ਆਤਿਸ਼ਬਾਜ਼ੀ ਘਟੀ, 10 ਸਾਲਾਂ ''ਚ ਸਭ ਤੋਂ ਘੱਟ ਰਿਹਾ ਚੰਡੀਗੜ੍ਹ ਦਾ ਆਵਾਜ਼ ਤੇ ਹਵਾ ਪ੍ਰਦੂਸ਼ਣ
Saturday, Oct 21, 2017 - 07:18 AM (IST)
ਚੰਡੀਗੜ੍ਹ (ਵਿਜੇ) - ਹੁਣ ਇਸ ਨੂੰ ਹਾਈ ਕੋਰਟ ਦੇ ਆਰਡਰ ਦਾ ਅਸਰ ਕਹੀਏ ਜਾਂ ਫਿਰ ਲੋਕਾਂ ਦੀ ਜਾਗਰੂਕਤਾ, ਜੋ ਵੀ ਹੋਵੇ ਪਰ ਇਸ ਸਾਲ ਪਹਿਲੀ ਵਾਰ ਅਜਿਹਾ ਮੌਕਾ ਆਇਆ ਹੈ ਜਦੋਂ ਚੰਡੀਗੜ੍ਹ ਵਿਚ ਦੀਵਾਲੀ ਦੀ ਰਾਤ ਸ਼ਹਿਰ ਵਿਚ ਆਵਾਜ਼ ਤੇ ਹਵਾ ਪ੍ਰਦੂਸ਼ਣ ਦਾ ਪੱਧਰ ਕਾਫੀ ਘੱਟ ਦਰਜ ਕੀਤਾ ਗਿਆ।
ਚੰਡੀਗੜ੍ਹ ਪਲਿਊਸ਼ਨ ਕੰਟ੍ਰੋਲ ਬੋਰਡ (ਸੀ. ਪੀ. ਸੀ. ਸੀ.) ਦੀ ਮੰਨੀਏ ਤਾਂ ਜਦੋਂ ਤੋਂ ਸ਼ਹਿਰ ਵਿਚ ਆਵਾਜ਼ ਤੇ ਹਵਾ ਪ੍ਰਦੂਸ਼ਣ ਦਾ ਪੱਧਰ ਦਰਜ ਕੀਤਾ ਜਾ ਰਿਹਾ ਹੈ, ਉਦੋਂ ਤੋਂ 2017 ਸਾਲ ਅਜਿਹਾ ਹੈ, ਜਿਸ ਵਿਚ ਦੀਵਾਲੀ ਦੀ ਰਾਤ ਸਭ ਤੋਂ ਘੱਟ ਪ੍ਰਦੂਸ਼ਣ ਦਾ ਪੱਧਰ ਰਿਕਾਰਡ ਕੀਤਾ ਗਿਆ ਹੈ। ਦੀਵਾਲੀ ਤੋਂ ਇਕ ਦਿਨ ਬਾਅਦ ਸੀ. ਪੀ. ਸੀ. ਸੀ. ਵਲੋਂ ਆਵਾਜ਼ ਤੇ ਹਵਾ ਪ੍ਰਦੂਸ਼ਣ ਦੇ ਅੰਕੜੇ ਜਾਰੀ ਕੀਤੇ ਗਏ ਹਨ, ਜਿਸ ਵਿਚ ਦੱਸਿਆ ਗਿਆ ਹੈ ਕਿ ਸ਼ਹਿਰ ਦੀਆਂ ਸਾਰੀਆਂ ਲੋਕੇਸ਼ਨਾਂ ਵਿਚ ਕਾਰਬਨ ਡਾਇਆਕਸਾਈਡ ਦੀ ਮਾਤਰਾ ਪਰਮੀਸੇਬਲ ਲਿਮਟ ਵਿਚ ਪਾਈ ਗਈ, ਉਥੇ ਹੀ ਹੋਰ ਗੈਸਾਂ ਦੀ ਮਾਤਰਾ ਵੀ ਪਹਿਲਾਂ ਦੇ ਮੁਕਾਬਲੇ ਅੱਧੀ ਦਰਜ ਕੀਤੀ ਗਈ। ਭਾਵ ਹਰ ਪਲਿਊਟੈਂਟ ਦਾ ਪੱਧਰ ਇਸ ਦੀਵਾਲੀ ਦੀ ਰਾਤ ਘੱਟ ਹੀ ਰਿਹਾ।
ਸ਼ਹਿਰ ਨੂੰ ਤਿੰਨ ਜ਼ੋਨਾਂ 'ਚ ਵੰਡਿਆ ਗਿਆ
ਦੀਵਾਲੀ ਦੀ ਰਾਤ ਸ਼ਹਿਰ ਨੂੰ 3 ਜ਼ੋਨਾਂ ਵਿਚ ਵੰਡਿਆ ਗਿਆ ਸੀ, ਜਿਸ ਵਿਚ ਸੈਕਟਰ-22 ਰੈਜ਼ੀਡੈਂਸ਼ੀਅਲ ਜ਼ੋਨ, ਸੈਕਟਰ-29 ਸਾਇਲੈਂਸ ਜ਼ੋਨ ਤੇ ਸੈਕਟਰ-17 ਕਮਰਸ਼ੀਅਲ ਜ਼ੋਨ। ਸੀ. ਪੀ. ਸੀ. ਸੀ. ਨੇ 12 ਅਕਤੂਬਰ ਨੂੰ ਵੀ ਇਨ੍ਹਾਂ ਮਸ਼ੀਨਾਂ ਨਾਲ ਡਾਟਾ ਇਕੱਠਾ ਕੀਤਾ ਸੀ, ਜਿਸ ਦੀ ਤੁਲਨਾ ਦੀਵਾਲੀ ਵਾਲੀ ਰਾਤ ਦੇ ਡਾਟਾ ਨਾਲ ਕੀਤੀ ਗਈ।
ਸੀ. ਪੀ. ਸੀ. ਸੀ. ਦੇ ਮੈਂਬਰ ਸੈਕਟਰੀ ਪੀ. ਜੇ. ਐੱਸ. ਡਢਵਾਲ ਨੇ ਦੱਸਿਆ ਕਿ ਚੰਡੀਗੜ੍ਹ ਵਿਚ ਇੰਨਾ ਘੱਟ ਆਵਾਜ਼ ਤੇ ਹਵਾ ਪ੍ਰਦੂਸ਼ਣ ਕਦੇ ਵੀ ਰਿਕਾਰਡ ਨਹੀਂ ਕੀਤਾ ਗਿਆ। ਲੋਕਾਂ ਨੂੰ ਜਾਗਰੂਕ ਕਰਨ ਲਈ ਚਲਾਈ ਗਈ ਮੁਹਿੰਮ ਸਫਲ ਸਾਬਿਤ ਹੋਈ ਹੈ।
ਆਵਾਜ਼ ਪ੍ਰਦੂਸ਼ਣ ਦੇ ਮਾਮਲੇ ਵਿਚ ਜਿਥੇ ਸੈਕਟਰ-22 ਸਭ ਤੋਂ ਅੱਗੇ ਰਿਹਾ, ਉਥੇ ਹੀ ਹਵਾ ਪ੍ਰਦੂਸ਼ਣ ਦੀ ਗੱਲ ਕੀਤੀ ਜਾਵੇ ਤਾਂ ਇਥੇ ਸੈਕਟਰ-29 ਦਾ ਨੰਬਰ ਪਹਿਲਾ ਆਇਆ। 2013 ਤੋਂ ਲੈ ਕੇ 2016 ਤਕ ਦੇ ਅੰਕੜਿਆਂ ਵਿਚ ਆਵਾਜ਼ ਪ੍ਰਦੂਸ਼ਣ ਦੇ ਮਾਮਲਿਆਂ ਵਿਚ ਕਾਫੀ ਵਾਧਾ ਹੋਇਆ ਸੀ। ਉਥੇ ਹੀ ਸੈਕਟਰ-29 ਦੇ ਜ਼ੋਨ ਵਿਚ 2014 ਤੋਂ ਬਾਅਦ ਸਭ ਤੋਂ ਵੱਧ ਆਰ. ਐੱਸ. ਪੀ. ਐੱਮ. ਦਰਜ ਕੀਤਾ ਗਿਆ। ਇਹੀ ਕਾਰਨ ਹੈ ਕਿ ਸ਼ਹਿਰ ਵਿਚ ਪਲਿਊਸ਼ਨ ਲੈਵਲ ਨੂੰ ਵਧਦੇ ਦੇਖ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਇਸ ਸਾਲ ਦੀਵਾਲੀ ਤੋਂ ਪਹਿਲਾਂ ਸਖਤ ਫੈਸਲੇ ਲੈਣੇ ਪਏ।
ਆਮ ਦਿਨ ਤੋਂ ਵੀ ਘੱਟ ਪ੍ਰਦੂਸ਼ਿਤ ਰਿਹਾ ਸੈਕਟਰ-17
ਜਿਥੇ ਇਕ ਪਾਸੇ ਲਗਭਗ ਹਰ ਜ਼ੋਨ ਵਿਚ ਹਵਾ ਤੇ ਆਵਾਜ਼ ਪ੍ਰਦੂਸ਼ਣ ਕਾਫੀ ਘੱਟ ਦਰਜ ਕੀਤਾ ਗਿਆ, ਉਥੇ ਹੀ ਸੈਕਟਰ-17 ਵਿਚ ਤਾਂ ਆਮ ਦਿਨ ਤੋਂ ਵੀ ਘੱਟ ਪ੍ਰਦੂਸ਼ਣ ਰਿਕਾਰਡ ਕੀਤਾ ਗਿਆ। ਇਹੀ ਨਹੀਂ ਆਵਾਜ਼ ਪ੍ਰਦੂਸ਼ਣ ਦੇ ਮਾਮਲੇ ਵਿਚ ਵੀ ਇਹ ਜ਼ੋਨ ਸਭ ਤੋਂ ਘੱਟ ਪ੍ਰਦੂਸ਼ਿਤ ਰਿਹਾ। ਆਮ ਦਿਨ ਜਿਥੇ ਸੈਕਟਰ-17 ਦਾ ਆਰ. ਐੱਸ. ਪੀ. ਐੱਮ. 137 ਮਾਈਕ੍ਰੋਗਾ੍ਰਮਜ਼ ਪ੍ਰਤੀ ਕਿਊਬਿਕ ਮੀਟਰ ਰਿਹਾ ਸੀ, ਉਥੇ ਹੀ ਦੀਵਾਲੀ ਦੀ ਰਾਤ ਇਹ ਸਿਰਫ 97 ਮਾਈਕ੍ਰੋਗ੍ਰਾਮਜ਼ ਪ੍ਰਤੀ ਕਿਊਬਿਕ ਮੀਟਰ ਦਰਜ ਕੀਤਾ ਗਿਆ, ਜੋ ਕਿ ਹੋਰ ਜ਼ੋਨਾਂ ਦੀ ਤੁਲਨਾ ਵਿਚ ਕਾਫੀ ਘੱਟ ਹੈ। ਇਸ ਜ਼ੋਨ ਵਿਚ ਆਵਾਜ਼ ਪ੍ਰਦੂਸ਼ਣ ਵੀ ਘੱਟ ਦਰਜ ਕੀਤਾ ਗਿਆ।
ਪਿਛਲੇ ਸਾਲ ਟੁੱਟਿਆ ਸੀ ਚਾਰ ਸਾਲਾਂ ਦਾ ਰਿਕਾਰਡ
ਪਿਛਲੇ ਸਾਲ ਸੀ. ਪੀ. ਸੀ. ਸੀ. ਨੇ ਸ਼ਹਿਰ ਵਿਚ ਹਵਾ ਪ੍ਰਦੂਸ਼ਣ ਦੀ ਜਾਂਚ ਕਰਨ ਲਈ ਨਵੀਆਂ ਮਸ਼ੀਨਾਂ ਲਾਈਆਂ ਸਨ, ਜਿਸ ਦਾ ਨਤੀਜਾ ਹੈਰਾਨ ਕਰਨ ਵਾਲਾ ਸੀ। ਨਵੀਆਂ ਮਸ਼ੀਨਾਂ ਨੇ ਜੋ ਡਾਟਾ ਇਕੱਠਾ ਕੀਤਾ, ਉਸ ਅਨੁਸਾਰ ਪਿਛਲੇ ਚਾਰ ਸਾਲਾਂ ਵਿਚ ਨਾ ਸਿਰਫ ਹਵਾ ਪ੍ਰਦੂਸ਼ਣ ਵਧਿਆ ਸੀ, ਬਲਕਿ ਆਵਾਜ਼ ਪ੍ਰਦੂਸ਼ਣ ਦੇ ਵੀ ਸਾਰੇ ਰਿਕਾਰਡ ਟੁੱਟੇ ਸਨ।
