ਚੋਰਾਂ ਨੇ ਸੋਨੇ ਦੇ ਗਹਿਣਿਆਂ ਤੇ ਨਕਦੀ ''ਤੇ ਕੀਤਾ ਹੱਥ ਸਾਫ
Sunday, Aug 20, 2017 - 08:03 AM (IST)

ਲੋਹੀਆਂ ਖਾਸ, (ਮਨਜੀਤ)- ਸਥਾਨਕ ਸ਼ਹਿਰ ਵਿਚ ਪਿਛਲੇ ਦਿਨੀਂ ਇਕੋ ਰਾਤ ਦੋ ਥਾਈਂ ਹੋਈ ਚੋਰੀ ਦੀ ਪੁਲਸ ਕੋਲੋਂ ਗੁੱਥੀ ਸੁਲਝੀ ਨਹੀਂ ਕਿ ਚੋਰਾਂ ਨੇ ਪੁਲਸ ਨੂੰ ਟਿੱਚ ਜਾਣਦਿਆਂ ਇਕ ਵਾਰ ਫਿਰ ਇਕੋਂ ਰਾਤ ਵਿਚ ਨੇੜਲੇ ਪਿੰਡਾਂ ਕਰਾ ਰਾਮ ਸਿੰਘ ਤੇ ਮਾਣਕ ਵਿਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਦਿੱਤਾ।
ਜਾਣਕਾਰੀ ਦਿੰਦੇ ਹੋਏ ਬਲਜਿੰਦਰ ਕੌਰ ਪਤਨੀ ਜਸਵਿੰਦਰ ਸਿੰਘ ਵਾਸੀ ਪਿੰਡ ਕਰਾ ਰਾਮ ਸਿੰਘ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਨਾਲ ਘਰ ਦੇ ਵਿਹੜੇ ਵਿਚ ਸੁੱਤੀ ਪਈ ਸੀ। ਸਵੇਰੇ 6 ਵਜੇ ਦੇ ਕਰੀਬ ਜਦੋਂ ਮੈਂ ਉਠੀ ਤਾਂ ਦੇਖਿਆ ਕਿ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਪਿਆ ਸੀ ਅਤੇ ਅੰਦਰ ਪਈ ਅਲਮਾਰੀ ਦਾ ਸਾਮਾਨ ਖਿਲਰਿਆ ਪਿਆ ਸੀ ਅਤੇ 2 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਅਤੇ 27 ਹਜ਼ਾਰ ਦੀ ਨਕਦੀ ਗਾਇਬ ਸੀ, ਜਿਸ ਦੀ ਸਥਾਨਕ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ।
ਇਸੇ ਤਰ੍ਹਾਂ ਪਿੰਡ ਮਾਣਕ ਦੇ ਵਸਨੀਕ ਮਨਜੀਤ ਸਿੰਘ ਪੁੱਤਰ ਮੋਹਣ ਸਿੰਘ ਨੇ ਦੱਸਿਆ ਉਸ ਦਾ ਸਾਰਾ ਪਰਿਵਾਰ ਘਰ ਦੀ ਛੱਤ ਤੇ ਸੁੱਤਾ ਪਿਆ ਸੀ, ਜਦੋਂ ਅਸੀਂ ਸਵੇਰੇ ਉੱਠ ਕਿ ਥੱਲੇ ਆਏ ਤਾਂ ਦੇਖਿਆ ਕਿ ਕਮਰੇ ਦੇ ਦਰਵਾਜ਼ੇ ਖੁੱਲ੍ਹੇ ਪਏ ਸੀ ਤੇ ਅਲਮਾਰੀ ਦਾ ਸਾਮਾਨ ਖਿਲਰਿਆ ਪਿਆ ਸੀ ਅਤੇ ਅਲਮਾਰੀ 'ਚੋਂ ਇਕ ਲੇਡੀਜ਼ ਪਰਸ ਚੋਰੀ ਸੀ, ਜਿਸ ਵਿਚ 1400 ਦੀ ਨਕਦੀ ਤੇ ਹੋਰ ਜ਼ਰੂਰੀ ਸਾਮਾਨ ਸੀ, ਜਿਸ ਬਾਰੇ ਸਥਾਨਕ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ। ਸਥਾਨਕ ਥਾਣੇ ਦੀ ਪੁਲਸ ਨੇ ਦੋਵਾਂ ਘਟਨਾ ਸਥਾਨਾਂ 'ਤੇ ਜਾ ਕੇ ਮੌਕਾ ਦੇਖਣ ਉਪਰੰਤ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਆਦਮਪੁਰ, (ਕਮਲਜੀਤ, ਅਰੋੜਾ)-ਪਿੰਡ ਭਗਵਾਨਪੁਰ ਵਿਚ ਚੋਰਾਂ ਵਲੋਂ ਘਰ ਅੰਦਰ ਦਾਖਲ ਹੋ ਕੇ ਅਲਮਾਰੀ ਵਿਚੋਂ ਨਕਦੀ ਅਤੇ ਗਹਿਣੇ ਚੋਰੀ ਕਰ ਲੈਣ ਦਾ ਸਮਾਚਾਰ ਹੈ। ਇਸ ਸਬੰਧੀ ਘਟਨਾ ਦੀ ਸ਼ਿਕਾਰ ਪ੍ਰਵੀਨ ਕੁਮਾਰੀ ਪਤਨੀ ਰਣਜੀਤ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਮਾਤਾ-ਪਿਤਾ ਦੇ ਘਰ 7 ਵਜੇ ਸ਼ਾਮ ਨੂੰ ਗਈ, ਜਦ ਵਾਪਸ 10 ਵਜੇ ਰਾਤ ਮੁੜ ਕੇ ਆਈ ਤਾਂ ਪੌੜੀਆਂ ਦਾ ਦਰਵਾਜ਼ਾ ਖੁੱਲ੍ਹਾ ਮਿਲਿਆ ਅਤੇ ਘਰ ਦੀ ਅਲਮਾਰੀ ਦੇ ਲਾਕਰ ਵਿਚੋਂ 6000 ਦੇ ਕਰੀਬ ਦੀ ਨਕਦੀ ਅਤੇ 5 ਸੋਨੇ ਦੀਆਂ ਮੁੰਦਰੀਆਂ (4 ਲੇਡੀਜ਼ ਅਤੇ ਇਕ ਜੈਂਟਸ) ਕਰੀਬ 16 ਗ੍ਰਾਮ ਸੋਨਾ ਚੋਰਾਂ ਨੇ ਚੋਰੀ ਕਰ ਲਿਆ। ਪੀੜਤ ਪਰਿਵਾਰ ਨੇ ਪੁਲਸ ਨੂੰ ਦਿੱਤੀ ਸੂਚਨਾ ਵਿਚ ਕਿਹਾ ਕਿ ਉਨ੍ਹਾਂ ਨੂੰ ਪਿੰਡ ਦੇ ਹੀ ਇਕ ਵਿਅਕਤੀ 'ਤੇ ਚੋਰੀ ਕਰਨ ਦਾ ਸ਼ੱਕ ਹੈ। ਪੁਲਸ ਦਿੱਤੀ ਹੋਈ ਸ਼ਿਕਾਇਤ 'ਤੇ ਆਪਣੀ ਕਾਰਵਾਈ ਕਰ ਰਹੀ ਹੈ।