ਇਹ ਹੈ ਪੰਜਾਬ ਦਾ ਅਜਿਹਾ ਸਕੂਲ, ਜਿੱਥੇ 35 ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਹੈ ਸਿਰਫ਼ 1 ਅਧਿਆਪਕ
Thursday, Jul 18, 2024 - 08:30 PM (IST)
ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਜਿੱਥੇ ਦੇਸ਼ ਭਰ 'ਚ ਸਰਕਾਰੀ ਸਕੂਲਾਂ ਦਾ ਮਿਆਰ ਉੱਚਾ ਚੁੱਕਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ, ਉੱਥੇ ਹੀ ਪੰਜਾਬ ਦੇ ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪਿੰਡ ਤੂਰਬਾਨੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਅੱਜ ਵੀ ਬੱਚਿਆਂ ਦੇ ਮਾਪੇ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਸਰਪੰਚ ਗੁਰਨਾਮ ਸਿੰਘ ਤੂਰ, ਸੋਹਣ ਲਾਲ, ਕਰਮ ਚੰਦ, ਗੁਰਜੀਤ ਸਿੰਘ, ਜਸਬੀਰ ਪਾਲ, ਕਰਮ ਚੰਦ ਆਦਿ ਨੇ ਦੱਸਿਆ ਕਿ ਇਸ ਸਕੂਲ ਵਿੱਚ ਪਿਛਲੇ ਕਰੀਬ 2 ਸਾਲਾਂ ਤੋਂ ਸਿਰਫ਼ ਇੱਕ ਮਹਿਲਾ ਅਧਿਆਪਕ ਦੇ ਸਿਰ 'ਤੇ ਹੀ ਪਹਿਲੀ ਤੋਂ ਪੰਜਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਦੀ ਜ਼ਿੰਮੇਵਾਰੀ ਹੈ।
ਉਨ੍ਹਾਂ ਦੱਸਿਆ ਕਿ ਸਕੂਲ 'ਚ ਪਹਿਲੀ ਕਲਾਸ ਤੋਂ ਲੈ ਕੇ ਪੰਜਵੀਂ ਕਲਾਸ ਤੱਕ ਕੁੱਲ 35 ਵਿਦਿਆਰਥੀ ਹਨ, ਜਿਨ੍ਹਾਂ ਨੂੰ ਇੱਕੋ ਅਧਿਆਪਕ ਵੱਲੋਂ ਸਹੀ ਤਰੀਕੇ ਨਾਲ ਪੜ੍ਹਾਇਆ ਜਾਣਾ ਸੰਭਵ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਅਸੀਂ ਵਿਭਾਗ ਨੂੰ ਕਈ ਵਾਰ ਜਾਣੂੰ ਕਰਵਾ ਚੁੱਕੇ ਹਾਂ ਕਿ ਸਕੂਲ ਵਿੱਚ ਕਿਸੇ ਹੋਰ ਅਧਿਆਪਕ ਦੀ ਵੀ ਨਿਯੁਕਤੀ ਕੀਤੀ ਜਾਵੇ, ਪਰ ਕਿਸੇ ਵੱਲੋਂ ਕੋਈ ਸਾਰ ਨਹੀਂ ਲਈ ਜਾ ਰਹੀ।
ਇਹ ਵੀ ਪੜ੍ਹੋ- ਪਰਿਵਾਰਕ ਮੈਂਬਰਾਂ ਨੇ ਜਾਇਦਾਦ 'ਚੋਂ ਹਿੱਸਾ ਦੇਣ ਤੋਂ ਕੀਤਾ ਇਨਕਾਰ, ਤਾਂ ਵਿਅਕਤੀ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ
ਇੱਕੋ ਅਧਿਆਪਕ ਹੋਣ ਕਾਰਨ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਹੋਰ ਕਈ ਸਕੂਲ ਦੀਆਂ ਐਕਟੀਵਿਟੀਆਂ ਕਰਨ ਦਾ ਵੀ ਮੌਕਾ ਨਹੀਂ ਮਿਲ ਰਿਹਾ, ਕਿਉਂਕਿ ਇੱਕ ਹੀ ਅਧਿਆਪਕ ਵੱਲੋਂ ਇਨ੍ਹਾਂ ਵਿਦਿਆਰਥੀਆਂ ਨੂੰ ਸਾਰੇ ਪੂਰੇ ਵਿਸ਼ਿਆਂ ਸਬੰਧੀ ਪੂਰਾ ਸਮਾਂ ਨਹੀਂ ਦਿੱਤਾ ਜਾ ਸਕਦਾ, ਜਿਸ ਕਾਰਨ ਵਧੇਰੇ ਬੱਚਿਆਂ ਨੂੰ ਸਿਰਫ ਨਾਂ ਦਾ ਸਕੂਲ ਹੀ ਵੇਖਣ ਨੂੰ ਮਿਲ ਰਿਹਾ ਹੈ।
ਇਸ ਸਬੰਧੀ ਉਨ੍ਹਾਂ ਵੱਲੋਂ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਮਿਲ ਕੇ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਹੈ ਜਿਸ ਵਿੱਚ ਉਨ੍ਹਾਂ ਨੇ ਇਹੋ ਬੇਨਤੀ ਕੀਤੀ ਹੈ ਕਿ ਸਾਡੇ ਬੱਚਿਆਂ ਦੇ ਭਵਿੱਖ ਨੂੰ ਬਚਾਉਣ ਲਈ ਜਲਦ ਤੋਂ ਜਲਦ ਇੱਥੇ ਇੱਕ ਹੋਰ ਟੀਚਰ ਦੀ ਨਿਯੁਕਤੀ ਕੀਤੀ ਜਾਵੇ ਤਾਂ ਕਿ ਆਉਣ ਵਾਲੇ ਦਿਨਾਂ ਵਿੱਚ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋ ਸਕੇ।
ਇਹ ਵੀ ਪੜ੍ਹੋ- ਦੋਸਤਾਂ ਨੂੰ ਕਾਰੋਬਾਰ ਲਈ ਦਿੱਤਾ 1 ਕਰੋੜ, ਪੈਸਾ ਨਾ ਮਿਲਿਆ ਵਾਪਸ ਤਾਂ ਸਦਮੇ ਨੇ ਲੈ ਲਈ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e