108 ਤੋਂ ਵੱਧ ਔਰਤਾਂ ਮੰਚ ’ਤੇ ਉਤਾਰਨਗੀਆਂ ''ਰਾਮਾਇਣ'', AI ਡਿਜੀਟਲ ਤਕਨੀਕ ਨਾਲ ਹੋਵੇਗਾ ਮੰਚਨ

Tuesday, Oct 06, 2026 - 04:00 PM (IST)

108 ਤੋਂ ਵੱਧ ਔਰਤਾਂ ਮੰਚ ’ਤੇ ਉਤਾਰਨਗੀਆਂ ''ਰਾਮਾਇਣ'', AI ਡਿਜੀਟਲ ਤਕਨੀਕ ਨਾਲ ਹੋਵੇਗਾ ਮੰਚਨ

ਚੰਡੀਗੜ੍ਹ (ਵੈੱਬ ਡੈਸਕ, ਅੰਕੁਸ਼, ਅੰਕੁਰ) : ਇੱਕ ਪਾਸੇ 6 ਮਹੀਨੇ ਦੀ ਨੰਨ੍ਹੀ ਧੀ ਅਤੇ ਦੂਜੇ ਪਾਸੇ 83 ਸਾਲ ਦੀ ਦਾਦੀ। ਇਨ੍ਹਾਂ ਦੇ ਵਿਚਕਾਰ ਵਿਦਿਆਰਥਣਾਂ, ਗ੍ਰਹਿਣੀਆਂ, ਅਧਿਆਪਕਾਂ, ਸੀਏ, ਵਕੀਲਾਂ, ਆਈਟੀ ਪ੍ਰੋਫੈਸ਼ਨਲਜ਼, ਕਾਰੋਬਾਰੀ, ਰੀਅਲ ਅਸਟੇਟ ਨਾਲ ਜੁੜੀਆਂ ਔਰਤਾਂ, ਨੌਕਰੀਪੇਸ਼ਾ ਅਤੇ ਰਿਟਾਇਰਡ ਮਹਿਲਾਵਾਂ। ਉਮਰ ਅਤੇ ਪੇਸ਼ੇ ਦੀਆਂ ਹੱਦਾਂ ਟੁੱਟਣਗੀਆਂ ਅਤੇ 108 ਤੋਂ ਵੱਧ ਭੈਣਾਂ-ਧੀਆਂ ਇੱਕੋ ਮੰਚ ’ਤੇ ਰਾਮਾਇਣ ਦੇ ਵੱਖ-ਵੱਖ ਪਾਤਰਾਂ ਨੂੰ ਜੀਵੰਤ ਕਰਨਗੀਆਂ। ਮਹਿਲਾ ਸਸ਼ਕਤੀਕਰਨ ਅਤੇ ਸਨਾਤਨ ਸੱਭਿਆਚਾਰ ਦਾ ਇਹ ਅਨੋਖਾ ਸੰਗਮ 11 ਤੋਂ 20 ਅਕਤੂਬਰ ਤੱਕ ਚਿਨਾਰ ਹੋਮਜ਼, ਪੀਰਮੁਛੱਲਾ ਵਿੱਚ ਵੇਖਣ ਨੂੰ ਮਿਲੇਗਾ। ਸੰਸਥਾ ‘ਜੜ੍ਹਾਂ ਨਾਲ ਜੁੜੋ’ ਵੱਲੋਂ ਕਰਵਾਈ ਜਾ ਰਹੀ ਵਿਸ਼ਵ ਦੀ ਪਹਿਲੀ ਡਿਜੀਟਲ ਮਹਿਲਾ ਰਾਮਲੀਲਾ ਦਾ ਇਹ ਪੰਜਵਾਂ ਮੰਚਨ ਹੋਵੇਗਾ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਇਸ ਦਾ ਉਦਘਾਟਨ ਕਰਨਗੇ। ਸਮਾਗਮ ਦਾ ਪੋਸਟਰ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਜਾਰੀ ਕੀਤਾ ਗਿਆ।
2022 ਵਿੱਚ ਸ਼ੁਰੂ ਹੋਈ ਪਹਿਲ ਹੁਣ ਪੰਜਵੇਂ ਪੜਾਅ ’ਤੇ 
2022 ਤੋਂ ਲਗਾਤਾਰ ਕਰਵਾਈ ਜਾ ਰਹੀ ਇਹ ਮਹਿਲਾ ਰਾਮਲੀਲਾ ਹੁਣ ਆਪਣੇ ਪੰਜਵੇਂ ਮੰਚਨ ਤੱਕ ਪਹੁੰਚ ਚੁੱਕੀ ਹੈ। ਪ੍ਰਬੰਧਕਾਂ ਮੁਤਾਬਕ ਪਿਛਲੇ ਸਾਲਾਂ ਦੌਰਾਨ ਸਿੱਧੇ ਅਤੇ ਡਿਜੀਟਲ ਮਾਧਿਅਮਾਂ ਰਾਹੀਂ ਇਸ ਨੂੰ ਲੱਖਾਂ ਦਰਸ਼ਕਾਂ ਦਾ ਪਿਆਰ ਮਿਲਿਆ ਹੈ। ਇਸ ਵਾਰ ਰਾਮਾਇਣ ਦੀ ਪੇਸ਼ਕਾਰੀ ਵਿੱਚ ਏ. ਆਈ., ਡਿਜੀਟਲ ਤਕਨੀਕ, ਆਧੁਨਿਕ ਲਾਈਟਿੰਗ, ਸਾਊਂਡ ਅਤੇ ਵਿਸ਼ੇਸ਼ ਡਿਜੀਟਲ ਪ੍ਰਭਾਵਾਂ ਦੀ ਵਰਤੋਂ ਕੀਤੀ ਜਾਵੇਗੀ। ਉਦੇਸ਼ ਪਰੰਪਰਾ ਨੂੰ ਆਧੁਨਿਕ ਤਕਨੀਕ ਨਾਲ ਜੋੜ ਕੇ ਨਵੀਂ ਪੀੜ੍ਹੀ ਤੱਕ ਰਾਮਾਇਣ ਦਾ ਸੰਦੇਸ਼ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣਾ ਹੈ।
ਮੰਚ ’ਤੇ ਦਿਖੇਗਾ ਸਮਾਜ ਦਾ ਹਰ ਰੰਗ
ਰਾਮਲੀਲਾ ਦੀ ਖਾਸੀਅਤ ਸਿਰਫ਼ ਇਹ ਨਹੀਂ ਕਿ ਸਾਰੇ ਪਾਤਰ ਔਰਤਾਂ ਨਿਭਾਉਣਗੀਆਂ। ਇਸ ਵਿੱਚ ਸਮਾਜ ਦੇ ਵੱਖ-ਵੱਖ ਵਰਗਾਂ ਦੀ ਭਾਗੀਦਾਰੀ ਵੀ ਹੋਵੇਗੀ। ਬਾਲਿਕਾਵਾਂ, ਗ੍ਰਹਿਣੀਆਂ, ਵਿਦਿਆਰਥਣਾਂ, ਅਧਿਆਪਕਾਂ, ਨੌਕਰੀਪੇਸ਼ਾ ਔਰਤਾਂ, ਕਾਰੋਬਾਰੀ, ਰੀਅਲ ਅਸਟੇਟ ਨਾਲ ਜੁੜੀਆਂ ਮਹਿਲਾਵਾਂ, ਸੀਏ, ਆਈਟੀ ਮਾਹਿਰ, ਰਿਟਾਇਰਡ ਮਹਿਲਾਵਾਂ, ਵਕੀਲ ਅਤੇ ਨਾਨੀਆਂ-ਦਾਦੀਆਂ ਇਸ ਪੇਸ਼ਕਾਰੀ ਦਾ ਹਿੱਸਾ ਬਣਨਗੀਆਂ। ਦਿਵਿਆਂਗ ਧੀਆਂ ਅਤੇ ਐਸਿਡ ਅਟੈਕ ਸਰਵਾਈਵਰਜ਼ ਨੂੰ ਵੀ ਮੰਚ ਦਿੱਤਾ ਗਿਆ ਹੈ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਹ ਰਾਮਲੀਲਾ ਸਮਾਜ ਨੂੰ ਸੰਦੇਸ਼ ਦੇਵੇਗੀ ਕਿ ਪ੍ਰਤਿਭਾ ਕਿਸੇ ਉਮਰ, ਪੇਸ਼ੇ ਜਾਂ ਸਰੀਰਕ ਸਥਿਤੀ ਦੀ ਮੁਹਤਾਜ ਨਹੀਂ ਹੁੰਦੀ।
40-50 ਕਰੋੜ ਲੋਕਾਂ ਤੱਕ ਪਹੁੰਚਣ ਦੀ ਉਮੀਦ
ਰਾਮਲੀਲਾ ਦਾ ਲਾਈਵ ਪ੍ਰਸਾਰਣ ਜੀਓ, ਏਅਰਟੈੱਲ, ਟਾਟਾ, ਗੂਗਲ ਟੀਵੀ, ਓਟੀਟੀ ਪ੍ਰੀਮੀਅਮ ਲਾਈਵ, ਡੇਨ ਟੀਵੀ, ਡਿਸ਼ ਵਾਚੋ, ਡਿਟੋ ਟੀਵੀ ਅਤੇ ਫਾਸਟਵੇ ਕੇਬਲਜ਼ ਰਾਹੀਂ ਚੰਡੀਗੜ੍ਹ ਅਤੇ ਦਿੱਲੀ-ਐਨਸੀਆਰ ਵਿੱਚ ਕੀਤਾ ਜਾਵੇਗਾ। ਪ੍ਰਬੰਧਕਾਂ ਨੂੰ ਉਮੀਦ ਹੈ ਕਿ ਵੱਖ-ਵੱਖ ਡਿਜੀਟਲ ਅਤੇ ਟੀਵੀ ਪਲੇਟਫਾਰਮਾਂ ਰਾਹੀਂ ਇਸ ਦੀ ਸੰਭਾਵਿਤ ਪਹੁੰਚ 40 ਤੋਂ 50 ਕਰੋੜ ਭਾਰਤੀਆਂ ਤੱਕ ਹੋ ਸਕਦੀ ਹੈ। 
ਰਾਮਾਇਣ ਦੇ ਨਾਲ ਨਸ਼ਾ ਮੁਕਤੀ ਅਤੇ ਮਹਿਲਾ ਸੁਰੱਖਿਆ ਦਾ ਸੰਦੇਸ਼
ਇਸ ਵਾਰ ਪੇਸ਼ਕਾਰੀ ਵਿੱਚ ਰਾਮਾਇਣ ਦੇ ਆਦਰਸ਼ਾਂ ਦੇ ਨਾਲ ਮਾਨਸਿਕ ਸਿਹਤ, ਮਹਿਲਾ ਸੁਰੱਖਿਆ, ਨਸ਼ਾ ਮੁਕਤੀ ਅਤੇ ਸਮਾਜਿਕ ਜਾਗਰੂਕਤਾ ਵਰਗੇ ਮੁੱਦਿਆਂ ਨੂੰ ਵੀ ਸੱਭਿਆਚਾਰਕ ਮਾਧਿਅਮ ਰਾਹੀਂ ਉਠਾਇਆ ਜਾਵੇਗਾ। ਮਤਲਬ ਮੰਚ ’ਤੇ ਰਾਮਾਇਣ ਦੀ ਕਥਾ ਚੱਲੇਗੀ ਅਤੇ ਇਸ ਦੇ ਨਾਲ ਸਮਾਜ ਨੂੰ ਮੌਜੂਦਾ ਦੌਰ ਦੀਆਂ ਚੁਣੌਤੀਆਂ ਨਾਲ ਜੁੜੇ ਸੰਦੇਸ਼ ਵੀ ਮਿਲਣਗੇ।


author

Babita

Content Editor

Related News