2 ਮੰਜ਼ਿਲਾ ਮਕਾਨ ਦੀ ਛੱਤ ਡਿੱਗੀ, ਵਾਲ-ਵਾਲ ਬਚਿਆ ਪਰਿਵਾਰ

Wednesday, Nov 01, 2017 - 06:22 AM (IST)

2 ਮੰਜ਼ਿਲਾ ਮਕਾਨ ਦੀ ਛੱਤ ਡਿੱਗੀ, ਵਾਲ-ਵਾਲ ਬਚਿਆ ਪਰਿਵਾਰ

ਅੰਮ੍ਰਿਤਸਰ,   (ਛੀਨਾ)-  ਹਲਕਾ ਦੱਖਣੀ ਅਧੀਨ ਪੈਂਦੇ ਪਿੰਡ ਸੁਲਤਾਨਵਿੰਡ ਦੀ ਪੱਤੀ ਛੇਵਾੜ ਪੰਡੋਰਾ 'ਚ ਅੱਜ ਸਵੇਰੇ 7 ਕੁ ਵਜੇ ਇਕ ਗਰੀਬ ਪਰਿਵਾਰ ਦੇ 2 ਮੰਜ਼ਿਲਾ ਘਰ ਦੀ ਛੱਤ ਡਿੱਗ ਪਈ ਪਰ ਪ੍ਰਮਾਤਮਾ ਦੀ ਨਜ਼ਰ ਸਵੱਲੀ ਹੋਣ ਕਾਰਨ ਪਰਿਵਾਰ ਦੇ ਸਾਰੇ ਮੈਂਬਰ ਵਾਲ-ਵਾਲ ਬਚ ਗਏ। ਇਸ ਸਬੰਧ 'ਚ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਸੁੱਚਾ ਸਿੰਘ ਪੁੱਤਰ ਜਗੀਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ 7 ਕੁ ਵਜੇ ਘਰ ਦੀ ਦੂਸਰੀ ਮੰਜ਼ਿਲ ਦਾ ਲੈਂਟਰ ਖਿਸਕਣ ਕਾਰਨ ਉਥੇ ਸੁੱਤੇ ਹੋਏ ਮੇਰੇ ਲੜਕੇ ਦੀ ਅੱਖ ਖੁੱਲ੍ਹ ਗਈ ਤੇ ਉਸ ਨੇ ਇਕਦਮ ਰੌਲਾ ਪਾ ਦਿੱਤਾ, ਜਿਸ ਦੀ ਆਵਾਜ਼ ਸੁਣ ਕੇ ਹੇਠਲੇ ਕਮਰੇ 'ਚ ਸੁੱਤੇ ਹੋਏ ਪਰਿਵਾਰ ਦੇ ਸਾਰੇ ਮੈਂਬਰ ਕਮਰੇ 'ਚੋਂ ਬਾਹਰ ਆ ਗਏ ਤੇ ਉਨ੍ਹਾਂ ਦੇ ਬਾਹਰ ਆਉਂਦਿਆਂ ਹੀ ਦੂਸਰੀ ਮੰਜ਼ਿਲ ਦੀ ਛੱਤ ਡਿੱਗ ਪਈ ਜਿਸ ਦੇ ਭਾਰ ਕਾਰਨ ਹੇਠਲੇ ਕਮਰੇ ਦੀ ਛੱਤ ਵੀ ਡਿੱਗ ਪਈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦੌਰਾਨ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਛੱਤ ਡਿੱਗਣ ਕਾਰਨ ਕਮਰੇ 'ਚ ਪਿਆ ਸਾਰਾ ਸਾਮਾਨ ਜ਼ਰੂਰ ਨੁਕਸਾਨਿਆ ਗਿਆ।   ਇਸ ਮੌਕੇ ਪੰਜਾਬ ਨੰਬਰਦਾਰ ਯੂਨੀਅਨ ਸਮਰਾ ਦੇ ਜ਼ਿਲਾ ਪ੍ਰਧਾਨ ਦਿਲਬਾਗ ਸਿੰਘ ਸੁਲਤਾਨਵਿੰਡ ਤੇ ਇਲਾਕੇ ਦੀ ਕੌਂਸਲਰ ਬੀਬੀ ਦਲਬੀਰ ਕੌਰ ਦੇ ਪਤੀ ਅਕਾਲੀ ਆਗੂ ਮੁਖਤਿਆਰ ਸਿੰਘ ਸੁਲਤਾਨਵਿੰਡ ਨੇ ਪੰਜਾਬ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਗਰੀਬ ਪਰਿਵਾਰ ਨੂੰ ਹੋਏ ਨੁਕਸਾਨ ਲਈ ਬਣਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਫਿਰ ਤੋਂ ਕਮਰੇ 'ਤੇ ਛੱਤ ਪਾ ਸਕਣ। 


Related News