ਸਾਲ ਪਹਿਲਾਂ ਘਟੀਆ ਸਮੱਗਰੀ ਦੀ ਵਰਤੋਂ ਕਰ ਕੇ ਲੱਖਾਂ ਰੁਪਏ ਦੀ ਲਾਗਤ ਨਾਲ ਬਣੇ ਸੇਵਾ ਕੇਂਦਰ ''ਚ ਆਈਆਂ ਤਰੇੜਾਂ
Sunday, Oct 22, 2017 - 11:51 AM (IST)
ਚਾਉਕੇ (ਸ਼ਾਮ)- ਅਕਾਲੀ-ਭਾਜਪਾ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੌਰਾਨ ਆਮ ਜਨਤਾ ਲਈ ਪਿੰਡਾਂ 'ਚ ਹੀ ਇਕ ਛੱਤ ਹੇਠ 5 ਦਰਜਨ ਦੇ ਕਰੀਬ ਸੇਵਾ ਕੇਂਦਰ ਖੋਲ੍ਹੇ ਗਏ ਸਨ। ਇਕ ਸੇਵਾ ਕੇਂਦਰ 'ਤੇ ਸਰਕਾਰ ਵੱਲੋਂ ਲਗਭਗ 18 ਲੱਖ ਰੁਪਏ ਦੀ ਰਾਸ਼ੀ ਖਰਚ ਕੀਤੀ ਗਈ ਸੀ, ਇਕੱਲੇ ਬਠਿੰਡਾ ਜ਼ਿਲੇ 'ਚ ਸਰਕਾਰ ਵੱਲੋਂ 132 ਸੇਵਾ ਕੇਂਦਰ ਖੋਲ੍ਹੇ ਗਏ, ਜਿਨ੍ਹਾਂ 'ਚੋਂ ਪੇਂਡੂ ਖੇਤਰ 'ਚ 89, ਜਦਕਿ ਸ਼ਹਿਰੀ ਇਲਾਕਿਆਂ 'ਚ 33 ਸੇਵਾ ਕੇਂਦਰ ਖੋਲ੍ਹੇ ਗਏ ਸਨ, ਜਿਨ੍ਹਾਂ 'ਤੇ ਉਸ ਸਮੇਂ ਦੀ ਸਰਕਾਰ ਨੇ ਕਰੋੜਾਂ ਰੁਪਏ ਖਰਚ ਕਰ ਕੇ ਲੋਕ ਨਿਰਮਾਣ ਵਿਭਾਗ ਤੋਂ ਤਿਆਰ ਕਰਵਾਏ ਸਨ ਪਰ ਸਬੰਧਿਤ ਠੇਕੇਦਾਰਾਂ ਵੱਲੋਂ ਘਟੀਆ ਸਮੱਗਰੀ ਦੀ ਵਰਤੋਂ ਕਰਨ ਨਾਲ ਪਿੰਡ ਜਿਉਂਦ ਦੇ ਸੇਵਾ ਕੇਂਦਰ 'ਚ ਤਰੇੜਾਂ ਹੀ ਤਰੇੜਾਂ ਆ ਗਈਆਂ ਅਤੇ ਫਰਸ਼ ਬੈਠ ਗਿਆ। ਉਸ ਸਮੇਂ ਬਠਿੰਡਾ ਜ਼ਿਲੇ ਨਾਲ ਸਬੰਧਿਤ ਮੰਤਰੀਆਂ ਨੇ ਇਸ ਸੇਵਾ ਕੇਂਦਰ ਦੀ ਜਾਂਚ ਦੇ ਹੁਕਮ ਵੀ ਦਿੱਤੇ ਸਨ।
ਪਿੰਡ ਦੇ ਹੀ ਪੰਚ ਗੁਰਜਿੰਦਰ ਪਾਲ ਸਿੰਘ ਕਾਂਗਰਸੀ ਵਰਕਰ ਦਾ ਕਹਿਣਾ ਹੈ ਕਿ ਵਿਭਾਗ ਦੇ ਅਧਿਕਾਰੀਆਂ ਨੇ ਠੇਕੇਦਾਰਾਂ ਨਾਲ ਮਿਲੀਭੁਗਤ ਕਰ ਕੇ ਸਰਕਾਰ ਵੱਲੋਂ ਟੈਕਸ ਜ਼ਰੀਏ ਵਸੂਲੇ ਜਾ ਰਹੇ ਪੈਸੇ ਦੀ ਦੁਰਵਰਤੋਂ ਕੀਤੀ ਹੈ। ਪਿੰਡ ਦੇ ਸਰਪੰਚ ਕਰਮਜੀਤ ਸਿੰਘ ਦਾ ਕਹਿਣਾ ਹੈ ਕਿ ਇਸ ਦੀ ਕੰਧ ਨਾਲ ਗੰਦੇ ਪਾਣੀ ਦੀ ਨਿਕਾਸੀ ਲਈ ਨਾਲੀ ਬਣੀ ਹੋਈ ਸੀ, ਜਿਸ ਕਾਰਨ ਨਾਲੀਆਂ ਦਾ ਪਾਣੀ ਇਸ ਦੀਆਂ ਨੀਹਾਂ 'ਚ ਪੈਣ ਕਾਰਨ ਫਰਸ਼ ਦੱਬਣ ਕਾਰਨ ਸੇਵਾ ਕੇਂਦਰ 'ਚ ਤਰੇੜਾਂ ਆ ਗਈਆਂ, ਇਸ ਦੀ ਜ਼ਿੰਮੇਵਾਰੀ ਠੇਕੇਦਾਰ ਦੀ ਬਣਦੀ ਹੈ। ਭਾਕਿਯੂ (ਡਕੌਂਦਾ) ਦੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਫੌਜੀ ਦਾ ਕਹਿਣਾ ਹੈ ਕਿ ਉਹ ਜਥੇਬੰਦੀ ਦੇ ਆਗੂਆਂ ਨੂੰ ਨਾਲ ਲੈ ਕੇ ਸਬੰਧਿਤ ਅਧਿਕਾਰੀਆਂ ਵੱਲੋਂ ਇਸ ਸੇਵਾ ਕੇਂਦਰ ਦੇ ਨਿਰਮਾਣ 'ਚ ਕੀਤੀ ਘਪਲੇਬਾਜ਼ੀ ਦੀ ਜਾਂਚ ਇਕੱਲੇ ਜਿਉਂਦ ਸੇਵਾ ਕੇਂਦਰ ਦੀ ਨਹੀਂ ਬਲਕਿ ਸਾਰੇ ਬਠਿੰਡਾ ਜ਼ਿਲੇ ਦੇ ਸੇਵਾ ਕੇਂਦਰਾਂ ਦੀ ਵਿਜੀਲੈਂਸ ਤੋਂ ਕਰਵਾਈ ਜਾਵੇ। ਜਦ ਸਾਡੇ ਪ੍ਰਤੀਨਿਧ ਨੇ ਮੌਕੇ 'ਤੇ ਜਾ ਕੇ ਦੇਖਿਆ ਤਾਂ 10-12 ਮਜ਼ਦੂਰ ਸੇਵਾ ਕੇਂਦਰ ਦੀ ਮੁਰੰਮਤ ਕਰਨ 'ਚ ਜੁਟੇ ਹੋਏ ਸਨ ਅਤੇ ਵਿਭਾਗ ਦੇ ਕਰਮਚਾਰੀ ਅਤੇ ਠੇਕੇਦਾਰ ਮੀਡੀਆ ਨੂੰ ਦੇਖ ਕੇ ਖਿਸਕ ਗਏ।
ਸਬੰਧਿਤ ਵਿਭਾਗ ਦੇ ਮੰਤਰੀ ਰਜ਼ੀਆ ਸੁਲਤਾਨਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਨਿਰਮਾਣ ਕੀਤੇ ਗਏ ਸੇਵਾ ਕੇਂਦਰਾਂ ਦੀ ਨਿਰਪੱਖ ਤੌਰ 'ਤੇ ਜਾਂਚ ਕਰਵਾਉਣਗੇ ਤੇ ਦੋਸ਼ੀ ਪਾਏ ਜਾਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
