ਅਧਿਆਪਕ ਯੂਨੀਅਨ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸਿੱਖਿਆ ਅਫਸਰ (ਐੱਸ) ਦੇ ਦਫਤਰ ''ਚ ਦਿੱਤਾ ਧਰਨਾ

Thursday, Mar 01, 2018 - 01:26 AM (IST)

ਅਧਿਆਪਕ ਯੂਨੀਅਨ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸਿੱਖਿਆ ਅਫਸਰ (ਐੱਸ) ਦੇ ਦਫਤਰ ''ਚ ਦਿੱਤਾ ਧਰਨਾ

ਸੰਗਰੂਰ, (ਵਿਵੇਕ ਸਿੰਧਵਾਨੀ, ਯਾਦਵਿੰਦਰ)- ਐੱਸ. ਸੀ. ਬੀ. ਸੀ. ਅਧਿਆਪਕ ਯੂਨੀਅਨ ਸੰਗਰੂਰ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸਿੱਖਿਆ ਅਫਸਰ (ਐੱਸ.) ਦੇ ਦਫਤਰ 'ਚ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਸੌਦਾਗਰ ਸਿੰਘ ਨੇ ਦੱਸਿਆ ਕਿ ਜ਼ਿਲਾ ਸੰਗਰੂਰ ਅੰਦਰ ਪਿਛਲੇ ਸਮੇਂ ਤੋਂ ਜੇ. ਬੀ. ਟੀ. ਤੋਂ ਹੈੱਡ ਟੀਚਰ ਦੀਆਂ ਕੀਤੀਆਂ ਗਲਤ ਉੱਨਤੀਆਂ ਨੂੰ ਐੱਸ. ਸੀ. ਬੀ. ਸੀ. ਵਰਗ ਵੱਲੋਂ ਚੈਲੇਂਜ ਕੀਤਾ ਗਿਆ ਸੀ ਅਤੇ ਨੈਸ਼ਨਲ ਅਨੁਸੂਚਿਤ ਜਾਤੀ ਕਮਿਸ਼ਨ ਨੇ ਐੱਸ. ਸੀ. ਵਰਗ ਨਾਲ ਹੋਏ ਧੱਕੇ ਦੀ ਪੁਸ਼ਟੀ ਕਰਦੇ ਹੋਏ 42 ਹੈੱਡ ਟੀਚਰ ਬੈਕਲਾਮ ਤੁਰੰਤ ਭਰਨ ਦਾ ਹੁਕਮ ਦਿੱਤਾ ਸੀ ਪਰ ਇਕ ਸਾਲ ਬਾਅਦ ਵੀ. ਡੀ. ਈ. ਓ. ਸੰਗਰੂਰ ਨੇ ਕੋਈ ਕਾਰਵਾਈ ਨਹੀਂ ਕੀਤੀ। ਹੁਣ ਭਲਾਈ ਵਿਭਾਗ ਪੰਜਾਬ ਸਰਕਾਰ ਦੇ ਸਕੱਤਰ ਪੱਧਰ 'ਤੇ ਪ੍ਰਮੋਸ਼ਨਾਂ 'ਚ ਹੋਏ ਧੱਕੇ ਦੀ ਨਜ਼ਰਸਾਨੀ ਕਰਦੇ ਹੋਏ ਸਾਰਾ ਰਿਕਾਰਡ ਵਾਚਿਆ ਅਤੇ ਮਿਤੀ 20 ਫਰਵਰੀ ਨੂੰ ਸਰਕਾਰੀ ਪੱਤਰ ਜਾਰੀ ਕਰਦੇ ਹੋਏ ਬੈਕਲਾਗ ਐੱਸ. ਸੀ. ਹੈੱਡ ਟੀਚਰ ਦੀਆਂ 42 ਪੋਸਟਾਂ ਤੁਰੰਤ ਭਰਨ ਦਾ ਹੁਕਮ ਦਿੱਤਾ। ਡੀ. ਪੀ. ਆਈ. ਅਤੇ ਸਕੱਤਰ ਸਿੱਖਿਆ ਵਿਭਾਗ ਪੰਜਾਬ ਦੀਆਂ ਲਿਖਤੀ ਹਦਾਇਤਾਂ ਦੀ ਹੁਣ ਪ੍ਰਵਾਹ ਨਹੀਂ ਕੀਤੀ। ਕ੍ਰਿਸ਼ਨ ਸਿੰਘ ਦੁੱਗਾਂ ਸੂਬਾ ਮੀਤ ਪ੍ਰਧਾਨ ਨੇ ਕਿਹਾ ਕਿ ਡੀ. ਈ. ਓ. ਜਾਣ-ਬੁੱਝ ਕੇ ਜਨਰਲ ਵਰਗ ਵਿਸ਼ੇਸ਼ ਦਾ ਹੱਕ ਪੂਰਾ ਕਰ ਕੇ ਸਾਡੇ ਹੱਕਾਂ ਦੀ ਅਣਦੇਖੀ ਕਰ ਰਿਹਾ ਹੈ। ਅਜਿਹਾ ਕਦੇ ਵੀ ਸਹਿਣ ਨਹੀਂ ਕੀਤਾ ਜਾਵੇਗਾ।
ਗੁਰਪ੍ਰੀਤ ਸਿੰਘ ਜ਼ਿਲਾ ਜਨਰਲ ਸਕੱਤਰ ਪਟਿਆਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਨੁਸੂਚਿਤ ਵਰਗ ਦੀ ਬੈਕਲਾਮ ਪੋਸਟਾਂ ਭਰਵਾਉਣ ਲਈ ਜੇਲ ਭਰੋ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਜ਼ਿਲਾ ਪ੍ਰਧਾਨ ਸੰਗਰੂਰ ਗੁਰਸੇਵਕ ਸਿੰਘ ਨੇ ਕਿਹਾ ਕਿ ਡੀ. ਈ. ਓ . ਜਾਣ-ਬੁੱਝ ਕੇ ਅਨੁਸੂਚਿਤ ਜਾਤੀ ਵਰਗ ਦੇ ਅਧਿਆਪਕਾਂ ਨੂੰ ਹੈਰਾਨ ਕਰ ਰਹੀ ਹੈ ਅਤੇ ਕੋਈ ਵੀ ਬੈਠ ਕੇ ਗੱਲ ਕਰਨ ਨੂੰ ਤਿਆਰ ਨਹੀਂ ਹੈ। ਵਿਕਰਮਜੀਤ ਸਿੰਘ ਪਟਿਆਲਾ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਹੱਕੀ ਮੰਗਾਂ ਲੈਣ ਲਈ ਇਕਜੁੱਟ ਹੋਣ ਦੀ ਲੋੜ ਹੈ। ਜ਼ਿਲਾ ਜਨਰਲ ਸਕੱਤਰ ਸੰਗਰੂਰ ਸ਼ਮਸ਼ੇਰ ਸਿੰਘ ਦਿੜ੍ਹਬਾ ਅਤੇ ਸਰਪ੍ਰਸਤ ਬਹਾਦਰ ਸਿੰਘ ਨੇ ਕਿਹਾ ਕਿ ਅਜਿਹਾ ਸਭ ਕੁਝ ਸੋਚੀ-ਸਮਝੀ ਸਾਜ਼ਿਸ਼ ਤਹਿਤ ਮੂਲ ਵਾਸੀਆਂ ਨਾਲ ਧੱਕੇਸ਼ਾਹੀ ਹੋ ਰਹੀ ਹੈ। ਇਸ ਦੌਰਾਨ ਕਰਦਿਆਂ ਕੁਲਵੰਤ ਸਿੰਘ, ਕਮਲਜੀਤ ਸਿੰਘ, ਸੁਖਵਿੰਦਰ, ਤੇਜਿੰਦਰ, ਗੁਰਦੇਵ ਸਿੰਘ, ਕੁਲਵਿੰਦਰ ਸਿੰਘ, ਨਰਿੰਦਰ ਸਿੰਘ ਸੰਗਰੂਰ, ਸੰਜੀਵ ਲਹਿਰਾ ਆਦਿ ਆਗੂ ਹਾਜ਼ਰ ਸਨ। 


Related News