''ਮਿਸ਼ਨ ਤੰਦਰੁਸਤ'' ਤਹਿਤ ਮੈਡੀਕਲ ਸਟੋਰਾਂ ਦੀ ਜਾਂਚ ਕੀਤੀ

Saturday, Jun 16, 2018 - 01:36 PM (IST)

''ਮਿਸ਼ਨ ਤੰਦਰੁਸਤ'' ਤਹਿਤ ਮੈਡੀਕਲ ਸਟੋਰਾਂ ਦੀ ਜਾਂਚ ਕੀਤੀ

ਬੁਢਲਾਡਾ (ਮਨਜੀਤ) — ਪੰਜਾਬ ਸਰਕਾਰ ਦੇ 'ਮਿਸ਼ਨ ਤੰਦਰੁਸਤ' ਤਹਿਤ ਅੱਜ ਡਰੱਗ ਇੰਸਪੈਕਟਰ ਫਤਿਹਗੜ੍ਹ ਸਾਹਿਬ ਨਵਪ੍ਰੀਤ ਸਿੰਘ ਦੀ ਅਗਵਾਈ ਹੇਠ ਸਥਾਨਕ ਸ਼ਹਿਰ ਦੇ ਮੈਡੀਕਲ ਸਟੋਰਾਂ ਦੀ ਜਾਂਚ ਕੀਤੀ ਗਈ । ਜਾਣਕਾਰੀ ਦਿੰਦਿਆ ਤਹਿਸੀਲਦਾਰ ਬੁਢਲਾਡਾ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਸਰਕਾਰ ਵੱਲੋਂ ਸੂਬੇ ਅੰਦਰੋਂ ਨਸ਼ਿਆਂ ਦੇ ਖਾਤਮੇ ਲਈ ਕੀਤੇ ਜਾ ਰਹੇ ਉਪਰਾਲਿਆ ਤਹਿਤ ਇਕ ਨਰੋਆ ਸਮਾਜ ਸਿਰਜਨ ਲਈ 'ਮਿਸ਼ਨ ਤੰਦਰੁਸਤ' ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਇਸੇ ਸਿਲਸਿਲੇ ਅਧੀਨ ਅੱਜ ਸ਼ਹਿਰ ਦੀਆਂ ਦਵਾਈਆਂ ਵਾਲੀਆਂ ਦੁਕਾਨਾਂ ਦੀ ਜਾਂਚ ਕੀਤੀ ਗਈ ਹੈ ਤਾਂ ਜੋ ਕੋਈ ਦਵਾਈ ਵਿਕ੍ਰੇਤਾ ਨਸ਼ੇ ਵਾਲੀਆਂ ਦਵਾਈਆਂ ਨਾ ਵੇਚ ਸਕੇ ਤੇ ਹੋਰਨਾਂ ਬਿਮਾਰੀਆਂ ਦੇ ਮਰੀਜਾਂ ਨੂੰ ਦਿੱਤੀਆਂ ਜਾਂਦੀਆਂ ਲੋੜੀਦੀਆਂ ਦਵਾਈਆਂ ਮਾਨਤਾ ਪ੍ਰਾਪਤ ਕੰਪਨੀਆਂ ਦੀਆਂ ਹੋਣ । ਡਰੱਗ ਇੰਸਪੈਕਟਰ ਨਵਪ੍ਰੀਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਗਠਤ ਕੀਤੀਆਂ ਟੀਮਾਂ ਵੱਖ-ਵੱਖ ਜ਼ਿਲਿਆਂ 'ਚ ਜਾਂਚ ਕਰ ਰਹੀਆਂ ਹਨ । ਉਨ੍ਹਾਂ ਦੱਸਿਆ ਕਿ ਅੱਜ ਬੁਢਲਾਡਾ ਸ਼ਹਿਰ ਦੇ ਕੁਝ ਦੁਕਾਨਾਂ ਤੋਂ ਦਵਾਈਆਂ ਦੇ ਸੈਂਪਲ ਲਏ ਗਏ ਹਨ। ਉਨ੍ਹਾਂ ਦੀ ਪ੍ਰਮਾਣਿਕਤਾ ਦੀ ਜਾਂਚ ਲਈ ਲੈਬਾਰਟਰੀ ਭੇਜਿਆ ਜਾਵੇਗਾ ਤੇ ਰਿਪੋਰਟ ਆਉਣ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ । ਇਸ ਮੌਕੇ ਥਾਣਾ ਸ਼ਹਿਰੀ ਮੁਖੀ ਬਲਵਿੰਦਰ ਸਿੰਘ ਰੋਮਾਣਾ ਆਦਿ ਮੌਜੂਦ ਸਨ ।


Related News