ਜੇਲਾਂ ''ਚ ਬੰਦ ਸਿੱਖਾਂ ਦੀ ਰਿਹਾਈ ਲਈ ਸ਼੍ਰੋਮਣੀ ਕਮੇਟੀ ਨੇ ਕੇਂਦਰ ਨੂੰ ਲਿਖਿਆ ਪੱਤਰ : ਲੌਂਗੋਵਾਲ

04/03/2018 10:25:00 AM

ਸੁਨਾਮ, ਊਧਮ ਸਿੰਘ ਵਾਲਾ (ਮੰਗਲਾ)—'ਬੰਦੀ ਸਿੱਖਾਂ ਦੀ ਰਿਹਾਈ ਲਈ ਸ਼੍ਰੋਮਣੀ ਕਮੇਟੀ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੱਖਾਂ ਨੂੰ ਰਿਹਾਅ ਕਰਵਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਨਰਲ ਮੀਟਿੰਗ 'ਚ ਇਕ ਮਤਾ ਪਾਸ ਕਰ ਕੇ ਗ੍ਰਹਿ ਮੰਤਰੀ ਰਾਜ ਨਾਥ ਸਿੰਘ ਨੂੰ ਪੱਤਰ ਵੀ ਲਿਖਿਆ ਗਿਆ ਹੈ।' ਇਹ ਸ਼ਬਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਹੇ। ਉਹ ਇਥੇ ਟਕਸਾਲੀ ਨੇਤਾ ਸੁਖਵਿੰਦਰ ਸਿੰਘ ਦੇ ਘਰ ਇਕ ਧਾਰਮਕ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਪਹੁੰਚੇ ਹੋਏ ਸਨ । ਲੌਂਗੋਵਾਲ ਨੇ ਕਿਹਾ ਕਿ ਸਜ਼ਾ ਪੂਰੀ ਕਰ ਚੁੱਕੇ ਸਿੱਖਾਂ ਨੂੰ ਜੇਲ 'ਚ ਬੰਦ ਰੱਖਣਾ ਮਨੁੱਖੀ ਅਧਿਕਾਰਾਂ ਦਾ ਘਾਣ ਹੈ। ਸ਼੍ਰੋਮਣੀ ਕਮੇਟੀ ਵੱਲੋਂ ਬੰਦੀ ਸਿੱਖਾਂ ਦੀ ਰਿਹਾਈ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਤੇਜ਼ ਕੀਤੀ ਜਾ ਰਹੀ ਹੈ।  ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਧਰਮ ਪ੍ਰਚਾਰ ਲਈ 76 ਕਰੋੜ ਰੁਪਏ ਰੱਖੇ ਗਏ ਹਨ ਜਦੋਂਕਿ ਸਿੱਖਿਆ ਅਤੇ ਸਿਹਤ ਲਈ ਵੱਖਰਾ ਬਜਟ ਰੱਖਿਆ ਗਿਆ ਹੈ। ਗੁਰਮਤਿ ਸਮਾਗਮ, ਸੈਮੀਨਾਰ ਅਤੇ ਨਗਰ ਕੀਰਤਨ ਅਤੇ ਹੋਰ ਪ੍ਰੋਗਰਾਮਾਂ ਨੂੰ ਵੱਡੇ ਪੱਧਰ 'ਤੇ ਆਯੋਜਿਤ ਕੀਤਾ ਜਾ ਰਿਹਾ ਹੈ । ਇਸ ਮੌਕੇ ਵਿਦਵਾਨ ਡਾ. ਬਲਦੇਵ ਸਿੰਘ ਪਟਿਆਲਾ ਵੱਲੋਂ ਸ੍ਰੀ ਸੁਖਮਨੀ ਸਾਹਿਬ, ਸਟੀਕ ਅਤੇ ਕਾਵਿ ਅਨੁਵਾਦ ਪੁਸਤਕ ਰਿਲੀਜ਼ ਕੀਤੀ ਗਈ। ਇਸ ਮੌਕੇ ਨਗਰ ਕੌਂਸਲਰ ਪ੍ਰਭਸ਼ਰਨ ਸਿੰਘ ਬੱਬੂ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ । ਇਸ ਪ੍ਰੋਗਰਾਮ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਸ਼ਹਿਰੀ ਪ੍ਰਿਤਪਾਲ ਸਿੰਘ ਹਾਂਡਾ, ਗੁਰਦੀਪ ਸਿੰਘ, ਪ੍ਰਭਸ਼ਰਨ ਬੱਬੂ, ਗਿਆਨੀ ਜੰਗੀਰ ਸਿੰਘ ਰਤਨ, ਐਡਵੋਕੇਟ ਹਰਬੰਸ ਸਿੰਘ, ਐਡਵੋਕੇਟ ਗਗਨਦੀਪ ਸਿੰਘ, ਮਾਸਟਰ ਦਲਜੀਤ ਸਿੰਘ ਅਤੇ ਹੋਰ ਹਾਜ਼ਰ ਸਨ।


Related News