‘ਅਗਨੀਪਥ’ ਯੋਜਨਾ ਵਿਰੁੱਧ ਮਤਾ ਪਾਸ ਕਰਨ ਮਗਰੋਂ ਪੰਜਾਬ ਸਰਕਾਰ ਕਰਨ ਲੱਗੀ ਇਸ ਦਾ ਪ੍ਰਚਾਰ

07/07/2022 1:25:56 PM

ਜਲੰਧਰ (ਨਰਿੰਦਰ ਮੋਹਨ)– ਬੀਤੀ 30 ਜੂਨ ਨੂੰ ਕੇਂਦਰ ਰੋਜ਼ਗਾਰ ਯੋਜਨਾ ‘ਅਗਨੀਪਥ’ ਵਿਰੁੱਧ ਨਿੰਦਾ ਪ੍ਰਸਤਾਵ ਪਾਸ ਕਰਨ ਵਾਲੀ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਹੁਣ ਇਸ ਦੇ ਪੱਖ ਵਿਚ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪਤੀ ਵਿਭਾਗ ਨੇ ਸੂਬੇ ਭਰ ਦੇ ਵੱਖ-ਵੱਖ ਦਫ਼ਤਰਾਂ ਵਿਚ ਚਿੱਠੀ ਭੇਜ ਕੇ ‘ਅਗਨੀਪਥ’ ਯੋਜਨਾ ਦਾ ਵੱਧ ਤੋਂ ਵੱਧ ਪ੍ਰਚਾਰ ਕਰਨ ਲਈ ਕਿਹਾ ਹੈ। ਵਿਭਾਗ ਨੇ ਸੀ-ਪਾਈਟ ਸੰਗਠਨ ਦੇ ਸਮੂਹ ਕੈਂਪਾਂ ਵਿਚ ਅਗਨੀਵੀਰ ਦੀ ਭਰਤੀ ਲਈ ਟ੍ਰੇਨਿੰਗ ਸ਼ੁਰੂ ਕਰਨ ਲਈ ਕਿਹਾ ਹੈ।

ਇਹ ਵੀ ਪੜ੍ਹੋ: 'ਦਿਨ ਸ਼ਗਨਾਂ ਦਾ ਚੜ੍ਹਿਆ', CM ਭਗਵੰਤ ਮਾਨ ਦੇ ਵਿਆਹ ’ਚ ਪਿਤਾ ਦੀਆਂ ਰਸਮਾਂ ਨਿਭਾਉਣਗੇ ਅਰਵਿੰਦ ਕੇਜਰੀਵਾਲ

ਪੰਜਾਬ ਅਜਿਹਾ ਪਹਿਲਾ ਸੂਬਾ ਸੀ, ਜਿਸ ਨੇ ਵਿਧਾਨ ਸਭਾ ਵਿਚ ਅਗਨੀਪਥ ਭਰਤੀ ਯੋਜਨਾ ਵਿਰੁੱਧ ਪ੍ਰਸਤਾਵ ਪਾਸ ਕੀਤਾ ਸੀ। ਵਿਧਾਨ ਸਭਾ ਵਿਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੇਸ਼ ਪ੍ਰਸਤਾਵ ਵਿਚ ਕਿਹਾ ਗਿਆ ਸੀ ਕਿ ਪੰਜਾਬ ਵਿਧਾਨ ਸਭਾ ਨੂੰ ਲੱਗਦਾ ਹੈ ਕਿ ਜਿਸ ਯੋਜਨਾ ਵਿਚ ਨੌਜਵਾਨਾਂ ਨੂੰ ਸਿਰਫ਼ 4 ਸਾਲ ਲਈ ਅਤੇ ਫਿਰ ਅੱਗੇ ਸਿਰਫ਼ 25 ਫ਼ੀਸਦੀ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾਵੇਗਾ, ਇਹ ਨਾ ਤਾਂ ਰਾਸ਼ਟਰੀ ਸੁਰੱਖਿਆ ਅਤੇ ਨਾ ਹੀ ਦੇਸ਼ ਦੇ ਨੌਜਵਾਨਾਂ ਦੇ ਹਿੱਤਾਂ ਵਿਚ ਹੈ। ਮੁੱਖ ਮੰਤਰੀ ਵਲੋਂ ਪੇਸ਼ ਪ੍ਰਸਤਾਵ ਵਿਚ ਇਹ ਵੀ ਕਿਹਾ ਗਿਆ ਸੀ ਕਿ ਕੇਂਦਰ ਸਰਕਾਰ ਦੀ ਇਸ ਯੋਜਨਾ ਨੇ ਪੰਜਾਬ ਦੇ ਅਨੇਕਾਂ ਨੌਜਵਾਨਾਂ ਦੇ ਸੁਪਨਿਆਂ ਨੂੰ ਕੁਚਲ ਦਿੱਤਾ ਹੈ, ਜੋ ਨਿਯਮਿਤ ਫੌਜੀ ਦੇ ਰੂਪ ਵਿਚ ਹਥਿਆਰਬੰਦ ਫੋਰਸਾਂ ਵਿਚ ਸ਼ਾਮਲ ਹੋਣ ਦੇ ਚਾਹਵਾਨ ਹਨ। ਮੁੱਖ ਮੰਤਰੀ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਇਸ ਯੋਜਨਾ ਨੂੰ ਫੌਰੀ ਵਾਪਸ ਲਵੇ। ਵਿਧਾਨ ਸਭਾ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਨਾਲ ਕਾਂਗਰਸ, ਅਕਾਲੀ ਦਲ ਅਤੇ ਬਸਪਾ ਨੇ ਵੀ ਹਮਾਇਤ ਦਿੱਤੀ ਸੀ। ਸਿਰਫ਼ ਭਾਜਪਾ ਨੇ ਹੀ ਇਸ ਪ੍ਰਸਤਾਵ ਦਾ ਵਿਰੋਧ ਕੀਤਾ ਸੀ।

ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਨੇ ਪੰਜਾਬ ਦੇ ਸਾਰੇ ਜ਼ਿਲਾ ਰੋਜ਼ਗਾਰ ਦਫਤਰਾਂ, ਰੱਖਿਆ ਸੇਵਾਵਾਂ ਆਦਿ ਵਿਚ ਚਿੱਠੀ ਭੇਜ ਕੇ ਕਿਹਾ ਹੈ ਕਿ ਹਵਾਈ ਫੌਜ ਵਿਚ ਏਅਰਮੈਨ ਚੋਣ ਕੇਂਦਰ ਅੰਬਾਲਾ ਨੇ ਅਗਨੀਪਥ ਯੋਜਨਾ ਦੇ ਅਧੀਨ ਨੌਜਵਾਨਾਂ ਦੀ ਭਰਤੀ ਕਰਨੀ ਹੈ। ਵਿਭਾਗ ਨੇ ਅੱਗੇ ਲਿਖਿਆ ਹੈ ਕਿ ਇਸ ਭਰਤੀ ਦਾ ਵਧੇਰੇ ਪ੍ਰਚਾਰ ਕੀਤਾ ਜਾਵੇ ਅਤੇ ਇਸ ਭਰਤੀ ਦੇ ਟ੍ਰੇਨਿੰਗ ਪ੍ਰੋਗਰਾਮ ਲਈ ਸੀ-ਪਾਈਟ ਸੰਸਥਾ ਦੇ ਤਮਾਮ ਕੈਂਪਾਂ ਵਿਚ ਟ੍ਰੇਨਿੰਗ ਸ਼ੁਰੂ ਕੀਤੀ ਜਾਵੇ। ਹਾਲਾਂਕਿ ਇਹ ਚਿੱਠੀ ਵਿਧਾਨ ਸਭਾ ਵਿਚ ਪ੍ਰਸਤਾਵ ਪਾਸ ਹੋਣ ਤੋਂ ਪਹਿਲਾਂ ਕੇਂਦਰਾਂ ਨੂੰ ਭੇਜੀ ਗਈ ਸੀ ਪਰ ਚਿੱਠੀ ਦਾ ਅੱਗੇ ਜਾਣਾ ਅਤੇ ਅਗਨੀਪਥ ਦਾ ਪ੍ਰਚਾਰ ਜਾਰੀ ਹੈ। ਜਾਣਕਾਰੀ ਮੁਤਾਬਕ ਨੌਜਵਾਨਾਂ ਨੇ ਇਸ ਭਰਤੀ ਨੂੰ ਲੈ ਕੇ ਸੰਪਰਕ ਵੀ ਜਾਰੀ ਰੱਖਿਆ ਹੋਇਆ ਹੈ। ਇਸ ਸੰਦਰਭ ਵਿਚ ਰੋਜ਼ਗਾਰ ਉਤਪਤੀ ਵਿਭਾਗ ਦੇ ਚੰਡੀਗੜ੍ਹ ਦਫਤਰ ਵਿਚ ਸੰਪਰਕ ਦਾ ਯਤਨ ਕੀਤਾ ਤਾਂ ਸਿਰਫ ਇੰਨਾ ਦੱਸਿਆ ਗਿਆ ਕਿ ਚਿੱਠੀ ਪ੍ਰਸਤਾਵ ਤੋਂ ਪਹਿਲਾਂ ਭੇਜੀ ਗਈ ਸੀ ਪਰ ਇਸ ਨੂੰ ਰੋਕਣ ਨੂੰ ਲੈ ਕੇ ਕੋਈ ਚਿੱਠੀ ਜਾਂ ਸੂਚਨਾ ਨਹੀਂ ਜਾਰੀ ਕੀਤੀ ਗਈ।

ਇਹ ਵੀ ਪੜ੍ਹੋ: ਜਲੰਧਰ ਦੇ ਸੈਂਟਰਲ ਟਾਊਨ ’ਚ ਵੱਡੀ ਵਾਰਦਾਤ, ਦਿਨ-ਦਿਹਾੜੇ ਲੁੱਟੀ 10 ਲੱਖ ਦੀ ਨਕਦੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


shivani attri

Content Editor

Related News