ਰਾਤ ਨੂੰ ਉਦਯੋਗ ਚਲਾਉਣ ''ਤੇ ਵਾਧੂ ਚਾਰਜ ਕਰਨ ਦੇ ਵਿਰੋਧ ''ਚ ਉਤਰੇ ਉਦਯੋਗਪਤੀ
Thursday, Jun 28, 2018 - 12:01 PM (IST)
ਸੰਗਰੂਰ /ਸੁਨਾਮ, ਊਧਮ ਸਿੰਘ ਵਾਲਾ (ਵਿਵੇਕ ਸਿਧਵਾਨੀ, ਰਵੀ, ਬਾਂਸਲ) — ਪੰਜਾਬ ਸਰਕਾਰ ਤੇ ਪਾਵਰਕਾਮ ਵਲੋਂ ਉਦਯੋਗਾਂ ਨੂੰ ਸ਼ਾਮ 6 ਤੋਂ ਲੈ ਕੇ ਰਾਤ ਦੇ 10 ਵਜੇ ਤੱਕ (ਪੀਕ ਹਾਵਰਸ) ਬਿਜਲੀ ਖਪਤ ਕਰਨ 'ਤੇ ਦੋ ਰੁਪਏ ਪ੍ਰਤੀ ਯੂਨਿਟ ਵਾਧੂ ਚਾਰਜ ਕਰਨ ਦੇ ਫੈਸਲੇ ਦਾ ਜ਼ਿਲਾ ਇੰਡਸਟਰੀ ਚੈਂਬਰ ਨੇ ਸਖਤ ਵਿਰੋਧ ਕੀਤਾ ਹੈ। ਇੰਡਸਟਰੀ ਚੈਂਬਰ ਦੇ ਜ਼ਿਲਾ ਪ੍ਰਧਾਨ ਘਣਸ਼ਿਆਮ ਕਾਂਸਲ ਦੀ ਅਗਵਾਈ 'ਚ ਉਦਯੋਗਪਤੀਆਂ ਨੇ ਪਾਵਰਕਾਮ ਦੇ ਐੱਸ. ਈ. (ਨਿਗਰਾਨ ਇੰਜੀਨੀਅਰ) ਬਸੰਤ ਜਿੰਦਲ ਨੂੰ ਬਕਾਇਦਾ ਮੰਗ ਪੱਤਰ ਦੇ ਕੇ ਇਸ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਪਾਵਰਕਾਮ ਵਲੋਂ ਉਦਯੋਗਪਤੀਆਂ ਨੂੰ ਨਵੇਂ ਸਿਰੇ ਤੋਂ ਲੱਖਾਂ ਰੁਪਏ ਸਕਿਓਰਿਟੀ ਦੇ ਤੌਰ 'ਤੇ ਜਮ੍ਹਾ ਕਰਵਾਉਣ ਦਾ ਫਰਮਾਨ ਜਾਰੀ ਕੀਤਾਜ ਰਿਹਾ ਹੈ, ਜਿਹੜਾ ਉਦਯੋਗਪਤੀਆਂ 'ਤੇ ਆਰਥਿਕ ਬੋਝ ਪਾ ਰਿਹਾ ਹੈ। ਉਦਯੋਗਪਤੀ ਇਸ ਫੈਸਲੇ ਦਾ ਸਖਤ ਵਿਰੋਧ ਕਰਦੇ ਹਨ। ਜ਼ਿਲਾ ਪ੍ਰਧਾਨ ਘਣਸ਼ਿਆਮ ਕਾਂਸਲ ਨੇ ਕਿਹਾ ਕਿ ਪੰਜਾਬ ਦੇ ਉਦਯੋਗ ਪਹਿਲਾਂ ਹੀ ਮੰਦੀ ਦੇ ਦੌਰ 'ਚੋਂ ਲੰਘ ਰਹੇ ਹਨ। ਗੁਆਂਢੀ ਸੂਬਿਆਂ 'ਚ ਸਥਾਪਤ ਉਦਯੋਗਾਂ ਨੂੰ ਭਾਰੀ ਛੋਟ ਮਿਲੀ ਹੋਈ ਹੈ, ਇਸ ਕਾਰਨ ਪੰਜਾਬਦੇ ਉਦਯੋਗਪਤੀਆਂ ਨੂੰ ਉਨ੍ਹਾਂ ਤੋਂ ਭਾਰੀ ਚੁਣੌਤੀਆਂ ਮਿਲ ਰਹੀਆਂ ਹਨ। ਕਾਂਸਲ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਪਹਿਲਾਂ ਫੈਸਲਾ ਕੀਤਾ ਸੀ ਕਿ ਰਾਤ ਨੂੰ ਇੰਡਸਟਰੀ ਚਲਾਉਣ ਵਾਲੇ ਉਦਯੋਗਪਤੀਆਂ ਨੂੰ ਬਿਜਲੀ ਦਰਾਂ 'ਚ ਛੋਟ ਦਿੱਤੀ ਜਾਵੇਗੀ ਤੇ ਇਹ ਛੋਟ ਪਿਛਲੇ ਸਾਲ ਵੀ ਦਿੱਤੀ ਗਈ ਸੀ ਪਰ ਹੁਣ ਸਰਕਾਰ ਨੇ ਇਸ ਫੈਸਲੇ ਨੂੰ ਵਾਪਸ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਉਦਯੋਗਾਂ ਨੂੰ ਵਧਾਉਣ ਦੀ ਗੱਲ ਕਰ ਰਹੀ ਹੈ ਤੇ ਦੂਜੇ ਪਾਸੇ ਉਦਯੋਗਾਂ ਨੂੰ ਰਾਹਤ ਦੇਣ ਦੀ ਥਾਂ 'ਤੇ ਪਹਿਲਾਂ ਤੋਂ ਮਿਲ ਰਹੀ ਰਾਹਤ ਵੀ ਖੋਹ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀ ਇਸ ਮੰਗ ਨੂੰ ਤੁਰੰਤ ਨਹੀਂ ਮੰਨਿਆ ਤਾਂ ਸੂਬੇ ਭਰ ਦੇ ਉਦਯੋਗਪਤੀਆਂ ਨੂੰ ਮੰਗ ਨਾਲ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਸਾਹਮਣੇ ਉਕਤ ਮਸਲੇ ਉਠਾਏ ਜਾਣਗੇ।
ਐੱਸ. ਈ. ਬਸੰਤ ਜਿੰਦਲ ਨੇ ਕਿਹਾ ਕਿ ਉਦਯੋਗਪਤੀਆਂ ਦੀਆਂ ਉਕਤ ਮੰਗਾਂ ਪਾਵਰਕਾਮ ਦੇ ਚੇਅਰਮੈਨ ਸਾਹਮਣੇ ਰੱਖੀਆਂ ਜਾਣਗੀਆਂ ਤਾਂਕਿ ਇਸ ਦਾ ਢੁੱਕਵਾਂ ਹੱਲ ਕਰਵਾਇਆ ਜਾ ਸਕੇ।
ਇਸ ਮੌਕੇ ਜ਼ਿਲਾ ਜਨਰਲ ਸਕੱਤਰ ਸੰਜਵੀ ਚੋਪੜਾ,ਖਜ਼ਾਨਚੀ ਐੱਸ.ਪੀ. ਸਿੰਘ, ਸਾਬਕਾ ਪ੍ਰਧਾਨ ਬਲਵਿੰਦਰ ਜਿੰਦਲ ਆਦਿ ਹਾਜ਼ਰ ਸਨ।
