ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸਖਤੀ : ਪ੍ਰੈਸ਼ਰ ਹਾਰਨ ਤੇ ਬੁਲੇਟ ਦੇ ਪਟਾਕੇ ਵਾਲੇ ਸਾਈਲੈਂਸਰਾਂ ''ਤੇ 5 ਹਜ਼ਾਰ ਰੁਪਏ ਜੁਰਮਾਨਾ

Saturday, Sep 09, 2017 - 08:48 AM (IST)

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸਖਤੀ : ਪ੍ਰੈਸ਼ਰ ਹਾਰਨ ਤੇ ਬੁਲੇਟ ਦੇ ਪਟਾਕੇ ਵਾਲੇ ਸਾਈਲੈਂਸਰਾਂ ''ਤੇ 5 ਹਜ਼ਾਰ ਰੁਪਏ ਜੁਰਮਾਨਾ

ਜਲੰਧਰ (ਬੁਲੰਦ)- ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਨੇ ਆਵਾਜ਼ ਪ੍ਰਦੂਸ਼ਣ ਦੇ ਮਾਮਲੇ 'ਚ ਸਖਤੀ ਦਿਖਾਉਂਦੇ ਹੋਏ 1 ਅਕਤੂਬਰ ਤੋਂ ਵਾਹਨਾਂ ਦੇ ਪ੍ਰੈਸ਼ਰ ਹਾਰਨਾਂ ਤੇ ਬੁਲੇਟ ਮੋਟਰਸਾਈਕਲਾਂ 'ਤੇ ਲੱਗਣ ਵਾਲੇ ਪਟਾਕੇ ਵਾਲੇ ਸਾਈਲੈਂਸਰਾਂ ਲਈ 5 ਹਜ਼ਾਰ ਰੁਪਏ ਦਾ ਚਲਾਨ ਕਰਨ ਦਾ ਨਿਰਦੇਸ਼ ਜਾਰੀ ਕੀਤਾ ਹੈ। ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਜਲੰਧਰ ਜ਼ੋਨ ਦੇ ਵਾਤਾਵਰਣ ਅਧਿਕਾਰੀ ਅਰੁਣ ਕੱਕੜ ਨੇ ਦੱਸਿਆ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸੈਕਸ਼ਨ 31 ਦੇ ਐਕਟ 1981 ਤਹਿਤ ਨੋਟੀਫਿਕੇਸ਼ਨ ਨੰਬਰ 621 ਦੇ ਤਹਿਤ ਇਸ਼ਤਿਹਾਰ ਜਾਰੀ ਕਰਦੇ ਹੋਏ ਕਿਹਾ ਕਿ ਸੂਬੇ ਵਿਚ ਕਿਸੇ ਵੀ ਤਰ੍ਹਾਂ ਦੇ ਵਾਹਨ ਉਤੇ ਨਾ ਤਾਂ ਪ੍ਰੈਸ਼ਰ ਹਾਰਨ ਲਾਇਆ ਜਾਵੇਗਾ, ਨਾ ਹੀ ਕੋਈ ਕੰਪਨੀ ਪ੍ਰੈਸ਼ਰ ਹਾਰਨ ਬਣਾਵੇਗੀ ਤੇ ਨਾ ਹੀ ਵੇਚੇਗੀ। ਅਜਿਹਾ ਕਰਨ ਵਾਲਿਆਂ ਦਾ 5 ਹਜ਼ਾਰ ਰੁਪਏ ਦਾ ਚਲਾਨ ਕੱਟਿਆ ਜਾਵੇਗਾ। ਇਸ ਤੋਂ ਇਲਾਵਾ ਜੋ ਲੋਕ ਆਪਣੇ ਬੁਲੇਟ ਮੋਟਰਸਾਈਕਲ 'ਤੇ ਪਟਾਕੇ ਵਜਾਉਣ ਵਾਲਾ ਸਾਈਲੈਂਸਰ ਲਗਾਉਂਦੇ ਹਨ, ਉਨ੍ਹਾਂ 'ਤੇ ਵੀ ਪਾਬੰਦੀ ਲਾਉਂਦੇ ਹੋਏ ਕਿਹਾ ਗਿਆ ਹੈ ਕਿ ਨਾ ਤਾਂ ਅਜਿਹੇ ਸਾਈਲੈਂਸਰ ਬਣਾਏ ਜਾਣਗੇ, ਨਾ ਹੀ ਵੇਚੇ ਜਾਣਗੇ। ਅਜਿਹਾ ਕਰਨ ਵਾਲਿਆਂ 'ਤੇ ਵੀ 5 ਹਜ਼ਾਰ ਰੁਪਏ ਜੁਰਮਾਨੇ ਦਾ ਬਦਲ ਰੱਖਿਆ ਗਿਆ ਹੈ। ਅਰੁਣ ਕੱਕੜ ਨੇ ਦੱਸਿਆ ਕਿ ਵਿਭਾਗ ਨੇ ਸਾਰੇ ਜ਼ਿਲਿਆਂ ਦੇ ਟ੍ਰਾਂਸਪੋਰਟ ਦਫਤਰਾਂ ਤੋਂ ਬੁਲੇਟ ਮੋਟਰਸਾਈਕਲਾਂ ਦਾ ਰਿਕਾਰਡ ਮੰਗਵਾਇਆ ਹੈ ਤਾਂ ਕਿ ਉਨ੍ਹਾਂ ਦੀ ਚੈਕਿੰਗ ਕਰਨ ਵਿਚ ਆਸਾਨੀ ਹੋਵੇ।


Related News