ਨੌਜਵਾਨਾਂ ਦੇ ਦੋ ਗੁੱਟ ਭਿੜੇ, ਇਕ-ਦੂਸਰੇ ''ਤੇ ਇੱਟਾਂ-ਪੱਥਰਾਂ ਨਾਲ ਹਮਲਾ

Monday, Apr 02, 2018 - 06:44 AM (IST)

ਲੁਧਿਆਣਾ, (ਸਲੂਜਾ)- ਧੂਰੀ ਰੇਲਵੇ ਲਾਈਨ ਨੇੜੇ ਪੈਂਦੇ ਸੰਤ ਨਗਰ ਤੇ ਕਬੀਰ ਬਸਤੀ ਇਲਾਕਿਆਂ ਨਾਲ ਸਬੰਧਤ ਦੋ ਨੌਜਵਾਨ ਗੁੱਟ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਇਸ ਹੱਦ ਤੱਕ ਭਿੜੇ ਕਿ ਦੇਖਦੇ ਹੀ ਦੇਖਦੇ ਦੋਵਾਂ ਪਾਸਿਆਂ ਤੋਂ ਇੱਟਾਂ-ਪੱਥਰਾਂ ਦੀ ਬਾਰਿਸ਼ ਹੋਣ ਲੱਗੀ।
 ਇਸ ਦੌਰਾਨ ਇਨ੍ਹਾਂ ਨੌਜਵਾਨਾਂ ਨੇ ਰੇਲਵੇ ਟਰੈਕ 'ਤੇ ਕਬਜ਼ਾ ਕਰਦਿਆਂ ਟਰੇਨ ਰੋਕ ਕੇ ਸਥਿਤੀ ਨੂੰ ਹੋਰ ਵੀ ਵਿਸਫੋਟਕ ਬਣਾ ਦਿੱਤਾ। ਪੁਲਸ ਛਾਉਣੀ 'ਚ ਤਬਦੀਲ ਹੋ ਜਾਣ ਦੇ ਬਾਵਜੂਦ ਇਲਾਕੇ ਭਰ ਵਿਚ ਦਹਿਸ਼ਤ ਘਟੀ ਨਹੀਂ, ਜਿਸ ਕਾਰਨ ਲੋਕ ਘਰਾਂ ਵਿਚ ਹੀ ਕੈਦ ਹੋ ਕੇ ਰਹਿ ਗਏ। ਇਲਾਕੇ ਭਰ ਵਿਚ ਖਿੱਲਰੇ ਪਏ ਇੱਟਾਂ-ਪੱਥਰ ਤੇ ਨੁਕਸਾਨੇ ਗਏ ਵਾਹਨ ਖੁਦ ਹੀ ਗੁੰਡਾਗਰਦੀ ਤੇ ਦਹਿਸ਼ਤ ਦੀ ਕਹਾਣੀ ਬਿਆਨ ਕਰ ਰਹੇ ਸਨ।
ਇਕ ਨੌਜਵਾਨ ਨੂੰ ਕੀਤਾ ਗ੍ਰਿਫਤਾਰ
ਅਜੇ ਕੁਮਾਰ ਉਰਫ ਬਾਬੂ ਨਾਮਕ ਨੌਜਵਾਨ ਨੂੰ ਇਸ ਮਾਮਲੇ ਵਿਚ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਦੀ ਪੁਸ਼ਟੀ ਜੀ. ਆਰ. ਪੀ. ਦੇ ਥਾਣੇਦਾਰ ਸਤੀਸ਼ ਕੁਮਾਰ ਨੇ ਕਰਦਿਆਂ ਦੱਸਿਆ ਕਿ ਰੇਲਵੇ ਵਿਭਾਗ ਦੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਤੇ ਟਰੇਨਾਂ ਨੂੰ ਰੋਕਣ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਜਾਂਚ ਦੌਰਾਨ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਨੂੰ ਅਮਲ ਵਿਚ ਲਿਆਉਂਦੇ ਹੋਏ ਗ੍ਰਿਫਤਾਰ ਕੀਤਾ ਜਾਵੇਗਾ।
ਇਕ ਔਰਤ ਦੀ ਭੂਮਿਕਾ ਚਰਚਾ 'ਚ
ਇਕ ਗੁੱਟ ਦੀ ਆਪਸੀ ਰੰਜਿਸ਼ ਪਿੱਛੇ ਇਕ ਮਹਿਲਾ ਦੀ ਭੂਮਿਕਾ ਚਰਚਾ ਵਿਚ ਹੈ। ਮਿਲੀ ਜਾਣਕਾਰੀ ਅਨੁਸਾਰ ਪਿਛਲੇ ਦੋ ਦਿਨਾਂ ਤੋਂ ਦਹਿਸ਼ਤ ਤੋਂ ਛੁਟਕਾਰਾ ਦਿਵਾਉਣ ਅਤੇ ਦੋਵਾਂ ਨੌਜਵਾਨਾਂ ਦੇ ਗੁੱਟਾਂ ਵਿਚਕਾਰ ਫੈਸਲਾ ਕਰਵਾਉਣ ਨੂੰ ਲੈ ਕੇ ਇਲਾਕੇ ਵਿਚ ਮੀਟਿੰਗ ਹੋਈ ਪਰ ਵਿਵਾਦ ਇਸ ਔਰਤ ਦੀ ਵਜ੍ਹਾ ਨਾਲ ਖਤਮ ਨਹੀਂ ਸਕਿਆ। ਸੂਤਰਾਂ ਦਾ ਕਹਿਣਾ ਹੈ ਕਿ ਇਹ ਔਰਤ ਹੀ ਨਹੀਂ ਚਾਹੁੰਦੀ ਕਿ ਦੋਵੇਂ ਗੁੱਟਾਂ ਵਿਚਕਾਰ ਸਮਝੌਤਾ ਹੋਵੇ।
ਜੀ. ਆਰ. ਪੀ. ਤੇ ਪੰਜਾਬ ਪੁਲਸ ਕਾਰਵਾਈ ਨੂੰ ਲੈ ਕੇ ਉਲਝੀ ਰਹੀ
ਲਗਾਤਾਰ ਦੋ ਦਿਨਾਂ ਤੋਂ ਨੌਜਵਾਨ ਗੁੱਟਾਂ ਨੇ ਸ਼ਰੇਆਮ ਦਹਿਸ਼ਤ ਫੈਲਾਅ ਕੇ ਇਲਾਕਾ ਨਿਵਾਸੀਆਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ। ਟਰੇਨ ਰੋਕ ਕੇ ਯਾਤਰੀਆਂ ਦੀ ਜਾਨ ਖਤਰੇ ਵਿਚ ਪਾਈ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੁਝ ਨੌਜਵਾਨਾਂ ਦੇ ਹੱਥਾਂ ਵਿਚ ਤੇਲ ਦੀ ਕੇਨੀ ਵੀ ਸੀ, ਜੋ ਟਰੇਨਾਂ ਨੂੰ ਅੱਗ ਲਾਉਣ ਦੀ ਫਿਰਾਕ ਵਿਚ ਸਨ ਪਰ ਉਹ ਸਫਲ ਨਹੀਂ ਹੋ ਸਕੇ। ਦਰਜਨਾਂ ਵਾਹਨਾਂ ਦਾ ਪੱਥਰਬਾਜ਼ੀ ਕਾਰਨ ਭਾਰੀ ਨੁਕਸਾਨ ਹੋਇਆ। ਸ਼ਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਕਰਨ ਵਾਲਿਆਂ ਖਿਲਾਫ ਕਾਰਵਾਈ ਕੌਣ ਕਰੇ, ਨੂੰ ਲੈ ਕੇ ਜੀ. ਆਰ. ਪੀ. ਤੇ ਪੰਜਾਬ ਪੁਲਸ ਉਲਝੀ ਰਹੀ। ਇੰਨਾ ਕੁਝ ਹੋਣ ਤੋਂ ਬਾਅਦ ਆਖਿਰ ਜੀ. ਆਰ. ਪੀ. ਕਾਰਵਾਈ ਲਈ ਮੰਨ ਗਈ।
ਇਲਾਕਾ ਨਿਵਾਸੀਆਂ 'ਚ ਰੋਸ
ਪਿਛਲੇ ਦੋ ਦਿਨਾਂ ਤੋਂ ਇਲਾਕੇ ਵਿਚ ਬਦਮਾਸ਼ੀ ਹੋ ਰਹੀ ਹੈ। ਜ਼ਿਲਾ ਤੇ ਪੁਲਸ-ਪ੍ਰਸ਼ਾਸਨ ਸੁੱਤਾ ਪਿਆ ਹੈ। ਕੀ ਪੁਲਸ ਉਦੋਂ ਜਾਗਦੀ ਹੈ, ਜਦੋਂ ਇਹ ਬਦਮਾਸ਼ ਘਰਾਂ ਤੇ ਟਰੇਨਾਂ ਨੂੰ ਅੱਗ ਦੇ ਹਵਾਲੇ ਕਰ ਦੇਣ। ਇਹ ਸਵਾਲ ਇਲਾਕਾ ਨਿਵਾਸੀ ਜ਼ਿਲਾ ਤੇ ਪੁਲਸ-ਪ੍ਰਸ਼ਾਸਨ ਨਾਲ ਰੋਸ ਦਾ ਇਜ਼ਹਾਰ ਕਰਦੇ ਹੋਏ ਪੁੱਛ ਰਹੇ ਹਨ। ਜੀ. ਆਰ. ਪੀ. ਕਹਿੰਦੀ ਹੈ ਕਿ ਇਹ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਨਹੀਂ ਹੈ ਅਤੇ ਪੰਜਾਬ ਪੁਲਸ ਕਹਿੰਦੀ ਹੈ ਕਿ ਇਹ ਤਾਂ ਮਾਮਲਾ ਰੇਲਵੇ ਪੁਲਸ ਦਾ ਬਣਦਾ ਹੈ। ਅਸੀਂ ਕੁਝ ਨਹੀਂ ਕਰ ਸਕਦੇ। ਇਸ ਤਰ੍ਹਾਂ ਦੇ ਹਾਲਾਤ ਵਿਚ ਇਹ ਕਿਸ ਨਾਲ ਨਿਆਂ ਤੇ ਸੁਰੱਖਿਆ ਨੂੰ ਲੈ ਕੇ ਫਰਿਆਦ ਕਰਨ। ਅਜਿਹੇ ਪੁਲਸ-ਪ੍ਰਸ਼ਾਸਨ ਦਾ ਕੀ ਫਾਇਦਾ ਜੋ ਅੱਗ ਨਾਲ ਤਬਾਹ ਹੋਣ ਜਾਂ ਫਿਰ ਮਰਨ ਦੇ ਬਾਅਦ ਕਾਨੂੰਨੀ ਪ੍ਰਕਿਰਿਆ ਕਰਨ ਲਈ ਸਿਰਫ ਕਾਗਜ਼ੀ ਕਾਰਵਾਈ ਕਰਨ ਨੂੰ ਹੀ ਆਪਣੀ ਡਿਊਟੀ ਸਮਝਣ। 
ਕੀ ਕਹਿਣਾ ਹੈ ਜੀ. ਆਰ. ਪੀ. ਦਾ
ਜੀ. ਆਰ. ਪੀ. ਦੇ ਥਾਣੇਦਾਰ ਸਤੀਸ਼ ਕੁਮਾਰ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਇਹ ਵਿਵਾਦ ਉਸ ਸਮੇਂ ਪੈਦਾ ਹੋਇਆ, ਜਦੋਂ ਦੋ ਨੌਜਵਾਨ ਰੇਲਵੇ ਲਾਈਨ ਕਰਾਸ ਕਰ ਰਹੇ ਸਨ ਤਾਂ ਇਕ-ਦੂਜੇ ਨਾਲ ਉਹ ਸਰੀਰਕ ਤੌਰ 'ਤੇ ਟੱਚ ਕਰ ਗਏ। ਇਸ ਗੱਲ ਨੂੰ ਲੈ ਕੇ ਪਹਿਲਾਂ ਬਹਿਸ ਹੋਈ ਅਤੇ ਫਿਰ ਕੁਝ ਹੀ ਸਮੇਂ ਵਿਚ ਦੋਵੇਂ ਗੁੱਟ ਇਕ-ਦੂਜੇ ਦੇ ਸਾਹਮਣੇ ਆ ਖੜ੍ਹੇ ਹੋਏ। ਇਕ ਮੰਗਤ ਰਾਮ ਨਾਮਕ ਨੌਜਵਾਨ ਨੂੰ ਕੁੱਟ-ਮਾਰ ਕਰ ਕੇ ਜ਼ਖਮੀ ਕਰ ਦਿੱਤਾ।


Related News