ਚੋਰਾਂ ਨੇ ਘਰ ''ਚ ਲਾਈ ਸੰਨ੍ਹ, ਗਹਿਣੇ ਤੇ ਨਕਦੀ ਲੈ ਕੇ ਫਰਾਰ

11/21/2017 1:28:52 AM

ਪਠਾਨਕੋਟ, (ਸ਼ਾਰਦਾ)- ਸ਼ਹਿਰ 'ਚ ਚੋਰੀ ਦੀਆਂ ਘਟਨਾਵਾਂ ਦਾ ਗ੍ਰਾਫ ਇਕਦਮ ਵਧਣਾ ਸ਼ੁਰੂ ਹੋ ਗਿਆ ਹੈ ਅਤੇ ਚੋਰੀ ਤੇ ਸਨੇਚਿੰਗ ਦੀਆਂ ਘਟਨਾਵਾਂ 'ਤੇ ਨੱਥ ਪਾਉਣ ਲਈ ਪੁਲਸ ਵਿਭਾਗ ਪੂਰੀ ਤਰ੍ਹਾਂ ਨਾਲ ਅਸਫ਼ਲ ਸਾਬਿਤ ਹੋ ਰਿਹਾ ਹੈ, ਜਿਸ ਕਾਰਨ ਲੋਕਾਂ 'ਚ ਆਪਣੀ ਜਾਨ-ਮਾਲ ਦੀ ਸੁਰੱਖਿਆ ਨੂੰ ਲੈ ਕੇ ਡਰ ਦੀ ਸਥਿਤੀ ਪੈਦਾ ਹੋ ਗਈ ਹੈ।
ਇਸੇ ਕੜੀ ਦੇ ਤਹਿਤ ਅੱਜ ਚੋਰਾਂ ਵੱਲੋਂ ਫ੍ਰੈਂਡਜ਼ ਕਾਲੋਨੀ ਸਥਿਤ ਇਕ ਘਰ ਵਿਚ ਸੰਨ੍ਹ ਲਾ ਕੇ ਘਰ ਵਿਚ ਰੱਖੀ ਗਈ ਨਕਦੀ ਅਤੇ ਸੋਨੇ ਦੇ ਗਹਿਣਿਆਂ ਨਾਲ ਹੋਰ ਵੀ ਸਾਮਾਨ ਲੈ ਕੇ ਭੱਜਣ ਦੀ ਸੂਚਨਾ ਹੈ। ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਰਾਕੇਸ਼ ਕੁਮਾਰ ਪੁੱਤਰ ਸ਼ਰਣਦਾਸ ਵਾਸੀ ਫ੍ਰੈਂਡਜ਼ ਕਾਲੋਨੀ ਨੇ ਦੱਸਿਆ ਕਿ ਉਹ ਬੀਤੇ ਦਿਨ ਸੁਜਾਨਪੁਰ ਸਥਿਤ ਆਪਣੇ ਰਿਸ਼ਤੇਦਾਰ ਦੇ ਘਰ ਵਿਆਹ ਸਮਾਗਮ 'ਚ ਗਏ ਹੋਏ ਸਨ ਤੇ ਅੱਜ ਸਵੇਰੇ ਜਦੋਂ ਉਹ ਸਵਾ 10 ਵਜੇ ਦੇ ਕਰੀਬ ਘਰ ਪੁੱਜੇ ਤਾਂ ਜਿਵੇਂ ਹੀ ਉਨ੍ਹਾਂ ਮੇਨ ਦਰਵਾਜ਼ਾ ਖੋਲ੍ਹਿਆ ਤਾਂ ਉਨ੍ਹਾਂ ਦੇਖਿਆ ਕਿ ਘਰ ਦੇ ਸਾਰੇ ਕਮਰਿਆਂ ਦੇ ਦਰਵਾਜ਼ੇ ਖੁੱਲ੍ਹੇ ਹੋਏ ਅਤੇ ਸਾਮਾਨ ਖਿਲਰਿਆ ਪਿਆ ਸੀ। ਉਨ੍ਹਾਂ ਦੱਸਿਆ ਕਿ ਚੋਰੀ ਦੀ ਘਟਨਾ ਦੀ ਸੂਚਨਾ ਡਵੀਜ਼ਨ ਨੰ.2 ਦੀ ਪੁਲਸ ਨੂੰ ਲਿਖ਼ਤ ਰੂਪ ਵਿਚ ਦੇ ਦਿੱਤੀ ਗਈ ਹੈ। 
ਕੀ-ਕੀ ਸਾਮਾਨ ਹੋਇਆ ਚੋਰੀ
ਰਾਕੇਸ਼ ਕੁਮਾਰ ਨੇ ਦੱਸਿਆ ਕਿ ਚੋਰ ਉਨ੍ਹਾਂ ਦੇ ਘਰ ਵਿਚ ਰੱਖੇ ਸੋਨੇ ਦੇ ਗਹਿਣੇ, ਨਕਦੀ, ਘਰ 'ਚ ਲੱਗੀਆਂ ਟੂਟੀਆਂ, ਗੈਸ 'ਤੇ ਲੱਗੇ ਪਿੱਤਲ ਦੇ ਬਰਨਰ, ਇਕ ਇਨਵਰਟਰ ਅਤੇ ਉਨ੍ਹਾਂ ਵੱਲੋਂ ਵਿਆਹ ਲਈ ਆਪਣੇ ਪਰਿਵਾਰ ਦੇ ਲਈ ਖਰੀਦੇ ਗਏ ਨਵੇਂ ਕੱਪੜੇ ਵੀ ਚੋਰੀ ਕਰ ਲਏ ਗਏ।
ਦੇਰ ਨਾਲ ਪੁੱਜੀ ਪੁਲਸ
ਪੀੜਤ ਰਾਕੇਸ਼ ਕੁਮਾਰ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਸਵਾ 10 ਵਜੇ ਚੋਰੀ ਦੀ ਘਟਨਾ ਸਬੰਧੀ ਪਤਾ ਚੱਲਿਆ ਤਾਂ ਉਨ੍ਹਾਂ ਤੁਰੰਤ 10.30 ਵਜੇ ਪੁਲਸ ਨੂੰ ਸੂਚਿਤ ਕਰ ਦਿੱਤਾ ਪਰ ਸੂਚਨਾ ਮਿਲਣ ਦੇ ਬਾਅਦ ਵੀ ਪੁਲਸ ਨਹੀਂ ਪੁੱਜੀ। ਉਪਰੰਤ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਜਾਰੀ ਲੋਕਾਂ ਦੀ ਸਹੂਲਤ ਲਈ ਦਿੱਤੇ ਗਏ 181 ਨੰਬਰ 'ਤੇ ਸੂਚਨਾ ਦਿੱਤੀ ਗਈ, ਜਿਸ 'ਤੇ ਲਗਭਗ ਦੁਪਹਿਰ 2.13 ਵਜੇ 'ਤੇ ਪੁਲਸ ਪੁੱਜੀ ਅਤੇ ਸਥਿਤੀ ਦਾ ਜਾਇਜ਼ਾ ਲਿਆ।  ਦੂਜੇ ਪਾਸੇ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਮੌਕੇ 'ਤੇ ਪੁੱਜੇ ਏ. ਐੱਸ. ਆਈ. ਨੇ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮੁਲਜ਼ਮਾਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ। 


Related News