ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕੱਪੜਿਆਂ ਦੀ ਰੰਗਾਈ ''ਚ ਵਰਤੇ ਜਾਂਦੇ ਅਕਾਰਬਨਿਕ ਰੰਗਾਂ ''ਤੇ ਲਾਈ ਪਾਬੰਦੀ

Sunday, Jun 10, 2018 - 11:08 AM (IST)

ਪਟਿਆਲਾ/ਰੱਖੜਾ (ਰਾਣਾ)-ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਹਰ ਤਰ੍ਹਾਂ ਦੇ ਫੈਲ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਨਿੱਤ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਜੋ ਪਾਣੀ ਵਿਚ ਮਿਲਾਵਟੀ ਰਸਾਇਣਿਕ ਤੱਤ ਹਨ, ਉਨ੍ਹਾਂ ਨੂੰ ਰੋਕਣ ਲਈ ਵੀ ਹਰ ਤਰ੍ਹਾਂ ਦੀ ਪਾਬੰਦੀ ਲਾਈ ਗਈ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਰੰਗਾਈ ਅਤੇ ਪਿੰ੍ਰਟਿੰਗ ਉਦਯੋਗ ਨੂੰ ਨੋਟਿਸ ਜਾਰੀ ਕਰਦਿਆਂ ਰੰਗਾਈ ਵਿਚ ਵਰਤੇ ਜਾਂਦੇ ਅਕਾਰਬਨਿਕ ਰੰਗਾਂ 'ਤੇ ਵੀ ਪੂਰਨ ਤੌਰ 'ਤੇ ਪਾਬੰਦੀ ਲਾ ਦਿੱਤੀ ਹੈ। 
ਇਸ ਸਬੰਧੀ ਗੱਲਬਾਤ ਕਰਦਿਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂੰ ਨੇ ਕਿਹਾ ਕਿ ਵਾਟਰ ਪ੍ਰਦੂਸ਼ਣ ਰੋਕਥਾਮ ਐਕਟ-1974 ਤਹਿਤ ਰੰਗਾਈ ਅਤੇ ਪ੍ਰਿੰਟਿੰਗ ਉਦਯੋਗ ਵਿਚ ਵਰਤੇ ਜਾਂਦੇ ਅਕਾਰਬਨਿਕ ਰੰਗਾਂ 'ਤੇ ਪਾਬੰਦੀ ਲਾਉਣ ਦਾ ਫੈਸਲਾ ਲੈਂਦਿਆਂ ਕੱਪੜੇ ਦੀ ਰੰਗਾਈ ਤੇ ਪ੍ਰਿੰਟਿੰਗ ਉਦਯੋਗਾਂ ਅਤੇ ਆਮ ਜਨਤਾ ਦੀ ਸਲਾਹ ਜਾਂ ਇਤਰਾਜ਼ ਪ੍ਰਾਪਤ ਕਰਨ ਲਈ ਨੋਟਿਸ ਜਾਰੀ ਕੀਤਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਅਕਾਰਬਨਿਕ ਰੰਗਾਂ ਵਿਚ ਬੜੀ ਗੁੰਝਲਦਾਰ ਯੋਗਿਕ ਵਿਵਸਥਾ ਵਿਚ ਮਾਰੂ ਧਾਤਾਂ ਜੁੜੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਜੈਵਿਕ-ਕਿਰਿਆ ਨਾਲ ਤੋੜ ਕੇ ਅਲੱਗ ਕਰਨਾ ਅਸੰਭਵ ਹੈ ਅਤੇ ਇਹ ਯੋਗਿਕ ਪਾਣੀ ਨੂੰ ਸਾਫ਼ ਕਰਨ ਦੀ ਵਿਧੀ ਵਿਚ ਵੀ ਅੜਚਨ ਪਾਉਂਦਿਆਂ ਨਿਕਾਸੀ ਪਾਣੀ ਨਾਲ ਬਾਹਰ ਨਿਕਲ ਜਾਂਦੇ ਹਨ ਜੋ ਡ੍ਰੇਨਾਂ, ਨਾਲਿਆਂ ਰਾਹੀਂ ਹੁੰਦਾ ਦਰਿਆਵਾਂ ਦੇ ਪਾਣੀਆਂ ਦਾ ਹਿੱਸਾ ਬਣਦੇ ਹਨ ਅਤੇ ਜੀਵ-ਭਿੰਨਤਾ 'ਤੇ ਮਾਰੂ ਪ੍ਰਭਾਵ ਪਾਉਂਦੇ ਹਨ। 
ਇਹ ਦੇਖਿਆ ਗਿਆ ਹੈ ਕਿ ਲੁਧਿਆਣਾ, ਅੰਮ੍ਰਿਤਸਰ ਅਤੇ ਇਨ੍ਹਾਂ ਦੇ ਆਸ-ਪਾਸ ਦੇ ਇਲਾਕਿਆਂ ਤੋਂ ਇਲਾਵਾ ਪੰਜਾਬ ਭਰ ਵਿਚ ਕੱਪੜੇ ਦੀ ਰੰਗਾਈ ਅਤੇ ਪ੍ਰਿੰਟਿੰਗ ਉਦਯੋਗ ਜਿਹੜੇ ਅਜਿਹੇ ਅਕਾਰਬਨਿਕ ਰੰਗਾਂ ਦੀ ਵਰਤੋਂ ਕਰਦੇ ਹਨ, ਆਪਣਾ ਸੋਧਿਆ ਪਾਣੀ ਸੀਵਰੇਜ਼ ਵਿਚ ਪਾਉਂਦੇ ਹਨ ਜੋ ਸਿੱਧੇ ਜਾਂ ਅਸਿੱਧੇ ਤੌਰ 'ਤੇ ਦਰਿਆਵਾਂ ਦੇ ਪਾਣੀਆਂ ਦਾ ਹਿੱਸਾ ਬਣ ਕੇ ਇਨ੍ਹਾਂ ਦੀ ਕੁਆਲਿਟੀ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਦਰਿਆਵਾਂ ਵਿਚ ਮੌਜੂਦ ਜੀਵ-ਜੰਤੂਆਂ ਦੀ ਜ਼ਿੰਦਗੀ 'ਤੇ ਮਾੜਾ ਅਤੇ ਮਾਰੂ ਅਸਰ ਪਾਉਂਦੇ ਹਨ।


Related News