ਟਪਿਆਲਾ ਗੋਲੀ ਕਾਂਡ ਬਣੇਗਾ ਸਰਕਾਰ ਦੇ ਗਲੇ ਦੀ ਹੱਡੀ

Thursday, Aug 24, 2017 - 03:24 PM (IST)

ਟਪਿਆਲਾ ਗੋਲੀ ਕਾਂਡ ਬਣੇਗਾ ਸਰਕਾਰ ਦੇ ਗਲੇ ਦੀ ਹੱਡੀ

ਅੰਮ੍ਰਿਤਸਰ (ਦਲਜੀਤ) - ਪਿੰਡ ਟਪਿਆਲਾ 'ਚ ਵਾਪਰਿਆ ਗੋਲੀ ਕਾਂਡ ਪੰਜਾਬ ਸਰਕਾਰ ਦੇ ਗਲੇ ਦੀ ਹੱਡੀ ਬਣ ਗਿਆ ਹੈ। ਦਲਿਤ ਪਰਿਵਾਰਾਂ ਦੇ ਹੱਕ 'ਚ ਅੱਜ ਵੱਖ-ਵੱਖ ਸੰਗਠਨ ਮੈਦਾਨ 'ਚ ਆ ਗਏ ਹਨ, ਜਿਨ੍ਹਾਂ ਕਿਹਾ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਮਾਮਲਾ ਵਿਚਾਰ-ਅਧੀਨ ਹੋਣ ਦੇ ਬਾਵਜੂਦ ਹਲਕੇ ਦੇ ਵਿਧਾਇਕ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਵਿਰੋਧੀ ਪੱਖ ਨਾਲ ਮਿਲ ਕੇ ਦਲਿਤਾਂ ਦੇ ਘਰਾਂ ਨੂੰ ਮਲੀਆਮੇਟ ਕਰ ਕੇ ਜ਼ੁਲਮ ਕਰਵਾਇਆ ਹੈ। ਸੰਗਠਨਾਂ ਨੇ ਸਰਕਾਰ ਵੱਲੋਂ ਵਿਰੋਧੀਆਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਧਰ ਦੂਜੇ ਪਾਸੇ ਵਿਧਾਇਕ ਸਰਕਾਰੀਆ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਿਆ ਹੈ।
ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਨੇਤਾ ਕਾਮਰੇਡ ਐਡਵੋਕੇਟ ਰਤਨ ਸਿੰਘ ਰੰਧਾਵਾ, ਪੰਜਾਬ ਉਸਾਰੀ ਯੂਨੀਅਨ ਦੇ ਨੇਤਾ ਕਾਮਰੇਡ ਬਲਵਿੰਦਰ ਸਿੰਘ, ਦਿਹਾਤੀ ਮਜ਼ਦੂਰ ਸਭਾ ਦੇ ਨੇਤਾ ਕਾਮਰੇਡ ਵਿਰਸਾ ਸਿੰਘ, ਕਾਮਰੇਡ ਪ੍ਰੋ. ਰਾਜ ਬਲਬੀਰ ਸਿੰਘ ਆਦਿ ਨੇ ਕਿਹਾ ਕਿ ਕਾਂਗਰਸ ਦੇ ਰਾਜ ਵਿਚ ਲੋਕਤੰਤਰ ਦਾ ਗਲਾ ਘੁੱਟਿਆ ਜਾ ਰਿਹਾ ਹੈ। ਦਲਿਤ ਭਾਈਚਾਰੇ 'ਤੇ ਦਿਨ-ਦਿਹਾੜੇ ਜ਼ੁਲਮ ਕਰ ਕੇ ਉਨ੍ਹਾਂ ਨੂੰ ਘਰੋਂ ਬੇਘਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 1974 ਵਿਚ ਪੰਜਾਬ ਸਰਕਾਰ ਨੇ ਮਾਤਾ ਚੰਨਣ ਕੌਰ ਦੀ ਜ਼ਮੀਨ ਐਕਵਾਇਰ ਕਰ ਕੇ ਦਲਿਤ ਵਰਗ ਨੂੰ 5-5 ਮਰਲੇ ਦੇ ਪਲਾਟ ਦਿੱਤੇ ਸਨ। 1995 ਵਿਚ ਮਾਤਾ ਚੰਨਣ ਕੌਰ ਦੇ ਰਿਸ਼ਤੇਦਾਰ ਬਣ ਕੇ ਦਾਅਵਾ ਕਰਨ ਵਾਲੇ ਵਿਰੋਧੀ ਪੱਖ ਵੱਲੋਂ ਜ਼ਮੀਨ ਦਾ ਵਿਰਾਸਤੀ ਇੰਤਕਾਲ ਆਪਣੇ ਨਾਂ ਕਰਵਾ ਲਿਆ ਗਿਆ।
ਦਲਿਤ ਭਾਈਚਾਰੇ ਨੇ ਮਾਮਲੇ ਦਾ ਪਤਾ ਲੱਗਣ 'ਤੇ ਐੱਸ. ਡੀ. ਐੱਮ. ਦੀ ਅਦਾਲਤ ਵਿਚ ਇਨਸਾਫ ਦੀ ਮੰਗ ਕੀਤੀ। ਐੱਸ. ਡੀ. ਐੱਮ. ਵੱਲੋਂ ਦਿੱਤੇ ਗਏ ਫੈਸਲੇ ਵਿਚ ਦੁਬਾਰਾ ਜ਼ਮੀਨ ਦਾ ਇੰਤਕਾਲ ਸਰਕਾਰ ਦੇ ਨਾਂ ਕਰ ਦਿੱਤਾ ਗਿਆ। ਵਿਰੋਧੀ ਪੱਖ ਵੱਲੋਂ ਇਸ ਸਬੰਧੀ ਡਿਪਟੀ ਕਮਿਸ਼ਨਰ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਦਰਖਾਸਤ ਦਿੱਤੀ ਗਈ ਪਰ ਪੁਖਤਾ ਸੱਚਾਈ ਸਾਹਮਣੇ ਨਾ ਹੋਣ ਕਾਰਨ ਦਰਖਾਸਤ ਖਾਰਿਜ ਹੋ ਗਈ। ਵਿਰੋਧੀ ਪੱਖ ਵੱਲੋਂ ਇਸ ਸਬੰਧੀ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪੱਖ ਰੱਖਿਆ ਗਿਆ। ਮਾਲ ਵਿਭਾਗ ਕੇਸ ਵਿਚ ਮਾਣਯੋਗ ਕੋਰਟ ਨੂੰ ਕਿਹਾ ਗਿਆ ਕਿ ਦਲਿਤ ਭਾਈਚਾਰੇ ਨੂੰ ਉਕਤ ਜਗ੍ਹਾ ਦੇ ਬਦਲੇ ਹੋਰ ਜਗ੍ਹਾ ਦੇ ਦਿੱਤੀ ਗਈ ਹੈ। ਕੋਰਟ ਵੱਲੋਂ ਮਾਲ ਵਿਭਾਗ ਦੀ ਦਲੀਲ ਸੁਣਨ ਉਪਰੰਤ ਦੁਬਾਰਾ ਜਗ੍ਹਾ ਵਿਰੋਧੀ ਪੱਖ ਦੇ ਨਾਂ 'ਤੇ ਕਰ ਦਿੱਤੀ ਗਈ।
ਕਾਮਰੇਡਾਂ ਨੇ ਦੱਸਿਆ ਕਿ ਵਿਭਾਗ ਨੇ ਅਸਲੀਅਤ ਵਿਚ ਦਲਿਤ ਭਾਈਚਾਰੇ ਨੂੰ ਕੋਈ ਵੀ ਜਗ੍ਹਾ ਨਹੀਂ ਦਿੱਤੀ, ਜਿਸ ਸਬੰਧੀ ਦੁਬਾਰਾ ਦਲਿਤ ਵਰਗ ਨੇ ਹਾਈ ਕੋਰਟ ਵਿਚ ਕੇਸ ਕੀਤਾ। ਉਕਤ ਮਾਮਲਾ ਕੋਰਟ ਵਿਚ ਵਿਧਾਰ-ਅਧੀਨ ਹੈ ਪਰ ਫਿਰ ਵੀ ਹਲਕਾ ਵਿਧਾਇਕ ਦੀ ਸ਼ਮੂਲੀਅਤ ਨਾਲ ਕਈ ਸਾਲਾਂ ਤੋਂ ਰਹਿ ਰਹੇ ਦਲਿਤਾਂ ਦੇ ਘਰਾਂ ਨੂੰ ਜੇ. ਸੀ. ਬੀ. ਨਾਲ ਸੁੱਟ ਦਿੱਤਾ ਗਿਆ ਤੇ ਇਕ ਘਰ ਨੂੰ ਅੱਗ ਲਾ ਦਿੱਤੀ ਗਈ। ਉਕਤ ਘਟਨਾਕ੍ਰਮ ਵਿਚ ਦਲਿਤ ਸੁਖਦੇਵ ਸਿੰਘ ਦੀ ਮੌਤ ਹੋ ਗਈ ਹੈ। ਪੁਲਸ ਵਿਭਾਗ ਨੂੰ ਇਸ ਘਟਨਾ ਸਬੰਧੀ ਪਹਿਲਾਂ ਹੀ ਪਤਾ ਸੀ ਪਰ ਪੁਲਸ ਵੀ ਸੱਤਾਧਾਰੀਆਂ ਦੇ ਅੱਗੇ ਬੇਵੱਸ ਸੀ। ਪੁਲਸ ਵੱਲੋਂ ਵਿਰੋਧੀਆਂ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ ਪਰ ਠੋਸ ਕਾਰਵਾਈ ਅਜੇ ਵੀ ਨਹੀਂ ਕੀਤੀ ਜਾ ਰਹੀ।
ਪੰਜਾਬ ਸਰਕਾਰ ਇਕ ਪਾਸੇ ਦਲਿਤਾਂ ਦੇ ਹੱਕ ਦੀ ਗੱਲ ਕਰਦੀ ਹੈ ਪਰ ਦੂਜੇ ਪਾਸੇ ਉਸ ਦੇ ਨੇਤਾ ਦਲਿਤਾਂ 'ਤੇ ਜ਼ੁਲਮ ਕਰਦੇ ਹੋਏ ਉਨ੍ਹਾਂ ਨੂੰ ਘਰੋਂ ਬੇਘਰ ਕਰ ਰਹੇ ਹਨ। ਸਾਰੇ ਸੰਗਠਨ ਦਲਿਤਾਂ ਨਾਲ ਚੱਟਾਨ ਵਾਂਗ ਖੜ੍ਹੇ ਹਨ। 27 ਅਤੇ 28 ਅਗਸਤ ਨੂੰ ਵਿਧਾਇਕ ਦੇ ਹਲਕੇ ਵਿਚ ਪੈਂਦੇ ਦਲਿਤਾਂ ਦੇ ਮੁਹੱਲਿਆਂ ਵਿਚ ਝੰਡਾ ਮਾਰਚ ਕੀਤਾ ਜਾਵੇਗਾ ਅਤੇ ਇਸ ਧੱਕੇਸ਼ਾਹੀ ਸਬੰਧੀ ਇਕ ਪਲੇਟਫਾਰਮ 'ਤੇ ਆਉਣ ਦੀ ਲੋਕਾਂ ਨੂੰ ਅਪੀਲ ਕੀਤੀ ਜਾਵੇਗੀ। 30 ਅਗਸਤ ਨੂੰ ਸੁਖਦੇਵ ਸਿੰਘ ਦੇ ਭੋਗ 'ਤੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਦੇ ਹੋਏ ਦੁਬਾਰਾ ਐਕਵਾਇਰ ਕੀਤੀ ਜ਼ਮੀਨ ਸਰਕਾਰ ਦੇ ਨਾਂ ਕਰਵਾ ਕੇ ਦਲਿਤਾਂ ਨੂੰ ਮਕਾਨ ਬਣਾ ਕੇ ਦਿੱਤੇ ਜਾਣ ਅਤੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਮ੍ਰਿਤਕ ਸੁਖਦੇਵ ਸਿੰਘ ਦੀ ਮਾਤਾ ਜਗੀਰ ਕੌਰ, ਪੁੱਤਰ ਹਰਜੀਤ ਸਿੰਘ ਆਦਿ ਮੌਜੂਦ ਸਨ।
ਉਧਰ ਦੂਜੇ ਪਾਸੇ ਇਸ ਸਬੰਧੀ ਹਲਕੇ ਦੇ ਵਿਧਾਇਕ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਝੂਠੇ ਅਤੇ ਬੇਬੁਨਿਆਦ ਦੱਸਿਆ। ਸਰਕਾਰੀਆ ਨੇ ਕਿਹਾ ਕਿ ਉਹ ਅਜਿਹੀ ਗੱਲ ਬਾਰੇ ਸੋਚ ਵੀ ਨਹੀਂ ਸਕਦੇ। ਅਕਾਲੀ ਦਲ ਵੱਲੋਂ ਉਨ੍ਹਾਂ ਨੂੰ ਬਦਨਾਮ ਕਰਨ ਦੀ ਘਟੀਆ ਸਾਜ਼ਿਸ਼ ਰਚੀ ਜਾ ਰਹੀ ਹੈ। ਉਹ ਪਿਛਲੇ ਕਈ ਦਿਨਾਂ ਤੋਂ ਕੰਮ-ਧੰਦੇ ਕਾਰਨ ਹਲਕੇ ਵਿਚ ਨਹੀਂ ਸਨ। ਉਹ ਹਮੇਸ਼ਾ ਹੀ ਜ਼ਰੂਰਤਮੰਦਾਂ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਕਰਦੇ ਰਹੇ ਹਨ। ਉਹ ਕਾਨੂੰਨ ਦਾ ਪਾਲਣ ਕਰਦੇ ਰਹੇ ਹਨ। ਪੀੜਤ ਪਰਿਵਾਰ ਨਾਲ ਉਨ੍ਹਾਂ ਨੂੰ ਹਮਦਰਦੀ ਹੈ। ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਉਹ ਉਨ੍ਹਾਂ ਦੇ ਨਾਲ ਹਨ। ਉਨ੍ਹਾਂ ਕਿਹਾ ਕਿ ਜੋ ਲੋਕ ਉਨ੍ਹਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚ ਰਹੇ ਹਨ ਉਨ੍ਹਾਂ ਨੂੰ ਉਹ ਨੋਟਿਸ ਵੀ ਭੇਜਣਗੇ।
 


Related News