ਲੌਂਗੋਵਾਲ ਲਈ ਫੁੱਲਾਂ ਦੀ ਸੇਜ ਨਹੀਂ ਹੋਵੇਗੀ ਪ੍ਰਧਾਨਗੀ ਦੀ ਕੁਰਸੀ!

Sunday, Dec 03, 2017 - 08:15 AM (IST)

ਲੌਂਗੋਵਾਲ ਲਈ ਫੁੱਲਾਂ ਦੀ ਸੇਜ ਨਹੀਂ ਹੋਵੇਗੀ ਪ੍ਰਧਾਨਗੀ ਦੀ ਕੁਰਸੀ!

ਲੁਧਿਆਣਾ (ਮੁੱਲਾਂਪੁਰੀ)-ਬੀਤੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਗੋਬਿੰਦ ਸਿੰਘ ਲੌਂਗੋਵਾਲ ਦੀ ਤਾਜਪੋਸ਼ੀ ਦਾ ਸ਼ਿੰਗਾਰ ਬਣੀ ਹੈ, ਜਿਸ ਨੂੰ ਲੈ ਕੇ ਵਧਾਈਆਂ ਦੇਣ ਵਾਲੇ ਅਤੇ ਨੁਕਤਾਚੀਨੀ ਕਰਨ ਵਾਲਿਆਂ ਦੀਆਂ ਲਾਈਨਾਂ ਵਿਚ ਵੀ ਵਾਧਾ ਹੋਇਆ ਹੈ ਪਰ ਲੰਬਾ ਸਮਾਂ ਮੈਂਬਰ ਰਹਿਣ ਵਾਲੇ ਸ. ਲੌਂਗੋਵਾਲ ਰਾਜਨੀਤਕ ਖੇਤਰ ਵਿਚ ਤਾਂ ਬਹੁਤ ਤਜਰਬੇਕਾਰ ਮੰਨੇ ਜਾ ਰਹੇ ਹਨ ਪਰ ਧਾਰਮਿਕ ਖੇਤਰ ਵਿਚ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਅੜਚਨਾਂ ਪੇਸ਼ ਆ ਸਕਦੀਆਂ ਹਨ, ਜਿਸ ਕਾਰਨ ਸ. ਲੌਂਗੋਵਾਲ ਨੂੰ ਸ਼ਾਇਦ ਹੀ ਪੁਰਾਣੇ ਪ੍ਰਧਾਨ ਆਪਣੇ ਤਜਰਬੇ ਦੀ ਕਰਾਮਾਤ ਦੀਆਂ ਰਮਜ਼ਾਂ ਸਿਖਾਉਣ ਕਿਉਂਕਿ ਉਹ ਜਾਣਦੇ ਹਨ ਕਿ ਲੌਂਗੋਵਾਲ ਵੱਡੇ ਨੇਤਾ ਵੱਡੇ ਘਰ ਨਾਲ ਲਗਾਅ ਕਾਰਨ ਇਹ ਮਾਣ ਹਾਸਲ ਕਰਨ ਵਿਚ ਸਫਲ ਹੋਏ ਹਨ।  
ਬਾਕੀ ਲੌਂਗੋਵਾਲ ਦੇ ਪ੍ਰਧਾਨ ਬਣਨ 'ਤੇ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸ. ਬਾਦਲ ਨੇ ਇਹ ਵੱਡਾ ਪੱਤਾ ਖੇਡਿਆ ਹੈ। ਜਿਸ ਨਾਲ ਸ਼੍ਰੋਮਣੀ ਕਮੇਟੀ 'ਚੋਂ ਹਰਨਾਮ ਸਿੰਘ ਧੁੰਮਾ ਦਮਦਮੀ ਟਕਸਾਲ ਦੀ ਵੀ ਇਕ ਤਰ੍ਹਾਂ ਨਾਲ ਪਰ ਕੁਤਰਨ ਵਾਲੀ ਕਾਰਵਾਈ ਕੀਤੀ ਹੈ ਅਤੇ ਉਨ੍ਹਾਂ ਦੇ ਆਗੂਆਂ ਦੀ ਛੁੱਟੀ ਕਰ ਦਿੱਤੀ ਹੈ। ਬਾਕੀ ਇਹ ਵੀ ਚਰਚਾ ਪਿੱਛਾ ਨਹੀਂ ਛੱਡ ਰਹੀ ਕਿ ਲੌਂਗੋਵਾਲ ਵੋਟਾਂ ਲੈਣ ਲਈ ਸਿਰਸੇ ਵਾਲੇ ਸਾਧ ਦੇ ਡੇਰੇ 'ਤੇ ਵੋਟਾਂ ਮੰਗਣ ਗਿਆ ਸੀ ਜਿਸ ਕਾਰਨ ਉਸ ਨੂੰ ਧਾਰਮਿਕ ਸਜ਼ਾ ਵੀ ਲੱਗੀ ਸੀ। ਇਥੇ ਹੀ ਬੱਸ ਨਹੀਂ ਆਉਣ ਵਾਲੇ ਦਿਨਾਂ ਵਿਚ ਇਹ ਮੰਗ ਵੀ ਵਿਰੋਧੀ ਜ਼ੋਰ-ਸ਼ੋਰ ਨਾਲ ਉਠਾ ਸਕਦੇ ਹਨ ਕਿ ਪਿਛਲੇ ਪ੍ਰਧਾਨਾਂ ਦੇ ਹੁੰਦਿਆਂ ਭਾਈ-ਭਤੀਜਾਵਾਦ ਦੀ ਕੀਤੀ ਭਰਤੀ ਨੂੰ ਰੱਦ ਕਰ ਕੇ ਲੋੜਵੰਦ ਵਿਅਕਤੀਆਂ ਨੂੰ ਥਾਂ ਦਿੱਤੀ ਜਾਵੇ। ਜੇਕਰ ਇਸ ਮੰਗ ਨੇ ਜ਼ੋਰ ਫੜ ਲਿਆ ਤਾਂ ਵੀ ਮੌਜੂਦਾ ਮੈਂਬਰਾਂ ਨਾਲ ਰੇੜਕਾ ਵਧ ਸਕਦਾ ਹੈ, ਸਮੇਤ ਕਈ ਹੋਰ ਅਜਿਹੇ ਮਸਲੇ ਹਨ ਜੋ ਜਨਮ ਲੈ ਸਕਦੇ ਹਨ। ਜਿਸ ਕਰ ਕੇ ਧਾਰਮਿਕ ਖੇਤਰ ਵਿਚ ਇਹ ਚਰਚਾ ਹੈ ਕਿ ਲੌਂਗੋਵਾਲ ਲਈ ਪ੍ਰਧਾਨਗੀ ਦੀ ਕੁਰਸੀ ਫੁੱਲਾਂ ਦੀ ਸੇਜ ਨਹੀਂ ।


Related News