ਅੱਜ ਮਹਾਂ ਪੰਚਾਇਤ ਦੀ ਸਫਲਤਾ ਲਈ ਕਿਸਾਨਾਂ ਤੇ ਆੜ੍ਹਤੀਆਂ ਨੇ ਦਿੱਤਾ ਸਾਂਝਾ ਹੋਕਾ
Wednesday, Feb 10, 2021 - 10:55 PM (IST)
ਬਾਘਾ ਪੁਰਾਣਾ, (ਚਟਾਨੀ)- ਕਿਸਾਨੀ ਦੇ ਹੱਕ ’ਚ ਦੇਸ਼ ਭਰ ਵਿਚ ਹੋ ਰਹੀਆਂ ਮਹਾਂ ਪੰਚਾਇਤਾਂ ਦੀ ਲੜੀ ਵਿਚ ਪੰਜਾਬ ਦਾ ਨਾਮ ਵੀ ਵੱਡੇ ਪੱਧਰ ਉਪਰ ਜੋੜਨ ਲਈ ਪੰਜਾਬ ਦਾ ਹਰੇਕ ਵਰਗ ਹੁਣ ਪੱਬਾਂ ਭਾਰ ਹੋ ਗਿਆ ਹੈ। ਪੰਜਾਬ ਵੱਲੋਂ 11 ਫਰਵਰੀ ਨੂੰ ਜਗਰਾਉਂ ਦੀ ਦਾਣਾ ਮੰਡੀ ਵਿਚ ਸਵੇਰੇ 10 ਵਜੇ ਆੜ੍ਹਤੀਆ ਅਤੇ ਕਿਸਾਨਾਂ ਨੇ ਸੂਬੇ ਦੇ ਹਰ ਵਰਗ ਨੂੰ ਇਸ ਵਿਚ ਸ਼ਮੂਲੀਅਤ ਦੀ ਅਪੀਲ ਕੀਤੀ ਹੈ। ਆੜ੍ਹਤੀ ਐਸੋ. ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸਿੰਘ ਬਰਾੜ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਅੰਨ੍ਹੀ ਅਤੇ ਬੋਲੀ ਸਰਕਾਰ ਨੂੰ ਜਗਾਉਣ ਲਈ ਸਰਬ ਸਮਾਜ ਮਹਾਂ ਪੰਚਾਇਤ ਦੇ ਬੈਨਰ ਹੇਠ ਹੋ ਰਹੇ ਇਸ ਭਰਵੇਂ ਇਕੱਠ ਨੂੰ ਸੰਯੁਕਤ ਮੋਰਚੇ ਦੇ ਮੋਹਰੀ ਨੇਤਾਵਾਂ ਬਲਬੀਰ ਸਿੰਘ ਰਾਜੇਵਾਲ, ਡਾ. ਦਰਸ਼ਨ ਪਾਲ, ਜਗਜੀਤ ਸਿੰਘ ਡੱਲਾ, ਨਿਰਭੈ ਸਿੰਘ ਢੁੱਡੀਕੇ, ਕੁਲਵੰਤ ਸਿੰਘ ਸੰਧੂ, ਬੂਟਾ ਸਿੰਘ ਬੁਰਜ ਗਿੱਲ ਆਦਿ ਹੁਰਾਂ ਵੱਲੋਂ ਸੰਬੋਧਨ ਕੀਤਾ ਜਾਣਾ ਹੈ। ਕਿਸਾਨ ਨੇਤਾਵਾਂ ਅਤੇ ਆੜ੍ਹਤੀ ਵਰਗ ਨੇ ਪੰਜਾਬ ਭਰ ਦੇ ਇਕ-ਇਕ ਵਰਗ ਅਤੇ ਇਕ-ਇਕ ਪਰਿਵਾਰ ਨੂੰ ਹਲੂਣਦਿਆਂ ਅਪੀਲ ਕੀਤੀ ਹੈ ਕਿ ਦਿੱਲੀ ਦੇ ਜਨ ਅੰਦੋਲਨ ਅੰਦਰ ਜਿੱਤ ਪ੍ਰਾਪਤ ਕਰਨ ਲਈ ਤੁਹਾਡੀ ਸਭ ਦੀ ਹਾਜ਼ਰੀ ਜ਼ਰੂਰੀ ਹੈ ।