ਸ਼੍ਰੋਮਣੀ ਅਕਾਲੀ ਦਲ ਨੇ ਸਿੱਧੂ ਤੇ ਬ੍ਰਹਮ ਮਹਿੰਦਰਾ ’ਤੇ 1500 ਕਰੋੜ ਦੇ ਘੋਟਾਲੇ ਦਾ ਲਾਇਆ ਦੋਸ਼
Wednesday, Dec 15, 2021 - 11:24 PM (IST)
ਚੰਡੀਗੜ੍ਹ(ਅਸ਼ਵਨੀ)- ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਮੰਤਰੀ ਬ੍ਰਹਮ ਮਹਿੰਦਰਾ ’ਤੇ ਘੋਟਾਲੇ ’ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵਪਾਰ ਅਤੇ ਉਦਯੋਗ ਵਿੰਗ ਦੇ ਪ੍ਰਧਾਨ ਐੱਨ.ਕੇ. ਸ਼ਰਮਾ ਨੇ ਕਿਹਾ ਕਿ ਸਥਾਨਕ ਸਰਕਾਰਾਂ ਵਿਭਾਗ ਨੇ ਨਿਜੀ ਕੰਪਨੀਆਂ ਨਾਲ ਮਿਲ ਕੇ 1500 ਕਰੋੜ ਰੁਪਏ ਤੋਂ ਜ਼ਿਆਦਾ ਦੇ ਐੱਲ.ਈ.ਡੀ. ਖਰੀਦ ਸਮਝੌਤੇ ਘੋਟਾਲੇ ਨਾਲ ਸੂਬੇ ਭਰ ਦੀਆਂ ਨਗਰ ਪਾਲਿਕਾਵਾਂ ’ਚ ਵਧੀਆਂ ਕੀਮਤਾਂ ’ਤੇ 74,944 ਐੱਲ.ਈ.ਡੀ. ਲਾਈਟਾਂ ਲਗਾਉਣ ਦਾ ਘੋਟਾਲਾ ਕੀਤਾ ਹੈ। ਇਸ ਘੋਟਾਲੇ ਦੀ ਸ਼ੁਰੂਆਤ ਤਤਕਾਲੀ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੱਧੂ ਵਲੋਂ ਸ਼ੁਰੂ ਕੀਤੀ ਗਈ ਸੀ ਅਤੇ ਉਨ੍ਹਾਂ ਦੇ ਵਾਰਿਸ ਬ੍ਰਹਮ ਮਹਿੰਦਰਾ ਵਲੋਂ ਇਸ ਨੂੰ ਪੂਰਾ ਕੀਤਾ ਗਿਆ ਸੀ। ਅਕਾਲੀ ਨੇਤਾ ਨੇ ਕਿਹਾ ਕਿ ਇਹ ਰਾਜ ਦੇ ਇਤਿਹਾਸ ’ਚ ਪਹਿਲੀ ਵਾਰ ਹੈ ਕਿ ਸਰਕਾਰ ਨੇ 60 ਕਰੋੜ ਰੁਪਏ ਦੇ ਨਿਵੇਸ਼ ਲਈ 10 ਸਾਲ ਦੀ ਮਿਆਦ ’ਚ ਸਰਕਾਰ ਨੇ ਨਿਜੀ ਕੰਪਨੀਆਂ ਨੂੰ 1520 ਕਰੋੜ ਰੁਪਏ ਦਾ ਭੁਗਤਾਨ ਕਰਨ ’ਤੇ ਸਹਿਮਤੀ ਜਤਾਈ ਹੈ।
ਇਹ ਵੀ ਪੜ੍ਹੋ- ਪੰਜਾਬ ਵਿਧਾਨ ਸਭਾ ਚੋਣਾਂ: ਚੋਣਾਂ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਸੂਬੇ 'ਚ ਪਹੁੰਚੀ ਚੋਣ ਕਮਿਸ਼ਨ ਟੀਮ
ਸ਼ਰਮਾ ਨੇ ਕਿਹਾ ਕਿ ਇਸ ਮਾਮਲੇ ’ਚ ਉਨ੍ਹਾਂ ਨੇ ਸੂਬਾ ਚੌਕਸੀ ਵਿਭਾਗ ਨੂੰ ਸ਼ਿਕਾਇਤ ਕੀਤੀ ਹੈ ਅਤੇ ਲਗਾਤਾਰ ਸਥਾਨਕ ਸਰਕਾਰਾਂ ਮੰਤਰੀਆਂ ਸਮੇਤ ਕਾਂਗਰਸ ਦੇ ਸੀਨੀਅਰ ਅਹੁਦੇਦਾਰਾਂ ਵਲੋਂ ਪ੍ਰਾਪਤ ਰਿਸ਼ਵਤ ਦੀ ਡੂੰਘੀ ਜਾਂਚ ਦੀ ਮੰਗ ਕੀਤੀ ਹੈ। ਸ਼ਰਮਾ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੀ ਸਰਕਾਰ ਬਣਨ ’ਤੇ ਇਸ ਮਾਮਲੇ ਦੀ ਜਾਂਚ ਹੋਵੇਗੀ। ਨਾਲ ਹੀ ਇਸ ਨੂੰ ਸੀ. ਬੀ. ਆਈ. ਜਾਂ ਕੇਂਦਰੀ ਚੌਕਸੀ ਕਮਿਸ਼ਨ ਦੀ ਜਾਂਚ ਲਈ ਵੀ ਭੇਜਣਗੇ। ਅਸੀਂ ਸੰਕਲਪ ਕਰਦੇ ਹਾਂ ਕਿ ਇਸ ਮਾਮਲੇ ’ਚ ਸਰਕਾਰੀ ਖਜ਼ਾਨੇ ਨੂੰ ਲੁੱਟਣ ਵਾਲੇ ਸਾਰੇ ਦੋਸ਼ੀਆਂ ਨੂੰ ਸਲਾਖਾਂ ਦੇ ਪਿੱਛੇ ਪਾਇਆ ਜਾਵੇਗਾ। ਇਹ ਸੂਬੇ ਦੇ ਖਜ਼ਾਨੇ ਦੀ ਦਿਨ ਦਿਹਾੜੇ ਲੁੱਟ ਦੇ ਬਰਾਬਰ ਹੈ। ਸ਼ਰਮਾ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਨੂੰ ਦੱਸਣਾ ਚਾਹੀਦਾ ਹੈ ਕਿ ਕੀ ਉਹ ਇਸ ਮਾਮਲੇ ’ਚ ਇਕ ਪਾਰਟੀ ਬਣ ਗਏ ਹਨ ਅਤੇ ਇਸ ਘੋਟਾਲੇ ਦੀ ਲੁੱਟ ’ਚ ਵੀ ਹਿੱਸਾ ਲੈ ਰਹੇ ਹਨ।
ਇਹ ਵੀ ਪੜ੍ਹੋ- ਵਿਕਾਸ ਦੇ ਏਜੰਡੇ ’ਤੇ ਚੋਣਾਂ ਜਿੱਤੇਗੀ ਆਮ ਆਦਮੀ ਪਾਰਟੀ: ਅਰਵਿੰਦ ਕੇਜਰੀਵਾਲ
ਸ਼ਰਮਾ ਨੇ ਡੇਰਾਬੱਸੀ ’ਚ ਚੱਲ ਰਹੀਆਂ ਹੋਰ ਭ੍ਰਿਸ਼ਟ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ੀਰਕਪੁਰ ’ਚ ਵੱਡੇ ਪੈਮਾਨੇ ’ਤੇ ਗ਼ੈਰਕਾਨੂੰਨੀ ਰੇਤ ਮਾਈਨਿੰਗ ਦੇ ਨਾਲ-ਨਾਲ ਲਾਲੜੂ ’ਚ 90 ਏਕੜ ਜ਼ਮੀਨ ’ਚ ਗ਼ੈਰਕਾਨੂੰਨੀ ਤੌਰ ’ਤੇ ਖੈਰ ਦੇ ਦਰੱਖਤਾਂ ਦੀ ਕਟਾਈ ਸ਼ਾਮਲ ਹੈ। ਉਨ੍ਹਾਂ ਇਸ ਗੱਲ ਦੀ ਵੀ ਜਾਣਕਾਰੀ ਦਿੱਤੀ ਕਿ ਕਿੰਝ ਭ੍ਰਿਸ਼ਟ ਅਧਿਕਾਰੀਆਂ ਨੂੰ ਜ਼ੀਰਕਪੁਰ ’ਚ ਗ਼ੈਰਕਾਨੂੰਨੀ ਤੌਰ ’ਤੇ ਨਗਰ ਪਰਿਸ਼ਦ ਕੋਲ ਜਮ੍ਹਾ 250 ਕਰੋੜ ਰੁਪਏ ਨੂੰ ਇੱਧਰ-ਉਧਰ ਕਰਨ ਲਈ ਤਾਇਨਾਤ ਕੀਤਾ ਗਿਆ ਸੀ।
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ