ਅਵਾਰਾ ਢੱਠੇ ਨਾਲ ਅਚਾਨਕ ਹੋਈ ਟੱਕਰ ''ਚ ਪਲਟਿਆ ਟਰੱਕ, ਚਾਲਕ ਗੰਭੀਰ ਜ਼ਖ਼ਮੀ
Monday, Jul 27, 2020 - 02:41 PM (IST)
ਅਚਾਨਕ ਆਉਣ ਕਾਰਨ ਹੋਏ ਹਾਦਸੇ ਵਿਚ ਹੋਈ ਢੱਠੇ ਦੀ ਮੌਤ, ਟਰੱਕ ਟਰਾਲਾ ਪਲਟ ਜਾਣ ਕਾਰਨ ਹੋਇਆ ਟ੍ਰੈਫਿਕ ਜਾਮ
ਭਵਾਨੀਗੜ੍ਹ(ਕਾਂਸਲ) - ਸਥਾਨਕ ਸ਼ਹਿਰ ’ਚੋਂ ਲੰਘਦੀ ਬਠਿੰਡਾ ਜੀਰਕਪੁਰ ਨੈਸ਼ਨਲ ਹਾਈਵੇ ਨੰਬਰ 7 ਸ਼ਮਸਾਨ ਘਾਟ ਰੋਡ ਨਜ਼ਦੀਕ ਸੰਗਰੂਰ ਸਾਇਡ ਤੋਂ ਆ ਰਹੇ ਖਾਦ ਨਾਲ ਭਰੇ ਇਕ ਟਰੱਕ-ਟਰਾਲੇ ਅੱਗੇ ਅਚਾਨਕ ਇਕ ਅਵਾਰਾ ਢੱਠੇ ਦੇ ਆ ਜਾਣ ਕਾਰਨ ਟਰਾਲਾ ਸੜਕ ਵਿਚਕਾਰ ਪਲਟ ਗਿਆ। ਢੱਠੇ ਦੇ ਡਿਵਾਈਡਰ ਦੀ ਗਰਿੱਲ ਨਾਲ ਟਕਰਾਉਣ ਤੋਂ ਬਾਅਦ ਮਾਰੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਹਾਦਸੇ ਵਿਚ ਟਰੱਕ ਟਰਾਲੇ ਦਾ ਚਾਲਕ ਵੀ ਜਖ਼ਮੀ ਹੋ ਗਿਆ।
ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਟਰੱਕ ਟਰਾਲੇ ਦੇ ਚਾਲਕ ਦੇ ਭਰਾ ਦਰਸ਼ਨ ਕੁਮਾਰ ਵਾਸੀ ਦੁੱਗਾਂ ਜੋ ਕਿ ਉਹ ਹਾਦਸੇ ’ਚ ਵਾਲ-ਵਾਲ ਬਚ ਗਿਆ ਹੈ ਪਰ ਉਸ ਦਾ ਭਰਾ ਇਸ ਹਾਦਸੇ ’ਚ ਜ਼ਖ਼ਮੀ ਹੋ ਗਿਆ ਹੈ। ਦਰਸ਼ਨ ਕੁਮਾਰ ਨੇ ਦੱਸਿਆ ਕਿ ਉਹ ਦੁੱਗਾਂ ਤੋਂ ਆਪਣੇ ਖਾਦ ਨਾਲ ਭਰੇ ਟਰੱਕ ਟਰਾਲੇ ਨੂੰ ਲੈ ਕੇ ਖਰੜ ਜਾ ਰਹੇ ਸਨ ਅਤੇ ਸਵੇਰ ਦੇ 3 ਵਜੇ ਦੇ ਕਰੀਬ ਜਦੋਂ ਉਹ ਭਵਾਨੀਗੜ੍ਹ ਵਿਖੇ ਪਹੁੰਚੇ ਤਾਂ ਇਥੇ ਅੱਗਿਓ ਕਿਸੇ ਵਾਹਨ ਦੀਆਂ ਤੇਜ਼ ਲਾਇਟਾਂ ਦੀ ਰੋਸ਼ਨੀ ’ਚ ਉਨ੍ਹਾਂ ਨੂੰ ਉਨ੍ਹਾਂ ਦੇ ਟਰੱਕ ਅੱਗੇ ਭੱਜ ਕੇ ਅਚਾਨਕ ਆਏ ਇਕ ਕਾਲੇ ਰੰਗ ਦਾ ਢੱਠਾ ਨਜ਼ਰ ਨਹੀਂ ਆਇਆ ਅਤੇ ਉਨ੍ਹਾਂ ਦਾ ਟਰੱਕ ਇਸ ਢੱਠੇ ਨਾਲ ਟਕਰਾਉਣ ਤੋਂ ਬਾਅਦ ਸੜਕ ਵਿਚਕਾਰ ਹੀ ਪਲਟ ਗਿਆ। ਸਾਰੇ ਖਾਦ ਦੇ ਭਰੇ ਥੈਲੇ ਸੜਕ ਉਪਰ ਖਿਲਰ ਗਏ ਅਤੇ ਸੜਕ ਉਪਰ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ। ਜਿਸ ਕਾਰਨ ਵਾਹਨਾਂ ਨੂੰ ਸੜਕ ਦੀ ਸਰਵਿਸ ਲਾਇਨ ਉਪਰ ਪ੍ਰੇਸ਼ਾਨੀਆਂ ਦਾ ਸਾਮਹਣਾ ਕਰਕੇ ਲੰਘਦੇ ਦੇਖਿਆ ਗਿਆ।
ਦਰਸ਼ਨ ਕੁਮਾਰ ਨੇ ਕਿਹਾ ਕਿ ਇਸ ਹਾਦਸੇ ’ਚ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਾਰੀ ਗਲਤੀ ਪ੍ਰਸਾਸ਼ਨ ਅਤੇ ਸਰਕਾਰ ਦੀ ਹੈ ਜਿਨ੍ਹਾਂ ਵੱਲੋਂ ਸੜਕਾਂ ਉਪਰ ਘੁੰਮਦੇ ਇਨ੍ਹਾਂ ਅਵਾਰਾ ਪਸ਼ੂਆਂ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ। ਜਿਸ ਕਾਰਨ ਇਹ ਅਵਾਰਾ ਪਸ਼ੂ ਆਏ ਦਿਨ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਸੜਕ ਉਪਰ ਚਲਣ ਸਮੇਂ ਹਰ ਵਾਹਨ ਚਾਲਕ ਤੋਂ ਟੋਲ ਦੀ ਵਸ਼ੂਲੀ ਕੀਤੀ ਜਾਂਦੀ ਹੈ ਤਾਂ ਇਸ ਸੜਕ ਉਪਰ ਰਸਤੇ ਨੂੰ ਠੀਕ ਰੱਖਣਾ ਵੀ ਟੋਲ ਵਸੂਲਣ ਵਾਲਿਆਂ ਦੀ ਜਿੰਮੇਵਾਰੀ ਬਣਦੀ ਹੈ। ਇਸ ਨੈਸ਼ਨਲ ਹਾਈਵੇ ਉਪਰ ਘੁੰਮਦੇ ਇਨ੍ਹਾਂ ਅਵਾਰਾਂ ਪਸ਼ੂਆਂ ਨੂੰ ਸੜਕ ਤੋਂ ਹਟਾਉਣ ਦੀ ਜਿੰਮੇਵਾਰੀ ਵੀ ਨੈਸ਼ਨਲ ਹਾਈਵੇ ਦੀ ਬਣਦੀ ਹੈ। ਉਨ੍ਹਾਂ ਕਿਹਾ ਕਿ ਉਹ ਮੰਗ ਕਰਦੇ ਹਨ ਉਨ੍ਹਾਂ ਦੇ ਨੁਕਸਾਨ ਲਈ ਉਨ੍ਹਾਂ ਨੂੰ ਮੁਆਵਜਾਂ ਦਿੱਤਾ ਜਾਵੇ।