ਰਾਜਵੀਰ, ਕਰਮਜੀਤ ਸਿੰਘ, ਜਗਜੀਤ ਸਿੰਘ, ਪਲਵਿੰਦਰ ਸਿੰਘ ਨੇ ਕਿਹਾ ਕਿ ਜਲ ਸਪਲਾਈ ਵਿਭਾਗ ਵਿਚ ਵੱਖਰੀ ਤਬਾਦਲਾ ਨੀਤੀ ਬਣਾ ਕੇ ਹੇਠਲੇ ਮੁਲਾਜ਼ਮਾਂ ਨੂੰ 100 ਤੋਂ 150 ਕਿਲੋਮੀਟਰ ਤੱਕ ਬਦਲ ਦਿੱਤਾ ਗਿਆ ਹੈ। ਇਥੋਂ ਤੱਕ ਵੀ ਇਸਤਰੀ ਮੁਲਾਜ਼ਮਾਂ, ਕਪਲ ਕੇਸ ਅਤੇ ਹੋਰ ਮਜਬੂਰ ਮੁਲਾਜ਼ਮਾਂ ਨੂੰ ਵੀ ਬਖਸ਼ਿਆ ਨਹੀਂ ਗਿਆ ਅਤੇ 29 ਜੁਲਾਈ ਨੂੰ ਵਿਭਾਗ ਮੁਖੀ ਅਤੇ ਹੋਰ ਅਧਿਕਾਰੀਆਂ ਦੀ ਹਾਜ਼ਰੀ ਵਿਚ ਹੋਈ ਮੀਟਿੰਗ ਦੌਰਾਨ ਮੁੱਖ ਇੰਜੀਨੀਅਰ ਦਾ ਵਤੀਰਾ ਮੁਲਾਜ਼ਮਾਂ ਪ੍ਰਤੀ ਪੂਰਾ ਨਾਂਹ-ਪੱਖੀ ਰਿਹਾ। ਆਗੂਆਂ ਨੇ ਕਿਹਾ ਕਿ ਸੈਂਕਡ਼ੇ ਬਦਲੀਆਂ ਨਾਲ ਵਿਭਾਗ ਦੀ ਕਾਰਗੁਜ਼ਾਰੀ ’ਤੇ ਡੂੰਘਾ ਅਸਰ ਪਿਆ ਹੈ। ਪਿੰਡਾਂ ਵਿਚ ਗਰਮੀ ਦੇ ਮੌਸਮ ਦੌਰਾਨ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਣ ਦਾ ਪੂਰਾ ਖਦਸ਼ਾ ਪੈਦਾ ਹੋ ਗਿਆ ਹੈ। ਵਿਭਾਗ ਵਿਚ ਲਾਗੂ ਕੀਤੀ ਐੈੱਮ. ਟੀ. ਆਰ. ਨੀਤੀ ਤਹਿਤ ਜੂਨੀਅਰ ਇੰਜੀਨੀਅਰ ਜੋ ਕਿ ਪਹਿਲਾਂ ਹੀ ਮਾਨਸਿਕ ਪੀਡ਼ਾ ਸਹਿਣ ਕਰ ਰਿਹਾ ਹੈ, ਉਸ ’ਤੇ ਹੋਰ ਬੋਝ ਪਾ ਦਿੱਤਾ ਗਿਆ ਹੈ। ਮੁਲਾਜ਼ਮਾਂ ਨੇ ਕਿਹਾ ਕਿ ਰੈਵੀਨਿਊ ਇਕੱਠਾ ਕਰਨਾ, ਸਮਾਜਕ ਗਤੀਵਿਧੀਆਂ ਤੇ ਹੋਰ ਕੰਮਾਂ ਪ੍ਰਤੀ ਪੂਰੀ ਤਰ੍ਹਾਂ ਜਵਾਬਦੇਹ ਬਣਾ ਦਿੱਤਾ ਗਿਆ ਹੈ, ਜਦਕਿ ਜੂਨੀਅਰ ਇੰਜੀਨੀਅਰ ਪਹਿਲਾਂ ਹੀ ਸਵੱਛ ਭਾਰਤ ਮਿਸ਼ਨ ਦੇ ਕੰਮਾਂ ’ਤੇ ਦੱਬੇ ਪਏ ਹਨ।
ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਵਿਭਾਗ ਵਿਚ ਨਵੀਆਂ ਨੀਤੀਆਂ ਬਣਾ ਕੇ ਮੁਲਾਜ਼ਮਾਂ ਨੂੰ ਤੰਗ-ਪਰੇਸ਼ਾਨ ਕਰਨਾ ਜਾਰੀ ਰੱਖਿਆ ਗਿਆ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਮੁਨੀਸ਼ ਚੱਢਾ, ਦਰਸ਼ਨ ਬੇਲੂਮਾਜਰਾ, ਅਜੇਪਾਲ ਸਿੰਘ, ਜਗਜੀਤ ਸਿੰਘ ਜਵੰਧਾ, ਰਾਜਿੰਦਰ ਕਾਂਸਲ, ਬਲਜੀਤ ਸਿੰਘ, ਸੁਰਿੰਦਰ ਕੁਮਾਰ, ਕਰਮਜੀਤ ਖੋਖਰ, ਗੁਰਜੀਤ ਸਿੰਘ ਸ਼ੇਰਗਿਲ ਅਤੇ ਕਰਮਜੀਤ ਸਿੰਘ ਮਾਨ ਆਦਿ ਹਾਜ਼ਰ ਸਨ।
ਪਟਿਆਲਾ-ਨਾਭਾ ਰੋਡ ਜਾਮ
ਵਿਭਾਗ ਖਿਲਾਫ ਪ੍ਰਦਰਸ਼ਨ ਕਰਨ ਤੋਂ ਬਾਅਦ ਜਲ ਸਪਲਾਈ ਤੇ ਸੈਨੀਟੇਸ਼ਨ ਮੁਲਾਜ਼ਮਾਂ ਨੇ ਪਟਿਆਲਾ-ਨਾਭਾ ਰੋਡ ਜਾਮ ਕਰ ਕੇ ਸਰਕਾਰ ਖਿਲਾਫ ਜਮ ਕੇ ਭਡ਼ਾਸ ਕੱਢੀ। ਇਸ ਦੌਰਾਨ ਆਵਾਜਾਈ ਪੂਰੀ ਤਰ੍ਹਾਂ ਠੱਪ ਰਹੀ। ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।