ਬਟਾਲਾ ਸ਼ਹਿਰ ਦੀ ਵਿਰਾਸਤ ਸੰਭਾਲਣ ਲਈ ਪੰਜਾਬ ਸਰਕਾਰ ਕਰਨ ਜਾ ਰਹੀ ਇਹ ਵੱਡਾ ਕੰਮ
Sunday, Apr 04, 2021 - 01:34 PM (IST)
ਬਟਾਲਾ (ਕਲਸੀ)-ਪੰਜਾਬ ਸਰਕਾਰ ਵੱਲੋਂ ਸੂਬੇ ਦੇ ਇਤਿਹਾਸਕ ਸ਼ਹਿਰ ਬਟਾਲਾ ਦਾ ਸਰਵਪੱਖੀ ਵਿਕਾਸ ਕਰਨ ਦੇ ਨਾਲ ਹੁਣ ਇਸ ਨੂੰ ਵਿਰਾਸਤੀ ਦਿੱਖ ਦੇਣ ਦੇ ਉਪਰਾਲੇ ਵੀ ਸ਼ੁਰੂ ਕੀਤੇ ਜਾ ਰਹੇ ਹਨ । ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀਆਂ ਕੋਸ਼ਿਸ਼ਾਂ ਸਦਕਾ ਬਹੁਤ ਜਲਦ ਬਟਾਲਾ ਸ਼ਹਿਰ ਦੇ ਵਿਰਾਸਤੀ ਦਰਵਾਜ਼ਿਆਂ ਦੀ ਮੁਰੰਮਤ ਅਤੇ ਇਨ੍ਹਾਂ ਨੂੰ ਖੂਬਸੂਰਤ ਵਿਰਾਸਤੀ ਦਿੱਖ ਦੇਣ ਦੇ ਪ੍ਰੋਜੈਕਟ ਦੀ ਸ਼ੁਰੂਆਤ ਹੋਣ ਜਾ ਰਹੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਬਟਾਲਾ ਸ਼ਹਿਰ ਦੇ ਪੁਰਾਤਨ ਦਰਵਾਜ਼ਿਆਂ ਦੀ ਮੁਰੰਮਤ ਅਤੇ ਵਿਰਾਸਤੀ ਦਿੱਖ ਨੂੰ ਨਿਖਾਰਨ ਲਈ ਸੂਬਾ ਸਰਕਾਰ ਵੱਲੋਂ 20 ਲੱਖ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਦਰਵਾਜ਼ਿਆਂ ਦੀ ਮੁਰੰਮਤ ਦੇ ਟੈਂਡਰ ਅਲਾਟ ਹੋ ਚੁੱਕੇ ਹਨ ਅਤੇ ਜਲਦ ਹੀ ਇਹ ਕੰਮ ਸ਼ੁਰੂ ਹੋ ਜਾਵੇਗਾ।
ਕੈਬਨਿਟ ਮੰਤਰੀ ਸ. ਬਾਜਵਾ ਨੇ ਅੱਗੇ ਦੱਸਿਆ ਕਿ ਬਟਾਲਾ ਸ਼ਹਿਰ ਦੇ ਨਹਿਰੂ ਦਰਵਾਜ਼ੇ (ਤੇਲੀ ਦਰਵਾਜ਼ੇ), ਖਜ਼ੂਰੀ ਦਰਵਾਜ਼ੇ, ਕਪੂਰੀ ਦਰਵਾਜ਼ੇ ਅਤੇ ਅੱਚਲੀ ਦਰਵਾਜ਼ੇ ਦੀ ਮੁਰੰਮਤ ਕਰਨ ਦੇ ਨਾਲ ਖੂਬਸੂਰਤ ਦਿੱਖ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸ਼ਹਿਰ ਦਾ ਇਤਿਹਾਸਕ ਦਰਵਾਜ਼ਾ ਹਾਥੀ ਦਰਵਾਜ਼ਾ, ਜੋ ਖਤਮ ਹੋ ਚੁੱਕਾ ਹੈ, ਨੂੰ ਦੁਬਾਰਾ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਓਹੀ ਹਾਥੀ ਦਰਵਾਜ਼ਾ ਹੈ, ਜਿਸ ਨੂੰ ਬਾਬਾ ਬੰਦਾ ਸਿੰਘ ਬਹਾਦਰ ਸੰਨ 1711 ਅਤੇ 1715 ’ਚ ਦੋ ਵਾਰ ਫ਼ਤਿਹ ਕਰ ਕੇ ਬਟਾਲਾ ਸ਼ਹਿਰ ’ਚ ਦਾਖਲ ਹੋਏ ਸਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਿਥੇ ਬਟਾਲਾ ਸ਼ਹਿਰ ਦਾ ਵਿਕਾਸ ਕਰਨ ਲਈ ਵਚਨਬੱਧ ਹੈ, ਉਥੇ ਹੀ ਇਸ ਪੁਰਾਤਨ ਸ਼ਹਿਰ ਦੀ ਇਤਿਹਾਸਕ ਮਹੱਤਤਾ ਨੂੰ ਵੀ ਉਜਾਗਰ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਰਾਜਾ ਰਾਮਦੇਓ ਭੱਟੀ ਵੱਲੋਂ ਸੰਨ 1465 ’ਚ ਬਟਾਲਾ ਸ਼ਹਿਰ ਦੀ ਬੁਨਿਆਦ ਰੱਖੀ ਗਈ ਸੀ ਅਤੇ ਕਿਲ੍ਹਾਨੁਮਾ ਇਸ ਸ਼ਹਿਰ ਦੇ 12 ਦਰਵਾਜ਼ੇ ਬਣਾਏ ਗਏ ਸਨ। ਇਨ੍ਹਾਂ ਦਰਵਾਜ਼ਿਆਂ ਦੇ ਨਾਂ ਖਜ਼ੂਰੀ ਦਰਵਾਜ਼ਾ (ਇਸ ਗੇਟ ਨੂੰ ਮਹਾਰਾਜਾ ਸ਼ੇਰ ਸਿੰਘ ਦਰਵਾਜ਼ਾ ਵੀ ਕਿਹਾ ਜਾਂਦਾ ਸੀ), ਪੁਰੀਆਂ ਮੋਰੀ ਦਰਵਾਜ਼ਾ, ਪਹਾੜੀ ਦਰਵਾਜ਼ਾ, ਕਪੂਰੀ ਦਰਵਾਜ਼ਾ, ਮੀਆਂ ਦਰਵਾਜ਼ਾ (ਇਸ ਦਰਵਾਜ਼ੇ ਨੂੰ ਨਸੀਰਉੱਲ ਹੱਕ ਦਰਵਾਜ਼ਾ ਵੀ ਕਿਹਾ ਜਾਂਦਾ ਸੀ), ਅੱਚਲੀ ਦਰਵਾਜ਼ਾ, ਹਾਥੀ ਦਰਵਾਜ਼ਾ (ਇਸ ਦਰਵਾਜ਼ੇ ਨੂੰ ਫੀਲੀ ਦਰਵਾਜ਼ਾ ਵੀ ਕਹਿੰਦੇ ਸਨ), ਕਾਜ਼ੀ ਮੋਰੀ ਦਰਵਾਜ਼ਾ, ਠਠਿਆਰੀ ਦਰਵਾਜ਼ਾ, ਭੰਡਾਰੀ ਦਰਵਾਜ਼ਾ, ਓਹਰੀ ਦਰਵਾਜ਼ਾ ਅਤੇ ਤੇਲੀ ਦਰਵਾਜ਼ਾ (ਹੁਣ ਇਸ ਨੂੰ ਸ਼ੇਰਾਂ ਵਾਲਾ ਗੇਟ ਅਤੇ ਨਹਿਰੂ ਗੇਟ ਵੀ ਕਹਿੰਦੇ ਹਨ) ਸਨ । ਇਸ ਸਮੇਂ 12 ਦਰਵਾਜ਼ਿਆਂ ’ਚੋਂ ਸਿਰਫ ਤੇਲੀ ਦਰਵਾਜ਼ਾ, ਖਜ਼ੂਰੀ ਦਰਵਾਜ਼ਾ, ਅੱਚਲੀ ਦਰਵਾਜ਼ਾ, ਕਪੂਰੀ ਦਰਵਾਜ਼ਾ ਅਤੇ ਭੰਡਾਰੀ ਦਰਵਾਜ਼ਾ ਹੀ ਬਚੇ ਹਨ, ਜਦਕਿ ਬਾਕੀ 7 ਦਰਵਾਜ਼ੇ ਖਤਮ ਹੋ ਚੁੱਕੇ ਹਨ ।