ਚੋਰਾਂ ਨੇ 2 ਘਰਾਂ ਨੂੰ ਬਣਾਇਆ ਨਿਸ਼ਾਨਾ
Friday, Jan 26, 2018 - 01:20 AM (IST)
ਹੁਸ਼ਿਆਰਪੁਰ, (ਜ.ਬ.)- ਸ਼ਹਿਰ ਦੇ ਟਾਂਡਾ ਰੋਡ 'ਤੇ ਸਥਿਤ ਮੁਹੱਲਾ ਸ਼ਾਸਤਰੀ ਨਗਰ 'ਚ ਬੀਤੀ ਰਾਤ ਅਣਪਛਾਤੇ ਚੋਰਾਂ ਨੇ 2 ਘਰਾਂ ਨੂੰ ਨਿਸ਼ਾਨਾ ਬਣਾ ਕੇ ਚੋਰੀ ਨੂੰ ਅੰਜਾਮ ਦਿੱਤਾ। ਚੋਰੀ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਦਰ ਦੇ ਏ. ਐੱਸ. ਆਈ. ਸਤੀਸ਼ ਕੁਮਾਰ ਨੇ ਮੌਕੇ 'ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੀੜਤ ਰਾਜੇਸ਼ ਕੁਮਾਰ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਬੇਟਾ ਰੋਜ਼ਾਨਾ ਮੋਬਾਇਲ 'ਚ ਅਲਾਰਮ ਲਾ ਕੇ ਸੌਂਦਾ ਹੈ। ਅੱਜ ਸਵੇਰੇ ਅਲਾਰਮ ਨਹੀਂ ਵੱਜਿਆ ਤਾਂ ਉਸ ਨੇ ਮੋਬਾਇਲ ਲੱਭਣਾ ਸ਼ੁਰੂ ਕੀਤਾ ਪਰ ਮੋਬਾਇਲ ਉਸ ਨੂੰ ਨਹੀਂ ਮਿਲਿਆ। ਜਦੋਂ ਉਸ ਨੇ ਕਮਰੇ ਦੀ ਲਾਈਟ ਜਗਾ ਕੇ ਦੇਖਿਆ ਤਾਂ ਮੋਬਾਇਲ ਫੋਨ ਗਾਇਬ ਸੀ ਤੇ ਘਰ ਦੇ ਦਰਾਜ ਵਿਚ ਪਈ 20 ਹਜ਼ਾਰ ਦੀ ਨਕਦੀ ਵੀ ਨਹੀਂ ਮਿਲੀ। ਇਸੇ ਤਰ੍ਹਾਂ ਪੇਠੇ ਵਾਲੀ ਗਲੀ 'ਚ ਰਹਿਣ ਵਾਲੇ ਸੁਰੇਸ਼ ਨੇ ਪੁਲਸ ਨੂੰ ਦੱਸਿਆ ਕਿ ਸਵੇਰੇ ਜਦੋਂ ਉਹ ਉੱਠਿਆ ਤਾਂ ਦੇਖਿਆ ਕਿ ਉਸ ਦੀ ਪੈਂਟ ਦੀ ਜੇਬ 'ਚ ਰੱਖਿਆ ਪਰਸ ਗਾਇਬ ਸੀ ਅਤੇ ਉਸ ਦਾ ਮੋਬਾਇਲ ਫੋਨ ਵੀ ਚੋਰੀ ਕਰ ਲਿਆ ਗਿਆ। ਪੁਲਸ ਨੇ ਮਾਮਲਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
