ਟਰਾਂਸਫਾਰਮਰ ਚੋਰ ਗਿਰੋਹ ਨੇ ਕਿਸਾਨਾਂ ਦੇ ਨੱਕ ''ਚ ਕੀਤਾ ਦਮ

Sunday, Jun 11, 2017 - 02:17 AM (IST)

ਟਰਾਂਸਫਾਰਮਰ ਚੋਰ ਗਿਰੋਹ ਨੇ ਕਿਸਾਨਾਂ ਦੇ ਨੱਕ ''ਚ ਕੀਤਾ ਦਮ

ਮੋਗਾ,   (ਸੰਦੀਪ)- ਇਕ ਪਾਸੇ ਕਰਜ਼ੇ 'ਚ ਡੁੱਬੇ ਕਿਸਾਨ ਜਿੱਥੇ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ, ਉੱਥੇ ਹੀ ਦੂਜੇ ਪਾਸੇ ਚੋਰਾਂ ਨੇ ਕਿਸਾਨਾਂ ਦੇ ਨੱਕ 'ਚ ਦਮ ਕਰ ਕੇ ਰੱਖਿਆ ਹੋਇਆ ਹੈ। ਟਰਾਂਸਫਾਰਮਰ ਚੋਰ ਗਿਰੋਹ ਕਿਸਾਨਾਂ ਦੇ ਖੇਤਾਂ 'ਚ ਲੱਗੇ ਟਰਾਂਸਫਾਰਮਰਾਂ ਨੂੰ ਹੇਠਾਂ ਉਤਾਰ ਕੇ ਉਸ 'ਚੋਂ ਕੀਮਤੀ ਸਾਮਾਨ ਜਿਵੇਂ ਕਿ ਤਾਂਬਾ ਅਤੇ ਤੇਲ ਤੋਂ ਇਲਾਵਾ ਹੋਰ ਕੀਮਤੀ ਪੁਰਜੇ ਉਸ 'ਚੋਂ ਕੱਢ ਕੇ ਲੈ ਜਾਂਦੇ ਹਨ। ਅਜਿਹੀ ਘਟਨਾ ਨੂੰ ਪਿੰਡ ਸਿੰਘਾਂਵਾਲਾ ਤੋਂ ਚੰਦ ਨਵਾਂ ਨੂੰ ਜਾਂਦੇ ਲਿੰਕ ਰੋਡ 'ਤੇ ਸ਼ੁੱਕਰਵਾਰ ਦੀ ਰਾਤ ਨੂੰ ਚੋਰ ਗਿਰੋਹ ਵੱਲੋਂ 2 ਤੋਂ ਵੱਧ ਕਿਸਾਨਾਂ ਦੇ ਖੇਤਾਂ ਵਿਚ ਲੱਗੇ ਟਰਾਂਸਫਾਰਮਰਾਂ 'ਚੋਂ ਕੀਮਤੀ ਸਾਮਾਨ ਤਾਂਬਾ, ਤੇਲ, ਕੇਬਲ ਤਾਰ ਤੋਂ ਇਲਾਵਾ ਹੋਰ ਕੀਮਤੀ ਸਾਮਾਨ ਕੱਢ ਕੇ ਲਿਜਾਣ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ।  ਖੇਤ 'ਚ ਹੀ ਘਰ ਬਣਾ ਕੇ ਰਹਿ ਰਹੇ ਕਿਸਾਨ ਜਸਕਰਨ ਸਿੰਘ ਨੇ ਦੱਸਿਆ ਕਿ ਜਦੋਂ ਉਹ ਉਕਤ ਰੋਡ ਤੋਂ ਲੰਘ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਵੱਖ-ਵੱਖ ਖੇਤਾਂ 'ਚ ਲੱਗੇ ਬਿਜਲੀ ਦੇ ਟਰਾਂਸਫਾਰਮਰ ਹੇਠਾਂ ਪਏ ਸਨ ਅਤੇ ਉਸ 'ਚੋਂ ਕੀਮਤੀ ਸਾਮਾਨ ਕੱਢ ਕੇ ਖਾਲੀ ਬਕਸੇ ਛੱਡੇ ਹੋਏ ਸਨ, ਜਿਸ 'ਤੇ ਉਸ ਨੇ ਉਕਤ ਖੇਤਾਂ ਦੇ ਮਾਲਕਾਂ ਦੇ ਕਿਸਾਨਾਂ ਨੂੰ ਸੂਚਿਤ ਕੀਤਾ।  ਇਸ ਸਬੰਧੀ ਪਿੰਡ ਸਿੰਘਾਂਵਾਲਾ ਦੇ ਸਰਪੰਚ ਤੀਰਥ ਸਿੰਘ ਕਾਲਾ ਨੇ ਦੱਸਿਆ ਕਿ ਖੇਤਾਂ 'ਚੋਂ ਟਰਾਂਸਫਾਰਮਰਾਂ ਦੀਆਂ ਚੋਰੀਆਂ ਆਮ ਗੱਲ ਬਣ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਪੁਲਸ ਦੀ ਸਖਤੀ ਅਤੇ ਰਾਤ ਦੀ ਗਸ਼ਤ ਹੀ ਰੋਕ ਸਕਦੀ ਹੈ। ਉਨ੍ਹਾਂ ਜ਼ਿਲਾ ਪੁਲਸ ਮੁਖੀ ਤੋਂ ਮੰਗ ਕੀਤੀ ਕਿ ਰਾਤ ਸਮੇਂ ਪੁਲਸ ਦੀ ਗਸ਼ਤ ਕਰਵਾਈ ਜਾਵੇ। 


Related News