ਅਲੌਕਿਕ ਅਤੇ ਅਨੋਖਾ ਹੈ ਕਾਠਗੜ੍ਹ ਦਾ 'ਸ਼ਿਵ ਮੰਦਰ'

06/30/2019 11:26:11 AM

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)—ਦੇਵ ਭੂਮੀ ਹਿਮਾਚਲ ਪ੍ਰਦੇਸ਼ ਦੇ ਕਾਠਗੜ੍ਹ 'ਚ ਸਥਿਤ ਸ਼ਿਵ ਮੰਦਰ ਦਾ ਇਤਿਹਾਸ ਹਕੀਕਤ ਵਿਚ ਕੀ ਹੈ, ਇਸ ਬਾਰੇ ਕੁਝ ਪ੍ਰਮਾਣਿਤ ਜਾਣਕਾਰੀ ਨਹੀਂ ਹੈ, ਤਾਂ ਵੀ ਇਹ ਮੰਦਰ ਆਪਣੀ ਕਿਸਮ ਦਾ ਅਲੌਕਿਕ ਅਤੇ ਬਹੁਤ ਅਨੋਖਾ ਹੈ। ਮੰਦਰ ਵਾਲਾ ਸਥਾਨ ਜਲੰਧਰ-ਪਠਾਨਕੋਟ ਕੌਮੀ ਸ਼ਾਹ-ਰਾਹ 'ਤੇ ਵੱਸੇ ਕਸਬਾ ਮੀਰਥਲ ਤੋਂ ਮੁਸ਼ਕਿਲ ਨਾਲ ਤਿੰਨ ਕਿਲੋਮੀਟਰ ਹੋਵੇਗਾ। ਦੇਸ਼ ਨੂੰ ਜੰਮੂ-ਕਸ਼ਮੀਰ ਨਾਲ ਜੋੜਨ ਵਾਲੀ ਇਸ ਪ੍ਰਮੁੱਖ ਸੜਕ ਤੋਂ ਰੋਜ਼ਾਨਾ ਲੱਖਾਂ ਯਾਤਰੂ ਲੰਘਦੇ ਹੋਣਗੇ ਪਰ ਇਨ੍ਹਾਂ ਵਿਚੋਂ ਕਿੰਨਿਆਂ ਨੂੰ ਭਗਵਾਨ ਸ਼ਿਵ ਦੇ ਇਸ ਮਹਾਨ ਮੰਦਰ ਬਾਰੇ ਜਾਣਕਾਰੀ ਹੋਵੇਗੀ, ਕਿਹਾ ਨਹੀਂ ਜਾ ਸਕਦਾ।
ਮੈਨੂੰ ਵੀ ਇਸ ਸੜਕ ਤੋਂ ਹਜ਼ਾਰਾਂ ਵਾਰ ਗੁਜ਼ਰਨ ਦਾ ਮੌਕਾ ਮਿਲਿਆ ਪਰ ਇਸ ਦੇਵ-ਸਥਲ ਦੇ ਦਰਸ਼ਨ ਨਸੀਬ ਨਹੀਂ ਹੋਏ। ਇਹ ਸਬੱਬ ਉਦੋਂ ਬਣਿਆ, ਜਦੋਂ ਪੰਜਾਬ ਕੇਸਰੀ ਪੱਤਰ ਸਮੂਹ ਦੀ ਟੀਮ ਲੁਧਿਆਣਾ ਤੋਂ ਮਿਲੇ ਰਾਹਤ ਸਮੱਗਰੀ ਦੇ 516ਵੇਂ ਟਰੱਕ ਦਾ ਸਾਮਾਨ ਪੁੰਛ ਜ਼ਿਲੇ ਦੇ ਲੋੜਵੰਦਾਂ ਤਕ ਪਹੁੰਚਾਉਣ ਲਈ ਜਾ ਰਹੀ ਸੀ। ਮੰਦਰ ਨੂੰ ਚਲਾਉਣ ਵਾਲੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਕੁਝ ਸਥਾਨਕ ਲੋਕਾਂ ਨੇ ਜੋ ਜਾਣਕਾਰੀ ਦਿੱਤੀ ਅਤੇ ਜੋ ਕੁਝ ਅੱਖੀਂ ਵੇਖਿਆ, ਉਹ ਸਭ ਹੈਰਾਨੀਜਨਕ ਸੀ।

ਸਵੱਛ ਅਤੇ ਸੁੰਦਰ ਵਾਤਾਵਰਣ
ਕਾਠਗੜ੍ਹ ਦੇ ਆਲੇ-ਦੁਆਲੇ ਦਾ ਵਾਤਾਵਰਣ ਬੇਹੱਦ ਸਵੱਛ ਅਤੇ ਸੁੰਦਰਤਾ ਭਰਪੂਰ ਹੈ। ਮਾਹੌਲ ਦੀ ਸ਼ਾਂਤੀ ਹਰ ਆਉਣ ਵਾਲੇ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ। ਪ੍ਰਦੂਸ਼ਣ ਮੁਕਤ ਹਵਾਵਾਂ ਤਾਜ਼ਗੀ ਨਾਲ ਭਰਪੂਰ ਕਰਨ ਵਾਲੀਆਂ ਹੁੰਦੀਆਂ ਹਨ ਅਤੇ ਨਾਲ ਹੀ ਭਗਤੀ-ਰਸ ਅਤੇ ਅਧਿਆਤਮਕ ਰੰਗ ਦਾ ਸੁਨੇਹਾ ਵੀ ਦਿੰਦੀਆਂ ਹਨ।
ਸ਼ਰਧਾ ਭਾਵਨਾ ਮਨ 'ਚ ਲੈ ਕੇ ਕੋਈ ਪ੍ਰਾਣੀ ਜਦੋਂ ਸ਼ਿਵ ਮੰਦਰ ਕੰਪਲੈਕਸ 'ਚ ਪੁੱਜਦਾ ਹੈ ਤਾਂ ਉਸ ਨੂੰ ਇਕ ਅਜੀਬ ਅਹਿਸਾਸ ਹੁੰਦਾ ਹੈ ਅਤੇ ਇਥੋਂ ਦੇ ਦੈਵੀ ਆਭਾ-ਮੰਡਲ ਨਾਲ ਉਸ ਦਾ ਤਨ-ਮਨ ਅਤਿਅੰਤ ਸਵੈ-ਸੰਤੁਸ਼ਟੀ ਮਹਿਸੂਸ ਕਰਦਾ ਹੈ। ਸ਼ਰਧਾਲੂਆਂ ਨੂੰ ਦੂਰ ਤੋਂ ਹੀ ਮੰਦਰ ਦੇ ਦੀਦਾਰ ਹੋ ਜਾਂਦੇ ਹਨ ਕਿਉਂਕਿ ਇਹ ਇਕ ਉੱਚੇ ਟਿੱਲੇ 'ਤੇ ਸਥਿਤ ਹੈ।

ਵਿਲੱਖਣ ਸ਼ਿਵਲਿੰਗ ਦੇ ਦਰਸ਼ਨ
ਮੰਦਰ ਵਿਚ ਬਿਰਾਜਮਾਨ ਵਿਲੱਖਣ ਸ਼ਿਵਲਿੰਗ ਦੇ ਦਰਸ਼ਨ ਜਿੱਥੇ ਸ਼ਰਧਾਲੂ ਨੂੰ ਸ਼ਰਧਾ ਦੇ ਸਾਗਰ 'ਚ ਟੁੱਭੀ ਲਾਉਣ ਲਈ ਪ੍ਰੇਰਿਤ ਕਰਨ ਵਾਲੇ ਹੁੰਦੇ ਹਨ, ਉਥੇ ਉਸ ਦੇ ਮਨ ਵਿਚ ਕਈ ਸੁਆਲ ਵੀ ਸਹਿਜੇ ਹੀ ਉਪਜ ਪੈਂਦੇ ਹਨ। ਸ਼ਿਵਲਿੰਗ ਦਾ ਆਕਾਰ ਇਕ ਪਾਸੇ ਤੋਂ 7-8 ਫੁੱਟ ਉੱਚਾ ਹੈ ਅਤੇ ਦੂਜੇ ਪਾਸੇ ਤੋਂ 5-6 ਫੁੱਟ। ਮਾਨਤਾ ਇਹ ਹੈ ਕਿ ਸ਼ਿਵਲਿੰਗ ਸਥਾਪਿਤ ਨਹੀਂ ਕੀਤਾ ਗਿਆ, ਸਗੋਂ ਪ੍ਰਗਟ ਹੋਇਆ ਹੈ। ਇਹ ਸੰਸਾਰ ਦਾ ਇਕ ਅਜਿਹਾ ਸ਼ਿਵਲਿੰਗ ਹੈ, ਜਿਸ ਦਾ ਅੱਧਾ ਭਾਗ ਭਗਵਾਨ ਸ਼ੰਕਰ ਦਾ ਅਤੇ ਅੱਧਾ ਮਾਂ-ਪਾਰਵਤੀ ਦਾ ਰੂਪ ਹੈ। ਕਾਲੇ-ਭੂਰੇ ਰੰਗ ਦੇ ਇਸ ਪਾਵਨ ਸ਼ਿਵਲਿੰਗ ਵਿਚ ਕਿਸੇ ਧਾਤ ਜਾਂ ਪੱਥਰ ਦੇ ਅੰਸ਼ ਨਹੀਂ, ਸਗੋਂ ਇਸ ਦੀ ਕੁਦਰਤੀ ਰਚਨਾ ਕਰਨ ਵਾਲੀ ਸਮੱਗਰੀ ਵੀ ਬੜੀ ਅਜੀਬ ਲੱਗਦੀ ਹੈ। ਇਹ ਸਭ ਤੱਥ ਇਸ ਸ਼ਿਵਲਿੰਗ ਦੀ ਮਹਾਨਤਾ ਨੂੰ ਬਹੁਤ ਬੁਲੰਦ ਕਰ ਦਿੰਦੇ ਹਨ।

ਸ਼ਿਵਲਿੰਗ ਦੇ ਹੋ ਜਾਂਦੇ ਨੇ ਦੋ ਭਾਗ
ਇਕ ਹੈਰਾਨੀਜਨਕ ਹਕੀਕਤ ਇਹ ਵੀ ਹੈ ਕਿ ਜਨਮ ਅਸ਼ਟਮੀ ਤੋਂ ਬਾਅਦ ਇਸ ਪਵਿੱਤਰ ਸ਼ਿਵਲਿੰਗ ਦੇ ਦੋ ਭਾਗ ਹੋ ਜਾਂਦੇ ਹਨ। ਇਸ ਦੇ ਦਰਮਿਆਨ ਇਕ ਤਰੇੜ ਪੈਦਾ ਹੋ ਜਾਂਦੀ ਹੈ, ਜਿਹੜੀ ਵਧਦੀ-ਵਧਦੀ 6 ਇੰਚ ਚੌੜੀ ਹੋ ਜਾਂਦੀ ਹੈ। ਇਹ ਵਿੱਥ ਉਸ ਥਾਂ ਹੀ ਬਣਦੀ ਹੈ, ਜਿੱਥੇ ਸ਼ਿਵਲਿੰਗ ਦਾ ਵੱਡਾ ਅਤੇ ਛੋਟਾ ਭਾਗ ਮਿਲੇ ਹੋਏ ਹਨ। ਵੱਡੇ ਭਾਗ ਨੂੰ ਸ਼ਿਵ ਭਗਵਾਨ ਦਾ ਪ੍ਰਤੀਕ ਅਤੇ ਛੋਟੇ ਆਕਾਰ ਨੂੰ ਮਾਂ-ਪਾਰਵਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਅਲੌਕਿਕ ਗੱਲ ਇਹ ਵੀ ਹੈ ਕਿ ਜਦੋਂ ਸ਼ਿਵਰਾਤਰੀ ਆਉਂਦੀ ਹੈ ਤਾਂ ਇਹ ਵਿੱਥ ਮਿਟ ਜਾਂਦੀ ਹੈ ਅਤੇ ਸਮੁੱਚਾ ਰੂਪ ਫਿਰ ਇਕ ਹੋ ਜਾਂਦਾ ਹੈ। ਸ਼ਿਵਰਾਤਰੀ ਦੀ ਰਾਤ ਨੂੰ ਵਾਪਰਨ ਵਾਲੇ ਇਸ ਕੌਤਕ ਨੂੰ ਸ਼ਿਵ-ਪਾਰਵਤੀ ਦੇ ਮਿਲਾਪ ਦਾ ਨਾਂ ਦਿੱਤਾ ਜਾਂਦਾ ਹੈ। ਇਸ ਕ੍ਰਿਸ਼ਮੇ ਨੂੰ ਦੇਖਣ ਲਈ ਸ਼ਿਵਰਾਤਰੀ ਦੇ ਮਹਾਉਤਸਵ ਮੌਕੇ ਦੇਸ਼-ਵਿਦੇਸ਼ ਦੇ ਸ਼ਰਧਾਲੂ ਵੱਡੀ ਗਿਣਤੀ 'ਚ ਇਸ ਮੰਦਰ ਵਿਖੇ ਨਤ-ਮਸਤਕ ਹੁੰਦੇ ਹਨ।
ਮੰਦਰ ਦੇ ਪੁਜਾਰੀ ਨੇ ਮੈਨੂੰ ਦੱਸਿਆ ਸੀ ਕਿ ਸ਼ਿਵਰਾਤਰੀ ਦੇ ਮੌਕੇ ਸੱਚੇ ਮਨ ਨਾਲ ਭਗਵਾਨ ਸ਼ਿਵ ਦੇ ਇਸ ਸਰੂਪ ਦੇ ਦਰਸ਼ਨ ਅਤੇ ਪੂਜਾ ਕਰਨ ਨਾਲ ਸ਼ਰਧਾਲੂਆਂ ਦੀਆਂ ਸ਼ੁੱਭ-ਕਾਮਨਾਵਾਂ ਪੂਰਨ ਹੁੰਦੀਆਂ ਹਨ। ਇਹੋ ਕਾਰਣ ਹੈ ਕਿ ਬਾਕੀ ਉਤਸਵਾਂ ਅਤੇ ਮੌਕਿਆਂ ਦੇ ਮੁਕਾਬਲੇ ਸ਼ਿਵਰਾਤਰੀ ਦੀ ਰਾਤ ਨੂੰ ਭਾਰੀ ਰੌਣਕਾਂ ਜੁੜਦੀਆਂ ਹਨ।

ਮੰਦਰ ਬਾਰੇ ਕੁਝ ਮਾਨਤਾਵਾਂ
ਇਸ ਪ੍ਰਾਚੀਨ ਅਤੇ ਇਤਿਹਾਸਿਕ ਧਰਮ-ਅਸਥਾਨ ਬਾਰੇ ਬਹੁਤ ਸਾਰੀਆਂ ਮਾਨਤਾਵਾਂ ਅਤੇ ਦੰਦ-ਕਥਾਵਾਂ ਵੀ ਪ੍ਰਚੱਲਿਤ ਹਨ। ਇਕ ਕਹਾਣੀ ਵਿਚ ਇਹ ਕਿਹਾ ਜਾਂਦਾ ਹੈ ਕਿ ਬ੍ਰਹਮਾ ਅਤੇ ਵਿਸ਼ਨੂੰ ਦਰਮਿਆਨ ਸ੍ਰੇਸ਼ਠਤਾ ਨੂੰ ਲੈ ਕੇ ਵਿਵਾਦ ਹੋ ਗਿਆ ਅਤੇ ਅਖੀਰ ਨੌਬਤ ਜੰਗ ਤਕ ਪਹੁੰਚ ਗਈ। ਇਸ ਗੱਲ ਦਾ ਪਤਾ ਭਗਵਾਨ ਸ਼ਿਵ ਨੂੰ ਲੱਗਾ ਤਾਂ ਉਹ ਚਿੰਤਤ ਹੋ ਉੱਠੇ। ਉਨ੍ਹਾਂ ਨੂੰ ਜਾਪਿਆ ਕਿ ਜੇਕਰ ਦੋਹਾਂ ਦਰਮਿਆਨ ਜੰਗ ਛਿੜ ਪਈ ਤਾਂ ਤੀਨ-ਲੋਕ ਦੀ ਬਰਬਾਦੀ ਨਿਸ਼ਚਿਤ ਹੈ।
ਇਸ ਯੁੱਧ ਨੂੰ ਟਾਲਣ ਲਈ ਭਗਵਾਨ ਭੋਲੇ ਸ਼ੰਕਰ ਮਹਾਅਗਨੀ ਸਮਾਨ ਸਤੰਭ ਦੇ ਰੂਪ 'ਚ ਦੋਹਾਂ ਦੇਵਤਿਆਂ ਦਰਮਿਆਨ ਪ੍ਰਗਟ ਹੋ ਗਏ। ਮੰਨਿਆ ਜਾਂਦਾ ਹੈ ਕਿ ਉਹੀ ਸਤੰਭ ਅੱਜ ਕਾਠਗੜ੍ਹ ਦੇ ਸ਼ਿਵਲਿੰਗ ਸਰੂਪ ਵਜੋਂ ਬਿਰਾਜਮਾਨ ਹੈ।
ਇਕ ਹੋਰ ਕਥਾ ਪ੍ਰਚੱਲਿਤ ਹੈ ਕਿ ਜਦੋਂ ਈਸਾ ਤੋਂ 326 ਸਾਲ ਪਹਿਲਾਂ ਸਿਕੰਦਰ ਮਹਾਨ ਦੁਨੀਆ ਨੂੰ ਸਰ ਕਰਨ ਦੀ ਮੁਹਿੰਮ 'ਤੇ ਨਿਕਲਿਆ ਹੋਇਆ ਸੀ ਤਾਂ ਉਹ ਪੰਜਾਬ ਵੱਲ ਵਧਦਾ ਹੋਇਆ ਆਪਣੇ ਲਸ਼ਕਰ ਸਮੇਤ ਮੀਰਥਲ 'ਚ ਰੁਕ ਗਿਆ। ਇਥੇ ਹੀ ਸਿਕੰਦਰ ਨੂੰ ਕਾਠਗੜ੍ਹ 'ਚ ਭਗਵਾਨ ਸ਼ਿਵ ਦੇ ਮੰਦਰ ਦਾ ਪਤਾ ਲੱਗਾ ਤਾਂ ਉਹ ਵੀ ਦਰਸ਼ਨਾਂ ਲਈ ਪੁੱਜ ਗਿਆ ਅਤੇ ਪੂਜਾ-ਅਰਾਧਨਾ ਕੀਤੀ।
ਸ਼ਿਵਲਿੰਗ ਦੇ ਦਰਸ਼ਨ ਕਰ ਕੇ ਸਿਕੰਦਰ ਇੰਨਾ ਪ੍ਰਸੰਨ ਹੋਇਆ ਕਿ ਉਸ ਨੇ ਇਥੇ ਯੂਨਾਨੀ ਕਲਾ ਦੀ ਪਛਾਣ ਵਜੋਂ ਅਸ਼ਟਕੋਣੀ ਚਬੂਤਰਿਆਂ ਦਾ ਨਿਰਮਾਣ ਕਰਵਾਇਆ, ਜਿਨ੍ਹਾਂ ਦੀਆਂ ਨਿਸ਼ਾਨੀਆਂ ਅੱਜ ਵੀ ਮੰਦਰ-ਕੰਪਲੈਕਸ 'ਚ ਮੌਜੂਦ ਹਨ। ਕਿਹਾ ਜਾਂਦਾ ਹੈ ਕਿ ਸਿਕੰਦਰ ਆਪਣੀ ਜੇਤੂ ਮੁਹਿੰਮ ਛੱਡ ਕੇ ਇਥੋਂ ਹੀ ਪਰਤ ਗਿਆ ਸੀ।
ਇਸ ਗੱਲ ਦਾ ਜ਼ਿਕਰ ਵੀ ਮਿਲਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਦੌਰਾਨ ਜਦੋਂ ਧਰਮ-ਅਸਥਾਨਾਂ ਦੇ ਪੁਨਰ-ਨਿਰਮਾਣ ਲਈ ਯਤਨ ਆਰੰਭੇ ਤਾਂ ਕਾਠਗੜ੍ਹ ਵਿਖੇ ਇਕ ਸੁੰਦਰ ਮੰਦਰ ਦਾ ਨਿਰਮਾਣ ਕਰਵਾਇਆ। ਮਹਾਰਾਜਾ ਨੇ ਖ਼ੁਦ ਵੀ ਇਸ ਸ਼ਿਵਲਿੰਗ ਦੇ ਦਰਸ਼ਨ ਕੀਤੇ ਅਤੇ ਇਸ ਅਸਥਾਨ ਲਈ ਹਰ ਸੰਭਵ ਸਹਾਇਤਾ ਦਾ ਭਰੋਸਾ ਦਿਵਾਇਆ। ਕਿਹਾ ਜਾਂਦਾ ਹੈ ਕਿ ਮਹਾਰਾਜਾ ਆਪਣੇ ਹਰ ਸ਼ੁੱਭ ਕਾਰਜ ਲਈ ਕਾਠਗੜ੍ਹ ਵਿਖੇ ਬਣੇ ਇਕ ਖੂਹ ਤੋਂ ਜਲ ਮੰਗਵਾਉਂਦੇ ਹੁੰਦੇ ਸਨ।

ਸਹੂਲਤਾਂ ਦੀ ਘਾਟ
ਇੰਨੇ ਮਹਾਨ ਅਤੇ ਪਾਵਨ ਅਸਥਾਨ ਦੇ ਬਾਵਜੂਦ ਇਸ ਖੇਤਰ 'ਚ ਕੁਝ ਸਹੂਲਤਾਂ ਦੀ ਘਾਟ ਰੜਕਦੀ ਹੈ। ਨੈਸ਼ਨਲ ਹਾਈ-ਵੇਅ ਤੋਂ ਇਸ ਅਸਥਾਨ ਤਕ ਪਹੁੰਚਣ ਲਈ ਇਕ ਵਧੀਆ ਸੜਕ ਦੀ ਉਸਾਰੀ ਕੀਤੀ ਜਾਣੀ ਚਾਹੀਦੀ ਹੈ। ਮੁੱਖ ਮਾਰਗ 'ਤੇ ਸੂਚਨਾ ਬੋਰਡਾਂ ਦੀ ਵੀ ਘਾਟ ਹੈ। ਕਾਠਗੜ੍ਹ ਵਿਚ ਸ਼ਰਧਾਲੂਆਂ ਦੀ ਵੱਡੀ ਆਮਦ ਨੂੰ ਦੇਖਦਿਆਂ ਸਿਹਤ ਸਹੂਲਤਾਂ ਅਤੇ ਰਿਹਾਇਸ਼ ਦੇ ਪ੍ਰਬੰਧ ਵੱਲ ਸਰਕਾਰ ਨੂੰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਇਸ ਖੇਤਰ ਨੂੰ ਟੂਰਿਜ਼ਮ ਦੇ ਨਜ਼ਰੀਏ ਤੋਂ ਵਿਕਸਿਤ ਕੀਤਾ ਜਾਵੇ ਤਾਂ ਸਰਕਾਰ ਦੀ ਆਮਦਨ ਵਿਚ ਬਹੁਤ ਵਾਧਾ ਹੋ ਸਕਦਾ ਹੈ ਅਤੇ ਖੇਤਰ ਦੇ ਕਈ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲ ਸਕਦੈ।
94174-02327
                                                                                         


KamalJeet Singh

Content Editor

Related News