ਚੋਰਾਂ ਨੇ ਸੇਵਾ ਕੇਂਦਰ ਨੂੰ ਬਣਾਇਆ ਨਿਸ਼ਾਨਾ, ਇਨਵਰਟਰ ਅਤੇ ਬੈਟਰੀਆਂ ਚੋਰੀ

04/17/2018 5:15:58 AM

ਵਲਟੋਹਾ/ਅਮਰਕੋਟ,   (ਜ. ਬ., ਸੰਦੀਪ, ਅਮਰਗੋਰ)-  ਸਰਹੱਦੀ ਥਾਣਾ ਵਲਟੋਹਾ 'ਚ ਚੋਰਾਂ ਨੇ ਇਕ ਹੋਰ ਚੋਰੀ ਦੀ ਘਟਨਾ ਨੂੰ ਅੰਜਾਮ ਦਿੰਦਿਆਂ ਸੇਵਾ ਕੇਂਦਰ ਦਾ ਤਾਲਾ ਤੋੜ ਕੇ ਇਨਵਰਟਰ ਤੇ ਬੈਟਰੀਆਂ ਚੋਰੀ ਕਰ ਲਈਆਂ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੇਵਾ ਕੇਂਦਰ 'ਚ ਤਾਇਨਾਤ ਆਪ੍ਰੇਟਰ ਬਾਵਾ ਸ਼ੰਕਰ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਜਦੋਂ ਸੇਵਾ ਕੇਂਦਰ ਵਿਖੇ ਸਫਾਈ ਕਰਮਚਾਰੀ ਸਵੇਰੇ ਪਹੁੰਚੀ ਤਾਂ ਵੇਖਿਆ ਕਿ ਦਰਵਾਜ਼ੇ ਦਾ ਤਾਲਾ ਟੁੱਟਾ ਹੋਇਆ ਸੀ, ਜਿਸ ਨੇ ਮੈਨੂੰ ਫੋਨ 'ਤੇ ਇਤਲਾਹ ਦਿੱਤੀ ਅਤੇ ਜਦੋਂ ਮੈਂ ਮੌਕੇ 'ਤੇ ਆ ਕੇ ਵੇਖਿਆ ਤਾਂ ਸੇਵਾ ਕੇਂਦਰ 'ਚ ਰੱਖਿਆ ਇਕ ਇਨਵਰਟਰ ਅਤੇ 6 ਬੈਟਰੀਆਂ ਚੋਰੀ ਹੋ ਚੁੱਕੀਆਂ ਸਨ। ਇਸ ਦੀ ਇਤਲਾਹ ਥਾਣਾ ਵਲਟੋਹਾ ਵਿਖੇ ਦੇ ਦਿੱਤੀ ਗਈ ਹੈ।
 ਜ਼ਿਕਰਯੋਗ ਹੈ ਕਿ ਥਾਣਾ ਵਲਟੋਹਾ ਦੀ ਹਦੂਦ 'ਚ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਦੇ ਕਾਰਨ ਚੋਰਾਂ ਤੇ ਸਮਾਜ ਵਿਰੋਧੀ ਅਨਸਰਾਂ ਦੇ ਹੌਸਲੇ ਹੋਰ ਬੁਲੰਦ ਹੋ ਰਹੇ ਹਨ, ਜਿਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ ਕਿਉਂਕਿ ਚੋਰ ਆਪਣਾ ਕੰਮ ਕਰ ਕੇ ਨਿਕਲ ਜਾਂਦੇ ਹਨ ਪਰ ਪੁਲਸ ਦੇ ਹੱਥ ਕੁਝ ਨਹੀਂ ਲੱਗਦਾ। ਕੁਝ ਦਿਨ ਪਹਿਲਾਂ ਹੀ ਅਜੇ ਕਸਬਾ ਅਮਰਕੋਟ 'ਚ ਚੋਰਾਂ ਨੇ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਹੁਣ ਵੀ ਲਗਾਤਾਰ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।  ਇਸ ਸਬੰਧੀ ਜਦੋਂ ਥਾਣਾ ਮੁਖੀ ਹਰਚੰਦ ਸਿੰਘ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਆਖਿਆ ਕਿ ਪੁਲਸ ਪੂਰੀ ਤਨਦੇਹੀ ਨਾਲ ਡਿਊਟੀ ਕਰ ਰਹੀ ਹੈ ਅਤੇ ਜਲਦੀ ਹੀ ਚੋਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਘਟਨਾਵਾਂ ਸਬੰਧੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।


Related News