''ਆਪ'' ਸਾਬਕਾ ਜ਼ਿਲਾ ਪ੍ਰਧਾਨ ਹਰਮਨਜੀਤ ਦੀਦਰੇਵਾਲਾ ਫੜਨਗੇ ਅਕਾਲੀ ਦਲ ਦਾ ‘ਪੱਲਾ’
Sunday, Feb 22, 2026 - 07:01 PM (IST)
ਮੋਗਾ, (ਗੋਪੀ ਰਾਊਕੇ, ਕਸ਼ਿਸ਼)- ਮੋਗਾ ਜ਼ਿਲੇ ’ਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਹੁਲਾਰਾ ਮਿਲਣ ਜਾ ਰਿਹਾ ਹੈ। ਚੋਣਾਵੀ ਵਰ੍ਹੇ ਦੌਰਾਨ 'ਆਪ' ਪਾਰਟੀ ਦੇ ਸਾਬਕਾ ਜ਼ਿਲਾ ਪ੍ਰਧਾਨ ਤੇ ਜ਼ਿਲਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਹਰਮਨਜੀਤ ਸਿੰਘ ਦੀਦਰੇਵਾਲਾ ਭਲਕੇ ਸਾਥੀਆ ਸਮੇਤ ਪਿੰਡ ਬਾਦਲ ਵਿਖੇ ਸ਼੍ਰੋਮਣੀ ਅਕਾਲੀ ਦਲ ਜ਼ਿਲਾ ਮੋਗਾ ਦੀ ਲੀਡਰਸ਼ਿਪ ਨਾਲ ਅਕਾਲੀ ਵਿਚ ਸ਼ਾਮਿਲ ਹੋਣਗੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਤੋਂ ਪਹਿਲਾਂ ਦੀਦਰੇਵਾਲਾ ਦੇ ਜੱਦੀ ਹਲਕੇ ਨਿਹਾਲ ਸਿੰਘ ਵਾਲਾ ਨਾਲ ਸਬੰਧਿਤ ਸਾਬਕਾ ਵਿਧਾਇਕਾ ਬੀਬੀ ਰਾਜਵਿੰਦਰ ਕੌਰ ਭਾਗੀਕੇ ਤੇ ਸਾਬਕਾ ਚੇਅਰਮੈਨ ਹਰਭੁਪਿੰਦਰ ਸਿੰਘ ਲਾਡੀ ਬੁੱਟਰ ਦੀ ਅਕਾਲੀ ਦਲ ਵਿਚ ਸਮੂਲੀਅਤ ਕਰਵਾ ਕੇ ਹਲਕੇ ਵਿਚ ਅਕਾਲੀ ਦਲ ਦਾ ਕਿਲਾ ਮਜ਼ਬੂਤ ਕਰ ਚੁੱਕੇ ਹਨ। ਭਾਵੇਂ ਹਰਮਨਜੀਤ ਸਿੰਘ ਦੀਦਰੇਵਾਲਾ ਦੇ ਕੁੱਝ ਦਿਨਾਂ ਤੋਂ ਹੀ ਅਕਾਲੀ ਦਲ ਵਿਚ ਸਾਮਿਲ ਹੋਣ ਦੇ ਚਰਚੇ ਸਨ ਪ੍ਰੰਤੂ ਅੱਜ ਸੰਪਰਕ ਕਰਨ ਤੇ ਸ੍ਰੀ ਦੀਦਰੇਵਾਲਾ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਕੌਣ ਹੈ ਹਰਮਨਜੀਤ ਸਿੰਘ ਦੀਦਰੇਵਾਲਾ
ਦੱਸਣਾ ਬਣਦਾ ਹੈ ਕਿ ਇੱਕ ਜੁਝਾਰੂ ਆਗੂ ਵਜੋਂ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਾਲੇ ਸਾਬਕਾ ਜ਼ਿਲਾ ਪ੍ਰਧਾਨ ਹਰਮਨਜੀਤ ਸਿੰਘ ਦੀਦਰੇਵਾਲਾ ਅੰਦਰ ਸਮਾਜ ਸੇਵਾ ਦੀ ਖਿੱਚ ਰਹੀ ਤੇ ਵਰਕਰ ਨਾਲ ਹਿੱਕ ਠੋਕ ਕੇ ਖੜ੍ਹਨਾ ਉਨ੍ਹਾਂ ਦੀ ਫ਼ਿਤਰਤ ਹੈ। 2018 ਵਿਚ ਪਿੰਡ ਦੀਦਰੇਵਾਲਾ ਦੇ ਸਰਪੰਚ ਬਣ ਕੇ ਸੇਵਾ ਸ਼ੁਰੂ ਕਰਨ ਵਾਲੇ ਦੀਦਰੇਵਾਲਾ ਆਪ ਪਾਰਟੀ ਨਾਲ ਜੁੜੇ ਸਨ ਤੇ 2020 ਵਿਚ ਉਨ੍ਹਾਂ ਨੂੰ ਆਪ ਪਾਰਟੀ ਨੇ ਜ਼ਿਲਾ ਪ੍ਰਧਾਨ ਥਾਪਿਆ। ਕਾਂਗਰਸ ਦੀ ਹਕੂਮਤ ਵੇਲੇ ਉਨ੍ਹਾਂ ਜ਼ਿਲਾ ਪ੍ਰਧਾਨ ਦਾ ਅਹੁਦਾ ਸੰਭਾਲਣ ਮਗਰੋਂ ਜ਼ਿਲੇ ਭਰ ਵਿਚ ਆਪ ਪਾਰਟੀ ਦੀ ਅਜਿਹੀ ’ਤੂਤੀ’ ਬੁਲਾਈ ਕੇ ਦੇਖਦੇ ਹੀ ਦੇਖਦੇ ਪਾਰਟੀ ਦਿਨੋ ਦਿਨ ਮਜ਼ਬੂਤ ਹੋਈ ਤੇ ਇਸ ਦੇ ਸਿੱਟੇ ਵਜੋਂ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੇ ਹੂੰਝਾਫ਼ੇਰ ਜਿੱਤ ਪ੍ਰਾਪਤ ਕਰਕੇ ਜ਼ਿਲੇ ਦੀਆਂ ਸਾਰੀਆਂ ਸੀਟਾਂ ਵੱਡੀ ਲੀਡ ਨਾਲ ਜਿੱਤੀਆਂ। ਇਸ ਮਗਰੋਂ ਦੀਦਰੇਵਾਲਾ ਨੂੰ ਪਾਰਟੀ ਨੇ ਜ਼ਿਲਾ ਯੋਜਨਾ ਬੋਰਡ ਦਾ ਚੇਅਰਮੈਨ ਵੀ ਬਣਾਇਆਂ ਪ੍ਰੰਤੂ ਉਹ ਬਤੌਰ ਜ਼ਿਲਾ ਪ੍ਰਧਾਨ ਸੇਵਾ ਕਰਦੇ ਰਹੇ।
ਲੈਡ ਪੁਲਿੰਗ ਨੀਤੀ ਵਿਰੁੱਧ ਸਭ ਤੋ ਪਹਿਲਾਂ ਅਸਤੀਫ਼ਾ ਦੇ ਮਾਰੀ ਚੇਅਰਮੈਨੀ ਨੂੰ ’ਲੱਤ’
ਜ਼ਿਕਰਯੋਗ ਹੈ ਕਿ ਜਦੋਂ ਪੰਜਾਬ ਸਰਕਾਰ ਵਲੋਂ ਲੈਡ ਪੁਲਿੰਗ ਨੀਤੀ ਲਿਆਂਦੀ ਤਾਂ ਇਸ ਵਿਚ ਮੋਗਾ ਜ਼ਿਲੇ ਦੇ 5 ਪਿੰਡਾਂ ਦੀ ਜ਼ਮੀਨ ਐਕਵਾਇਰ ਕਰਨ ਦੀ ਯੋਜਨਾ ਬਣਾਈ ਗਈ ਸੀ। ਚੇਅਰਮੈਨ ਦੀਦਰੇਵਾਲਾ ਨੇ ਉਦੋਂ ਹੀ ਜ਼ਿਲਾ ਯੋਜਨਾ ਬੋਰਡ ਦੀ ਚੇਅਰਮੈਨੀ ਤੋਂ ਰੋਸ ਵਜੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ ਤੇ ਮਗਰੋਂ ਪਾਰਟੀ ਨੇ ਉਨ੍ਹਾਂ ਨੂੰ ਮੁਅੱਤਲ ਕੀਤਾ। ਉਨ੍ਹਾਂ ਕਿਹਾ ਸੀ ਕਿ ਉਹ ਕਿਸਾਨ ਦੇ ਪੁੱਤ ਹਨ ਤੇ ਕਿਸਾਨੀ ਦੇ ਹਿੱਤਾਂ ਦੀ ਪਹਿਰੇਦਾਰੀ ਪਹਿਲਾਂ ਹੈ, ਕੋਈ ਵੀ ਅਹੁਦਾ ਸਾਡੇ ਖ਼ੇਤਾਂ ਤੋਂ ਵੱਡਾ ਨਹੀਂ।
ਦੱਸ ਦੇਈਏ ਕਿ ਕੁੱਝ ਮਹੀਨੇ ਸੱਤਾਧਾਰੀ ਧਿਰ ਦੀਆਂ ਸਰਗਰਮੀਆਂ ’ਠੱਪ’ ਕਰਨ ਦੇ ਬਾਵਜੂਦ ਲੋਕਾਂ ਦੇ ਦੁੱਖਾਂ ਸੁੱਖਾ ਦੀ ਸਾਂਝੀ ਬਣਨ ਵਾਲੇ ਚੇਅਰਮੈਨ ਦੀਦਰੇਵਾਲਾ ਨੂੰ ਪਤਾ ਲੱਗਾ ਕਿ ਭਾਵੇਕਈ ਸਿਆਸੀ ਧਿਰਾਂ ਨੇ ਪਹੁੰਚ ਕਰਕੇ ਆਪਣੇ ਨਾਲ ਸ਼ਾਮਿਲ ਕਰਨ ਲਈ ਜੋਰ ਲਗਾਇਆਂ ਪ੍ਰੰਤੂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਜੁਰਅਤ ਵਾਲੇ ’ਹੀਰੇ’ ਆਗੂ ਦੀ ਚੋਣ ਕਰਕੇ ਮਾਅਰਕਾ ਮਾਰਿਆ ਹੈ।
