ਟਰੱਕ ਨੇ ਸਾਈਕਲ ਸਵਾਰ ਨਾਬਾਲਗ ਕੁਚਲਿਆ, ਮੌਤ
Monday, Dec 04, 2017 - 06:50 AM (IST)
ਝਬਾਲ/ਬੀੜ ਸਾਹਿਬ, (ਲਾਲੂਘੁੰਮਣ, ਬਖਤਾਵਰ, ਰਾਜਿੰਦਰ)- ਤਰਨਤਾਰਨ ਰੋਡ ਅੱਡਾ ਝਬਾਲ ਸਥਿਤ ਐਤਵਾਰ ਦੀ ਸ਼ਾਮ ਨੂੰ ਇਕ ਟਰੱਕ ਵੱਲੋਂ ਸਾਈਕਲ ਸਵਾਰ ਨਾਬਾਲਗ ਨੂੰ ਕੁਚਲ ਦਿੱਤਾ, ਜਿਸ ਦੌਰਾਨ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦ ਕਿ ਸਾਈਕਲ 'ਤੇ ਸਵਾਰ ਉਸ ਦਾ ਛੋਟਾ ਭਰਾ ਵਾਲ-ਵਾਲ ਬਚ ਗਿਆ। ਡਰਾਈਵਰ ਟਰੱਕ ਨੂੰ ਛੱਡ ਕੇ ਫਰਾਰ ਹੋ ਗਿਆ।
ਜਾਣਕਾਰੀ ਮੁਤਾਬਕ ਬਾਬਾ ਜੱਲਣ ਕਾਲੋਨੀ ਵਾਸੀ ਬਿਹਾਰ ਦੇ ਰਹਿਣ ਵਾਲੇ ਨੰਦ ਦੇਵ ਦਾ 12-13 ਸਾਲਾਂ ਲੜਕਾ ਬ੍ਰਹਮ ਦੇਵ ਆਪਣੇ ਛੋਟੇ ਭਰਾ ਸਮੇਤ ਸਾਈਕਲ 'ਤੇ ਸਵਾਰ ਹੋ ਕੇ ਐਤਵਾਰ ਦੀ ਸ਼ਾਮ ਨੂੰ ਘਰ ਤੋਂ ਸੌਦਾ ਲੈਣ ਲਈ ਅੱਡਾ ਝਬਾਲ ਵਿਖੇ ਆਇਆ ਸੀ, ਜਦੋਂ ਉਹ ਵਾਪਸ ਪਰਤ ਰਿਹਾ ਸੀ ਤਾਂ ਤਰਨਤਾਰਨ ਰੋਡ 'ਤੇ ਇਕ ਟਰੱਕ ਨੇ ਸਾਈਕਲ ਨੂੰ ਆਪਣੀ ਲਪੇਟ 'ਚ ਲੈ ਲਿਆ। ਇਸ ਦੌਰਾਨ ਸਾਈਕਲ ਚਲਾ ਰਿਹਾ ਬ੍ਰਹਮ ਦੇਵ ਟਰੱਕ ਦੇ ਟਾਇਰ ਦੇ ਹੇਠਾਂ ਆਉਣ ਕਾਰਨ ਬੁਰੀ ਤਰ੍ਹਾਂ ਕੁਚਲਿਆ ਗਿਆ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸਾਈਕਲ ਦੇ ਪਿੱਛੇ ਬੈਠਾ ਉਸ ਦਾ ਛੋਟਾ ਭਰਾ ਵਾਲ-ਵਾਲ ਬਚ ਗਿਆ। ਹਾਦਸੇ ਤੋਂ ਬਾਅਦ ਡਰਾਈਵਰ ਟਰੱਕ ਨੂੰ ਛੱਡ ਕੇ ਫਰਾਰ ਹੋ ਗਿਆ। ਮੌਕੇ 'ਤੇ ਪੁੱਜੇ ਥਾਣਾ ਝਬਾਲ ਤੋਂ ਡਿਊਟੀ ਅਫਸਰ ਰਾਜਬੀਰ ਸਿੰਘ ਨੇ ਦੱਸਿਆ ਕਿ ਹਾਦਸੇ ਨੂੰ ਅੰਜਾਮ ਦੇਣ ਵਾਲੇ ਟਰੱਕ ਅਤੇ ਮ੍ਰਿਤਕ ਬੱਚੇ ਦੀ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ ਅਤੇ ਦੋਸ਼ੀ ਟਰੱਕ ਚਾਲਕ ਵਿਰੁੱਧ ਕੇਸ ਦਰਜ ਕੀਤਾ ਜਾ ਰਿਹਾ ਹੈ।
