ਕਾਰ ਸਵਾਰ ਲੁਟੇਰਿਆਂ ਨੇ ਸਕੇ ਭਰਾਵਾਂ ਨੂੰ ਬਣਾਇਆ ਨਿਸ਼ਾਨਾ, 8700 ਰੁਪਏ ਲੁੱਟ ਕੇ ਹੋਏ ਫ਼ਰਾਰ

Thursday, Aug 29, 2024 - 05:30 AM (IST)

ਕਾਰ ਸਵਾਰ ਲੁਟੇਰਿਆਂ ਨੇ ਸਕੇ ਭਰਾਵਾਂ ਨੂੰ ਬਣਾਇਆ ਨਿਸ਼ਾਨਾ, 8700 ਰੁਪਏ ਲੁੱਟ ਕੇ ਹੋਏ ਫ਼ਰਾਰ

ਜਲੰਧਰ (ਮਹੇਸ਼) : ਥਾਣਾ ਰਾਮਾ ਮੰਡੀ ਤੋਂ ਕੁਝ ਹੀ ਦੂਰੀ ’ਤੇ ਸਥਿਤ ਗੁਰੂ ਗੋਬਿੰਦ ਸਿੰਘ ਐਵੇਨਿਊ ਵਿਚ ਲੁੱਟ ਦੀ ਵਾਰਦਾਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਵਾਰਦਾਤ ਨੂੰ ਅੰਜਾਮ ਦੇਣ ਵਾਲੇ 4 ਲੁਟੇਰੇ 2 ਸਕੇ ਭਰਾਵਾਂ ਨਾਲ ਕੁੱਟਮਾਰ ਕਰਦੇ ਹੋਏ 8700 ਰੁਪਏ ਦੀ ਨਕਦੀ ਖੋਹ ਕੇ ਫ਼ਰਾਰ ਹੋ ਗਏ।

ਜਾਣਕਾਰੀ ਦਿੰਦਿਆਂ ਸ਼ਿਵਨਾਥ ਪੁੱਤਰ ਰਾਮ ਸ਼ਰਨ ਵਾਸੀ ਝਾਂਸੀ ਕਾਲੋਨੀ ਨੇ ਦੱਸਿਆ ਕਿ ਉਹ ਗੁਰੂ ਗੋਬਿੰਦ ਸਿੰਘ ਐਵੇਨਿਊ ਵਿਚ ਰੇਹੜੀ ਲਗਾ ਕੇ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ। ਉਹ ਕੰਮ ਖਤਮ ਕਰ ਕੇ ਆਪਣੇ ਘਰ ਵੱਲ ਜਾ ਰਿਹਾ ਸੀ। ਜਿਵੇਂ ਹੀ ਉਹ ਗੁਰੂ ਗੋਬਿੰਦ ਸਿੰਘ ਐਵੇਨਿਊ ਦੇ ਗੇਟ ਨੰਬਰ 5 ਦੇ ਨੇੜੇ ਪਹੁੰਚਿਆ ਤਾਂ ਇਕ ਕਾਰ ਉਸ ਕੋਲ ਆ ਕੇ ਰੁਕੀ, ਜਿਸ ਵਿਚ ਕੁੱਲ 4 ਲੋਕ ਸਵਾਰ ਸਨ। ਇਨ੍ਹਾਂ ਵਿਚ 2 ਵਿਅਕਤੀ ਨਿਹੰਗ ਦੇ ਬਾਣੇ ਵਿਚ ਸਨ।

ਇਹ ਵੀ ਪੜ੍ਹੋ : ਫਰੀਦਾਬਾਦ 'ਚ ਨਾਬਾਲਗ ਲੜਕੀ ਨਾਲ ਜਬਰ-ਜ਼ਨਾਹ, ਦੋਸ਼ੀ ਅਤੇ ਨਾਬਾਲਗ ਲੜਕੀ ਦੀ ਮਾਂ ਗ੍ਰਿਫ਼ਤਾਰ

ਉਹ ਕਾਰ ਵਿਚੋਂ ਉਤਰ ਕੇ ਬਾਹਰ ਆਏ ਅਤੇ ਉਸ ਨੂੰ ਕਹਿਣ ਲੱਗੇ ਕਿ ਉਹ ਸਬਜ਼ੀ ਦੀ ਰੇਹੜੀ ਇੱਥੇ ਕਿਸ ਨੂੰ ਪੁੱਛ ਕੇ ਲਗਾਉਂਦਾ ਹੈ, ਜਿਸ ’ਤੇ ਉਸ ਨੇ ਕਿਹਾ ਕਿ ਉਹ 3-4 ਸਾਲ ਤੋਂ ਇਸੇ ਇਲਾਕੇ ਵਿਚ ਰਹਿ ਰਿਹਾ ਹੈ ਅਤੇ ਇਲਾਕੇ ਦੇ ਲੋਕਾਂ ਦੀ ਸਹਿਮਤੀ ਨਾਲ ਹੀ ਰੇਹੜੀ ਲਗਾ ਰਿਹਾ ਹੈ। ਕਾਰ ਸਵਾਰ ਉਸ ਨੂੰ ਕਹਿਣ ਲੱਗੇ ਕਿ ਜੇਕਰ ਉਸ ਨੇ ਰੇਹੜੀ ਲਗਾਉਣੀ ਹੈ ਤਾਂ ਪਹਿਲਾਂ ਉਨ੍ਹਾਂ ਦੀ ਸੇਵਾ ਕਰਨੀ ਹੋਵੇਗੀ, ਜਿਸ ’ਤੇ ਉਨ੍ਹਾਂ ਨੂੰ ਉਸ ਨੇ 200 ਰੁਪਏ ਦੇਣ ਦੀ ਕੋਸ਼ਿਸ਼ ਕੀਤੀ।

ਸਿਰਫ 200 ਰੁਪਏ ਦੇਣ ’ਤੇ ਕਾਰ ਸਵਾਰ ਲੁਟੇਰੇ ਗੁੱਸੇ ਵਿਚ ਆ ਗਏ ਅਤੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਥੇ ਆਏ ਉਸਦੇ ਭਰਾ ਰਾਮਤੇਜ ਨੇ ਵੀ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਉਸ ’ਤੇ ਵੀ ਹਮਲਾ ਕਰ ਦਿੱਤਾ। ਕਾਰ ਸਵਾਰਾਂ ਨੇ ਦੋਵਾਂ ਭਰਾਵਾਂ ਨੂੰ ਕਿਰਪਾਨ ਦਿਖਾ ਕੇ ਧਮਕਾਉਣਾ ਸ਼ੁਰੂ ਕਰ ਦਿੱਤਾ ਅਤੇ ਕਹਿਣ ਲੱਗੇ ਕਿ ਉਨ੍ਹਾਂ ਦੋਵਾਂ ਨੂੰ ਉਨ੍ਹਾਂ ਨੇ ਥਾਣੇ ਲੈ ਕੇ ਜਾਣਾ ਹੈ।

ਸ਼ਿਵਨਾਥ ਅਤੇ ਰਾਮਤੇਜ ਨੇ ਕਿਹਾ ਕਿ ਉਹ ਡਰ ਮਹਿਸੂਸ ਕਰਦੇ ਹੋਏ ਉਸ ਦੀ ਕਾਰ ਵਿਚ ਬੈਠ ਗਏ। ਕਾਰ ਵਿਚ ਬੈਠਦੇ ਹੀ ਉਨ੍ਹਾਂ ਨੇ ਉਨ੍ਹਾਂ ਤੋਂ 8700 ਰੁਪਏ ਦੀ ਨਕਦੀ ਖੋਹ ਲਈ ਅਤੇ ਉਨ੍ਹਾਂ ਨੂੰ ਕਾਰ ਵਿਚੋਂ ਹੇਠਾਂ ਉਤਾਰ ਦਿੱਤਾ। ਕਹਿਣ ਲੱਗੇ ਕਿ ਬਾਅਦ ਵਿਚ ਫਿਰ ਮਿਲਾਂਗੇ। ਇਸ ਸਬੰਧੀ ਪੀੜਤ ਵੱਲੋਂ ਥਾਣਾ ਰਾਮਾ ਮੰਡੀ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Sandeep Kumar

Content Editor

Related News