ਛੋਟੇ ਸ਼ਹਿਰਾਂ 'ਚ ਨਵੇਂ ਅਰਬਨ ਅਸਟੇਟ ਵਿਕਸਤ ਕਰੇਗੀ ਸੂਬਾ ਸਰਕਾਰ, ਮੰਤਰੀ ਅਮਨ ਅਰੋੜਾ ਨੇ ਦਿੱਤੇ ਇਹ ਨਿਰਦੇਸ਼

Wednesday, Feb 15, 2023 - 08:20 PM (IST)

ਚੰਡੀਗੜ੍ਹ : ਸੂਬੇ ਦੇ ਸ਼ਹਿਰੀ ਖੇਤਰਾਂ ਵਿੱਚ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਯੋਜਨਾਬੱਧ ਵਿਕਾਸ ਨੂੰ ਯਕੀਨੀ ਬਣਾਉਣ ਵਾਸਤੇ ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਨੇ ਸਬੰਧਤ ਅਧਿਕਾਰੀਆਂ ਨੂੰ ਛੋਟੇ ਸ਼ਹਿਰਾਂ ਵਿੱਚ ਨਵੀਆਂ ਅਰਬਨ ਅਸਟੇਟ ਵਿਕਸਤ ਕਰਨ ਲਈ ਜ਼ਮੀਨਾਂ ਦੀ ਸ਼ਨਾਖ਼ਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਮਨਜ਼ੂਰਸ਼ੁਦਾ ਕਾਲੋਨੀਆਂ ਵਿੱਚ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਜਾਇਜ਼ਾ ਲੈਣ ਵਾਸਤੇ ਟੀਮਾਂ ਭੇਜਣ ਲਈ ਵੀ ਕਿਹਾ।

ਇਹ ਵੀ ਪੜ੍ਹੋ : ਮਾਤਮ ’ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਫਾਇਰ ਕਰਨ ਤੋਂ ਰੋਕਣ 'ਤੇ ਲਾੜੇ ਦੇ ਜੀਜੇ ਨੂੰ ਵੱਜੀ ਗੋਲ਼ੀ

ਅਮਨ ਅਰੋੜਾ ਨੇ ਪੁੱਡਾ ਭਵਨ ਵਿਖੇ ਗਰੇਟਰ ਲੁਧਿਆਣਾ ਏਰੀਆ ਡਿਵੈੱਲਪਮੈਂਟ ਅਥਾਰਟੀ (ਗਲਾਡਾ), ਪਟਿਆਲਾ ਵਿਕਾਸ ਅਥਾਰਟੀ (ਪੀ.ਡੀ.ਏ.) ਅਤੇ ਬਠਿੰਡਾ ਵਿਕਾਸ ਅਥਾਰਟੀ (ਬੀ.ਡੀ.ਏ.) ਦੇ ਪ੍ਰਗਤੀ ਅਧੀਨ ਵਿਕਾਸ ਪ੍ਰਾਜੈਕਟਾਂ ਅਤੇ ਹੋਰ ਮਹੱਤਵਪੂਰਨ ਕੰਮਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਰੱਖੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਗ਼ੈਰ-ਕਾਨੂੰਨੀ ਕਾਲੋਨੀਆਂ ਅਤੇ ਅਣਅਧਿਕਾਰਤ ਉਸਾਰੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਪਹਿਲੀ ਤਰਜੀਹ ਸ਼ਹਿਰੀ ਖੇਤਰਾਂ ਵਿੱਚ ਯੋਜਨਾਬੱਧ ਰਿਹਾਇਸ਼ੀ, ਉਦਯੋਗਿਕ ਅਤੇ ਵਪਾਰਕ ਵਿਕਾਸ ਯਕੀਨੀ ਬਣਾਉਣਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਵਿਕਾਸ ਕਾਰਜ ਕਰਵਾਉਣ ਲਈ ਰੈਜ਼ੀਡੈਂਟਜ਼ ਵੈੱਲਫੇਅਰ ਐਸੋਸੀਏਸ਼ਨਾਂ (ਆਰ.ਡਬਲਿਊ.ਏਜ਼) ਨਾਲ ਮੀਟਿੰਗਾਂ ਕਰਨ ਤਾਂ ਜੋ ਮਨਜ਼ੂਰਸ਼ੁਦਾ ਕਾਲੋਨੀਆਂ ਦੇ ਵਸਨੀਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।

PunjabKesari

ਪ੍ਰਮੁੱਖ ਸਕੱਤਰ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਸ੍ਰੀ ਅਜੋਏ ਕੁਮਾਰ ਸਿਨਹਾ ਅਤੇ ਮੁੱਖ ਪ੍ਰਸ਼ਾਸਕ ਪੁੱਡਾ ਅਪਨੀਤ ਰਿਆਤ ਨਾਲ ਗਲਾਡਾ ਦੇ ਚੱਲ ਰਹੇ ਪ੍ਰਾਜੈਕਟਾਂ ਦੀ ਸਮੀਖਿਆ ਕਰਦਿਆਂ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਨੇ ਮੁੱਖ ਪ੍ਰਸ਼ਾਸਕ ਗਲਾਡਾ ਅਮਰਪ੍ਰੀਤ ਕੌਰ ਸੰਧੂ ਨੂੰ ਸਾਰੇ ਪ੍ਰਗਤੀ ਅਧੀਨ ਪ੍ਰਾਜੈਕਟਾਂ ਨੂੰ ਨਿਰਧਾਰਤ ਸਮੇਂ ਵਿੱਚ ਨੇਪਰੇ ਚਾੜ੍ਹਨ ਲਈ ਕਿਹਾ। ਉਨ੍ਹਾਂ ਨੇ ਦੁੱਗਰੀ ਅਰਬਨ ਅਸਟੇਟ ਨੇੜੇ 200 ਫੁੱਟ ਚੌੜੀ ਸੜਕ, ਜੋ ਲੁਧਿਆਣਾ ਸ਼ਹਿਰ ਨੂੰ ਮੁੱਖ ਸੰਪਰਕ ਪ੍ਰਦਾਨ ਕਰਦੀ ਹੈ, ਦੇ ਕੰਮ ਨੂੰ ਜਲਦ ਤੋਂ ਜਲਦ ਮੁਕੰਮਲ ਕਰਵਾਉਣ ਦੇ ਨਿਰਦੇਸ਼ ਵੀ ਦਿੱਤੇ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ, 10 ਜ਼ਿਲ੍ਹਿਆਂ ਦੇ SSP's ਬਦਲੇ, ਜਾਣੋ ਪੂਰੀ ਸੂਚੀ

ਮੁੱਖ ਪ੍ਰਸ਼ਾਸਕ ਨੇ ਕੈਬਨਿਟ ਮੰਤਰੀ ਨੂੰ ਦੱਸਿਆ ਕਿ ਅਥਾਰਟੀ ਨੇ ਦੁੱਗਰੀ ਅਰਬਨ ਅਸਟੇਟ ਨੇੜੇ 200 ਫੁੱਟ ਚੌੜੀ ਸੜਕ ਦੇ ਨਿਰਮਾਣ ਲਈ ਪਹਿਲਾਂ ਹੀ ਟੈਂਡਰ ਜਾਰੀ ਕਰ ਦਿੱਤੇ ਹਨ ਅਤੇ ਇਸ ਮਾਰਗ 'ਤੇ ਸ਼ਹਿਰ ਦੀ ਟਰੈਫਿਕ ਦੀ ਸਮੱਸਿਆ ਦੇ ਹੱਲ ਲਈ ਧੂਰੀ ਲਾਈਨ 'ਤੇ ਆਰ.ਓ.ਬੀ. ਦੀ ਉਸਾਰੀ ਲਈ ਡਿਜ਼ਾਈਨ ਵੀ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗਲਾਡਾ ਵੱਲੋਂ ਸੈਕਟਰ-32 ਵਿੱਚ ਕਮਿਊਨਿਟੀ ਕਲੱਬ ਅਤੇ ਸੈਕਟਰ-32-ਏ ਵਿੱਚ ਸਿਹਤ ਕੇਂਦਰ ਦਾ ਨਿਰਮਾਣ ਇਸ ਜੂਨ ਦੇ ਅੰਤ ਤੱਕ ਮੁਕੰਮਲ ਕਰ ਲਿਆ ਜਾਵੇਗਾ।
PunjabKesari

ਮੁੱਖ ਪ੍ਰਸ਼ਾਸਕ ਪੀ.ਡੀ.ਏ. ਅਤੇ ਬੀ.ਡੀ.ਏ. ਗੌਤਮ ਜੈਨ ਨੇ ਕੈਬਨਿਟ ਮੰਤਰੀ ਨੂੰ ਵਿਕਾਸ ਅਥਾਰਟੀਆਂ ਦੀ ਵਿੱਤੀ ਸਥਿਤੀ ਬਾਰੇ ਜਾਣੂੰ ਕਰਵਾਇਆ ਅਤੇ ਮਾਲੀਆ ਵਧਾਉਣ ਲਈ ਚੁੱਕੇ ਜਾ ਰਹੇ ਕਦਮਾਂ ਦੇ ਵੇਰਵੇ ਵੀ ਸਾਂਝੇ ਕਰਨ ਦੇ ਨਾਲ ਨਾਲ ਜਾਇਦਾਦਾਂ ਦੀਆਂ ਆਗਾਮੀ ਨਿਲਾਮੀਆਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਰੈਗੂਲਰਾਈਜ਼ੇਸ਼ਨ ਲਈ ਆਏ ਕੇਸਾਂ ਦੀ ਸਥਿਤੀ ਅਤੇ ਇਨ੍ਹਾਂ ਦੋਵੇਂ ਵਿਕਾਸ ਅਥਾਰਟੀਆਂ ਦੀ ਨਵੇਂ ਪ੍ਰਾਜੈਕਟਾਂ ਸਬੰਧੀ ਯੋਜਨਾ ਬਾਰੇ ਵੀ ਜਾਣਕਾਰੀ ਦਿੱਤੀ।


Mandeep Singh

Content Editor

Related News