ਵਕੀਲ ਦੀ ਕੋਠੀ ’ਚੋਂ 5 ਲੱਖ ਰੁਪਏ ਚੋਰੀ ਕਰਨ ਵਾਲਾ ਨੌਕਰ ਕਾਬੂ

Monday, Aug 20, 2018 - 07:11 AM (IST)

ਵਕੀਲ ਦੀ ਕੋਠੀ ’ਚੋਂ 5 ਲੱਖ ਰੁਪਏ ਚੋਰੀ ਕਰਨ ਵਾਲਾ ਨੌਕਰ ਕਾਬੂ

 ਚੰਡੀਗਡ਼੍ਹ, (ਸੁਸ਼ੀਲ)- ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਦੀ ਸੈਕਟਰ-16 ਸਥਿਤ ਕੋਠੀ ’ਚੋਂ 5 ਲੱਖ ਰੁਪਏ  ਚੋਰੀ ਕਰਨ ਵਾਲੇ ਨੌਕਰ ਨੂੰ ਪੁਲਸ ਨੇ ਦਬੋਚ ਲਿਆ, ਜਿਸ ਦੀ ਪਛਾਣ ਬਿਹਾਰ ਨਿਵਾਸੀ ਰਾਜਕੁਮਾਰ ਸ਼ਾਹ ਵਜੋਂ  ਹੋਈ। ਪੁਲਸ ਨੇ ਨੌਕਰ ਦੀ ਨਿਸ਼ਾਨਦੇਹੀ ’ਤੇ ਕੋਠੀ ’ਚ ਮੌਜੂਦ ਸਰਵੈਂਟ ਕੁਆਰਟਰ ’ਚੋਂ 5  ਲੱਖ ਦੀ ਨਕਦੀ ਬਰਾਮਦ ਕਰ ਲਈ। ਨੌਕਰ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਕੁਝ ਸੀ. ਸੀ. ਟੀ. ਵੀ. ਕੈਮਰੇ ਬੰਦ ਕਰ ਦਿੱਤੇ ਤਾਂ ਕਈਆਂ ਦੀ ਡਾਇਰੈਕਸ਼ਨ ਬਦਲ ਦਿੱਤੀ ਪਰ ਨੌਕਰ ਇਕ ਸੀ. ਸੀ. ਟੀ. ਵੀ. ਕੈਮਰੇ ’ਚ ਬੈਗ ਲੈ ਕੇ ਜਾਂਦੇ ਹੋਏ ਕੈਦ ਹੋ ਗਿਆ। ਵਕੀਲ ਅਸ਼ਵਨੀ ਕੁਮਾਰ ਚੋਪਡ਼ਾ ਦੀ ਸ਼ਿਕਾਇਤ ’ਤੇ ਸੈਕਟਰ-17 ਥਾਣਾ ਪੁਲਸ ਨੇ ਨੌਕਰ ਖਿਲਾਫ ਚੋਰੀ ਦਾ ਮਾਮਲਾ  ਦਰਜ ਕਰ ਲਿਆ।  
 ਸੈਕਟਰ-16 ਸਥਿਤ ਕੋਠੀ ਨੰ. 112 ਨਿਵਾਸੀ ਅਸ਼ਵਨੀ ਕੁਮਾਰ ਚੋਪਡ਼ਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਵਕੀਲ ਹੈ। 18 ਅਗਸਤ ਨੂੰ ਉਨ੍ਹਾਂ ਦੀ ਕੋਠੀ ਅੰਦਰ ਕਮਰੇ ’ਚ ਰੱਖੇ  5 ਲੱਖ ਰੁਪਏ ਚੋਰੀ ਹੋ ਗਏ। ਮਾਮਲੇ ਦੀ ਸੂਚਨਾ ਮਿਲਦਿਅਾਂ ਹੀ ਸੈਕਟਰ-17 ਥਾਣਾ ਪੁਲਸ ਮੌਕੇ ’ਤੇ ਪਹੁੰਚੀ। ਪੁਲਸ ਨੇ ਕੋਠੀ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ। ਕੁਝ ਸੀ. ਸੀ. ਟੀ. ਵੀ. ਕੈਮਰੇ ਬੰਦ ਪਏ ਸਨ ਤੇ ਕਈ ਕੈਮਰਿਆਂ ਦੀ ਡਾਇਰੈਕਸ਼ਨ ਬਦਲੀ ਹੋਈ ਸੀ। 
ਪੁਲਸ ਨੂੰ ਇਕ ਸੀ. ਸੀ. ਟੀ. ਵੀ. ਕੈਮਰੇ ’ਚ ਚੋਰ ਬੈਗ ਲੈ ਕੇ ਜਾਂਦੇ ਹੋਏ ਵਿਖਾਈ ਦਿੱਤਾ। ਚੋਰ ਨੇ ਮੂੰਹ ’ਤੇ ਕੱਪਡ਼ਾ ਬੰਨ੍ਹਿਆ ਹੋਇਆ ਸੀ। ਮਾਲਕ ਅਸ਼ਵਨੀ ਕੁਮਾਰ  ਚੋਪਡ਼ਾ ਨੂੰ ਸੀ. ਸੀ. ਟੀ. ਵੀ. ’ਚ ਚੋਰ ਵੇਖ ਕੇ ਆਪਣੇ ਨੌਕਰ ’ਤੇ ਸ਼ੱਕ ਹੋਇਆ। ਪੁਲਸ ਨੇ ਤੁਰੰਤ ਨੌਕਰ ਰਾਜਕੁਮਾਰ ਸ਼ਾਹ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਕੀਤੀ। ਪੁੱਛਗਿੱਛ ਵਿਚ ਨੌਕਰ ਨੇ ਦੱਸਿਆ ਕਿ ਉਸਨੇ ਹੀ 5 ਲੱਖ ਰੁਪਏ ਚੋਰੀ ਕੀਤੇ ਹਨ। ਪੁਲਸ ਨੇ ਨੌਕਰ ਦੇ ਕਮਰੇ ’ਚੋਂ ਚੋਰੀ ਦੇ ਰੁਪਏ ਬਰਾਮਦ ਕੀਤੇ। ਪੁਲਸ ਨੇ ਦੱਸਿਆ ਕਿ ਰਾਜਕੁਮਾਰ ਆਪਣੇ ਪਰਿਵਾਰ  ਦੇ ਨਾਲ ਵਕੀਲ ਦੀ ਕੋਠੀ ’ਚ ਰਹਿੰਦਾ ਸੀ।
 


Related News