ਖਾਣ-ਪੀਣ ਵਾਲੀਆਂ ਚੀਜ਼ਾਂ ''ਚ ਹੋ ਰਹੀ ਮਿਲਾਵਟ ਚਿੰਤਾ ਦਾ ਵਿਸ਼ਾ
Friday, Jul 07, 2017 - 02:31 AM (IST)
ਗੁਰਦਾਸਪੁਰ, (ਹਰਮਨਪ੍ਰੀਤ ਸਿੰਘ)- ਗੁਰਦਾਸਪੁਰ ਅੰਦਰ ਪਲਾਸਟਿਕ ਦੀਆਂ ਫੁੱਲੀਆਂ ਦੀ ਵਿਕਰੀ ਦਾ ਮਾਮਲਾ ਸਾਹਮਣੇ ਆਉਣ 'ਤੇ ਜਿਥੇ ਆਮ ਲੋਕਾਂ ਅੰਦਰ ਨਕਲੀ ਫੁੱਲੀਆਂ ਨੂੰ ਲੈ ਕੇ ਚਰਚਾ ਦਾ ਬਾਜ਼ਾਰ ਗਰਮ ਹੈ, ਉਥੇ ਫਲ, ਸਬਜ਼ੀਆਂ, ਦੁੱਧ ਅਤੇ ਦਹੀਂ ਸਮੇਤ ਹੋਰ ਦਰਜਨਾਂ ਖਾਣ-ਪੀਣ ਵਾਲੀਆਂ ਚੀਜ਼ਾਂ 'ਚ ਵੱਡੇ ਪੱਧਰ 'ਤੇ ਹੋ ਰਹੀ ਮਿਲਾਵਟ ਤੇ ਇਨ੍ਹਾਂ ਨੂੰ ਤਿਆਰ ਕਰਨ ਲਈ ਖ਼ਤਰਨਾਕ ਰਸਾਇਣਾਂ ਦੀ ਕੀਤੀ ਜਾ ਰਹੀ ਵਰਤੋਂ ਵੀ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਇਸ ਮਾਮਲੇ ਵਿਚ ਸੰਬੰਧਿਤ ਵਿਭਾਗਾਂ ਦੀ ਕਾਰਗੁਜ਼ਾਰੀ ਸਿਰਫ਼ ਖਾਨਾਪੂਰਤੀ ਤੱਕ ਸੀਮਤ ਹੋਣ ਕਾਰਨ ਰੋਜ਼ਾਨਾ ਲੋਕਾਂ ਦੀ ਸਿਹਤ ਨਾਲ ਖਿਲਵਾੜ ਦਾ ਸਿਲਸਿਲਾ ਬੇਖ਼ੌਫ਼ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਇਕ ਗੁਰਦੁਆਰਾ ਸਾਹਿਬ 'ਚ ਪ੍ਰਸ਼ਾਦ ਦੇ ਤੌਰ 'ਤੇ ਵਰਤਾਈਆਂ ਗਈਆਂ ਫੁੱਲੀਆਂ ਪਲਾਸਟਿਕ ਤੋਂ ਤਿਆਰ ਕੀਤੀਆਂ ਗਈਆਂ ਸਨ, ਜਿਨ੍ਹਾਂ ਦਾ ਪਤਾ ਲੱਗਣ 'ਤੇ ਗੁਰਦੁਆਰਾ ਪ੍ਰਬੰਧਕਾਂ ਨੇ ਤੁਰੰਤ ਅਨਾਊਂਸਮੈਂਟ ਕਰਵਾ ਕੇ ਲੋਕਾਂ ਨੂੰ ਇਹ ਫੁੱਲੀਆਂ ਖਾਣ ਤੋਂ ਰੋਕ ਲਿਆ ਗਿਆ।
ਇਸ ਦੇ ਬਾਅਦ ਹੁਣ ਸਿਹਤ ਵਿਭਾਗ ਦੀ ਟੀਮ ਵੱਲੋਂ ਫੁੱਲੀਆਂ ਵੇਚਣ ਵਾਲੀਆਂ ਦੁਕਾਨਾਂ ਤੋਂ ਸੈਂਪਲ ਭਰੇ ਗਏ ਹਨ, ਜਿਸ ਕਾਰਨ ਆਉਣ ਵਾਲੇ ਕੁੱਝ ਦਿਨਾਂ 'ਚ ਅਜਿਹੇ ਨਕਲੀ ਕਿਸਮ ਦੇ ਖਾਣ ਵਾਲੇ ਸਾਮਾਨ ਦੀ ਵਿਕਰੀ ਰੁਕਣ ਦੀ ਸੰਭਾਵਨਾ ਹੈ ਪਰ ਦੂਜੇ ਪਾਸੇ ਵੱਖ-ਵੱਖ ਪਿੰਡਾਂ ਦੇ ਸ਼ਹਿਰਾਂ ਅੰਦਰ ਵਿਕਣ ਵਾਲੇ ਦੁੱਧ ਅਤੇ ਦੁੱਧ ਤੋਂ ਤਿਆਰ ਹੋਣ ਵਾਲੇ ਹੋਰ ਪਦਾਰਥਾਂ 'ਚ ਵੀ ਮਿਲਾਵਟ ਦਾ ਮਾਮਲਾ ਅਣਗੌਲਿਆ ਪਿਆ ਹੈ।
ਖ਼ਾਸ ਤੌਰ 'ਤੇ ਖੋਆ ਤੇ ਮਠਿਆਈਆਂ ਦੀ ਗੁਣਵੱਤਾ ਸਬੰਧੀ ਲੋਕਾਂ ਨੂੰ ਕੋਈ ਸੰਤੁਸ਼ਟੀ ਨਹੀਂ ਹੈ। ਇਥੋ ਤੱਕ ਕਿ ਪਿਛਲੇ ਦਿਨੀਂ ਸੋਸ਼ਲ ਮੀਡੀਆ 'ਤੇ ਪਲਾਸਟਿਕ ਦੇ ਚੌਲ ਤਿਆਰ ਕੀਤੇ ਜਾਣ ਦੀ ਵੀਡੀਓ ਵਾਇਰਲ ਹੋਣ ਕਾਰਨ ਲੋਕ ਬਾਜ਼ਾਰਾਂ 'ਚੋਂ ਮਿਲਣ ਵਾਲੇ ਚੌਲਾਂ ਦੀ ਗੁਣਵੱਤਾ 'ਤੇ ਸ਼ੱਕ ਕਰ ਰਹੇ ਹਨ।
