ਭਗਵਾਨ ਮਹਾਵੀਰ ਸਵਾਮੀ ਜੀ ਦੀ ਗਲਤ ਤਸਵੀਰ ਛਾਪਣ ''ਤੇ ਪੰਜਾਬ ਸਰਕਾਰ ਨੂੰ ਨੋਟਿਸ
Wednesday, Apr 17, 2019 - 12:29 PM (IST)
![ਭਗਵਾਨ ਮਹਾਵੀਰ ਸਵਾਮੀ ਜੀ ਦੀ ਗਲਤ ਤਸਵੀਰ ਛਾਪਣ ''ਤੇ ਪੰਜਾਬ ਸਰਕਾਰ ਨੂੰ ਨੋਟਿਸ](https://static.jagbani.com/multimedia/2019_4image_12_29_486484501jain.jpg)
ਲੁਧਿਆਣਾ : ਜੈਨ ਧਰਮ ਦੇ 24ਵੇਂ ਤੀਰਥਾਂਕਰ ਭਗਵਾਨ ਮਹਾਵੀਰ ਸਵਾਮੀ ਜੀ ਦੇ ਜਨਮ ਦਿਵਸ ਮੌਕੇ ਪੰਜਾਬ ਸਰਕਾਰ ਵਲੋਂ ਇਸ਼ਤਿਹਾਰ 'ਤੇ ਗਲਤ ਤਸਵੀਰ ਲਗਾਏ ਜਾਣ ਦੇ ਰੋਸ 'ਚ ਜੈਨ ਸਮਾਜ ਦੇ ਸੂਬਾ ਕੋਆਰਡੀਨੇਟਰ ਡਾ. ਸੰਦੀਪ ਜੈਨ ਨੇ ਸੂਬਾ ਸਰਕਾਰ ਨੂੰ ਲਿਖਤੀ ਰੂਪ 'ਚ ਨੋਟਿਸ ਭੇਜ ਕੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਭੇਜੀ ਚਿੱਠੀ ਵਿਚ ਲਿਖਿਆ ਹੈ ਕਿ 2007 ਤੋਂ ਭਗਵਾਨ ਮਹਾਵੀਰ ਸਵਾਮੀ ਜੀ ਦੇ ਜਨਮ ਦਿਵਸ ਮੌਕੇ ਇਸ਼ਤਿਹਾਰ ਲਗਾਇਆ ਜਾ ਰਿਹਾ ਹੈ, ਇਸ ਵਾਰ ਪੰਜਾਬ ਸਕਾਰ ਵਲੋਂ ਇਸ਼ਤਿਹਾਰ ਵਿਚ ਲਗਾਈ ਗਈ ਤਸਵੀਰ ਭਗਵਾਨ ਮਹਾਵੀਰ ਸਵਾਮੀ ਜੀ ਦੀ ਨਹੀਂ ਸਗੋਂ ਮਹਾਤਮਾ ਬੁੱਧ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮਹਾਵੀਰ ਸੇਵਾ ਸੰਸਥਾ ਦੇ ਪ੍ਰਧਾਨ ਰਾਕੇਸ਼ ਜੈਨ ਨੇ ਵੀ ਇਸ 'ਤੇ ਰੋਸ ਜ਼ਾਹਰ ਕਰਦੇ ਹੋਏ ਕਿਹਾ ਸੀ ਕਿ ਪੰਜਾਬ ਸਰਕਾਰ ਵਲੋਂ ਕੀਤੀ ਗਈ ਇਸ ਵੱਡੀ ਗਲਤੀ ਕਾਰਨ ਜੈਨ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਰਾਕੇਸ਼ ਜੈਨ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਨੂੰ ਇਸ ਗਲਤੀ ਲਈ ਮੁਆਫੀ ਮੰਗ ਕੇ ਦੋਬਾਰਾ ਸੋਧ ਕੇ ਇਸ਼ਤਿਹਾਰ ਲਗਾਉਣਾ ਚਾਹੀਦਾ ਹੈ।