ਪੈਨਸ਼ਨਾਂ ''ਚ ਵਾਧਾ, ਮੁਫਤ ਦਵਾਈਆਂ ਸਣੇ ਪੰਜਾਬ ਕੈਬਨਿਟ ਨੇ ਇਨ੍ਹਾਂ ਫ਼ੈਸਲਿਆਂ ’ਤੇ ਲਾਈ ਮੋਹਰ
Wednesday, Jan 24, 2024 - 07:14 PM (IST)
ਚੰਡੀਗੜ੍ਹ (ਰਮਨਦੀਪ ਸੋਢੀ) : ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਪੰਜਾਬ ਸਰਕਾਰ ਨੇ ਅਹਿਮ ਫ਼ੈਸਲਾ ਲਏ ਹਨ। ਇਸ ਮੀਟਿੰਗ ਦੌਰਾਨ ਕਈ ਮਹੱਤਵਪੂਰਨ ਫ਼ੈਸਲਿਆਂ ’ਤੇ ਮੋਹਰ ਲਗਾਈ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਹੈ ਕਿ 26 ਜਨਵਰੀ ਤੋਂ ਪੰਜਾਬ ਦੇ ਸਾਰੇ ਸਬ-ਡਵੀਜ਼ਨਲ, ਡਵੀਜ਼ਨਲ ਤੇ ਜ਼ਿਲ੍ਹਾ ਹਸਪਤਾਲਾਂ ਵਿਚ ਸਾਰੀਆਂ ਦਵਾਈਆਂ ਹਸਪਤਾਲ ਦੇ ਅੰਦਰੋਂ ਹੀ ਮਿਲਣਗੀਆਂ। ਜੇਕਰ ਡਾਕਟਰ ਕੋਈ ਬਾਹਰਲੀ ਦਵਾਈ ਲਿਖੇਗਾ, ਤਾਂ ਉਹ ਡਾਕਟਰ ਖੁਦ ਜਾ ਕੇ ਮਰੀਜ਼ ਨੂੰ ਦਵਾਈ ਲਿਆ ਕੇ ਦੇਵੇਗਾ। ਸਰਕਾਰ ਦਾ ਇਸ ਕਦਮ ਨਾਲ ਮਰੀਜ਼ਾਂ ਦੀ ਵੱਡੀ ਲੁੱਟ ਰੁਕੇਗੀ। ਇਸ ਤੋਂ ਇਲਾਵਾ ਸਾਰੇ ਹਸਪਤਾਲਾਂ ਵਿਚ ਐਕਸਰੇ ਵਰਗੀਆਂ ਸਹਲੂਤਾਂ ਦਿੱਤੀਆਂ ਜਾਣਗੀਆਂ। 26 ਜਨਵਰੀ ਨੂੰ ਇਸ ਦੀ ਰਸਮੀ ਤੌਰ ’ਤੇ ਸ਼ੁਰੂਆਤ ਹੋਵੇਗੀ। ਅੱਗੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਪੰਜਾਬ ਕੈਬਨਿਟ ਵਲੋਂ ਸਾਬਕਾ ਫੌਜੀਆਂ ਦੀਆਂ ਵਿਧਵਾਵਾਂ ਨੂੰ ਦਿੱਤੀ ਜਾਣ ਵਾਲੀ ਪੈਨਸ਼ਨ ਵਧਾਉਣ ਦੀ ਵੀ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ। ਪਹਿਲਾਂ ਸ਼ਹੀਦਾਂ ਦੀਆਂ ਵਿਧਵਾਵਾਂ ਨੂੰ ਛੇ ਹਜ਼ਾਰ ਰੁਪਏ ਮਹੀਨਾ ਮਿਲਦਾ ਸੀ, ਜੋ ਹੁਣ ਵਧਾ ਕੇ 10 ਹਜ਼ਾਰ ਰੁਪਏ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਵੱਧ ਰਹੀ ਮਹਿੰਗਾਈ ਨੂੰ ਦੇਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ।
ਇਹ ਵੀ ਪੜ੍ਹੋ : ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਏ ਨਵਜੋਤ ਸਿੰਘ ਸਿੱਧੂ
ਫਰਿਸ਼ਤੇ ਸਕੀਮ ਦਾ ਐਲਾਨ
ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਵਿਚ ਫਰਿਸ਼ਤੇ ਸਕੀਮ ਦੀ ਕਾਮਯਾਬੀ ਤੋਂ ਬਾਅਦ ਹੁਣ ਇਹ ਪੰਜਾਬ ਵਿਚ ਵੀ ਲਾਗੂ ਕੀਤੀ ਜਾਵੇਗੀ। ਜਿਸ ਨੂੰ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ। ਪੰਜਾਬ ਵਿਚ ਫਰਿਸ਼ਤੇ ਸਕੀਮ ਦੇ ਤਹਿਤ ਕੋਈ ਵੀ ਵਿਅਕਤੀ ਹਾਦਸਾ ਗ੍ਰਸਤ ਨੂੰ ਨੇੜੇ ਦੇ ਜਿਹੜੇ ਵੀ ਹਸਪਤਾਲ ਵਿਚ ਲੈ ਕੇ ਜਾਵੇਗਾ, ਉਸ ਦਾ ਇਲਾਜ ਵੀ ਫਰੀ ਹੋਵੇਗਾ ਅਤੇ ਜ਼ਖਮੀ ਨੂੰ ਹਸਪਤਾਲ ਪਹੁੰਚਾਉਣ ਵਾਲੇ ਨੂੰ ਇਨਾਮ ਵੀ ਦਿੱਤਾ ਜਾਵੇਗਾ। ਇਹ ਸਕੀਮ 27 ਜਨਵਰੀ ਨੂੰ ਲਾਂਚ ਕੀਤੀ ਜਾਵੇਗੀ। ਇਸ ਸਕੀਮ ਨੂੰ ਐੱਸ. ਐੱਸ. ਐੱਫ. (ਸੜਕ ਸੁਰੱਖਿਆ ਫੋਰਸ) ਨਾਲ ਜੋੜਿਆ ਜਾਵੇਗਾ। ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਵੇਗਾ ਜਿਸ ਕੋਲ ਸੜਕਾਂ ਲਈ ਅਲੱਗ ਪੁਲਸ ਫੋਰਸ ਹੋਵੇਗੀ। ਇਸ ਫੋਰਸ ਨੂੰ ਵੱਖਰੀਆਂ ਗੱਡੀਆਂ ਜੋ ਆਧੁਨਿਕ ਸਹੂਲਤਾਂ ਨਾਲ ਲੈਸ ਹਨ ਦਿੱਤੀਆਂ ਗਈਆਂ ਹਨ। ਇਹ ਗੱਡੀਆਂ ਦੁਬਈ ਪੁਲਸ ਕੋਲ ਵੀ ਹਨ। ਇਸ ਪੋਰਸ ਦੀ ਟ੍ਰੇਨਿੰਗ ਪੂਰੀ ਹੋ ਚੁੱਕੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਵਿਚ ਸਭ ਤੋਂ ਵੱਧ ਮੌਤਾਂ ਹਾਦਸਿਆਂ ਕਾਰਣ ਪੰਜਾਬ ਵਿਚ ਹੋ ਰਹੀਆਂ ਹਨ, ਇਕ ਸਾਲ ਵਿਚ 6 ਹਜ਼ਾਰ ਤੋਂ ਵੱਧ ਮੌਤਾਂ ਹੋ ਰਹੀਆਂ। ਜੇ ਅਸੀਂ 50 ਫੀਸਦੀ ਹਾਦਸੇ ਵੀ ਘਟਾ ਲਏ ਤਾਂ ਅਸੀਂ 3 ਹਜ਼ਾਰ ਲੋਕਾਂ ਦੀਆਂ ਜਾਨਾਂ ਬਚਾ ਸਕਾਂਗੇ, ਹਰ ਮਹੀਨੇ ਡਾਟਾ ਸਾਂਝਾ ਕਰਿਆ ਕਰਾਂਗੇ।
ਇਹ ਵੀ ਪੜ੍ਹੋ : ਦਰਗਾਹ ’ਤੇ ਸੇਵਾ ਕਰਨ ਵਾਲੇ ਦੀ ਚਮਕੀ ਕਿਸਮਤ, ਰਾਤੋਂ-ਰਾਤ ਬਣ ਗਏ ਕਰੋੜ ਪਤੀ
ਅਧਿਆਪਕਾਂ ਨੂੰ ਵੱਡੀ ਰਾਹਤ
ਕੈਬਨਿਟ ਦੀ ਮੀਟਿੰਗ ਵਿਚ ਅਧਿਆਪਕਾਂ ਲਈ ਵੱਡਾ ਅਤੇ ਰਾਹਤ ਭਰਿਆ ਫ਼ੈਸਲਾਂ ਲੈਂਦਿਆਂ ਅਧਿਆਪਕਾਂ ਦੀ ਬਦਲੀ ਪ੍ਰਕਿਰਿਆ ਨੂੰ ਸੌਖਾ ਕਰ ਦਿੱਤਾ ਹੈ। ਇਸ ਬਾਬਤ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੁਣ ਅਧਿਆਪਕ ਆਪਣੇ ਜ਼ਿਲ੍ਹੇ ਵਿਚ ਆਸਾਨੀ ਨਾਲ ਬਦਲੀ ਕਰਵਾ ਸਕਣਗੇ। ਜੇ ਉਹ ਆਪਣੇ ਇਲਾਕੇ ਵਿਚ ਆਉਂਣਾ ਚਾਹੁੰਦੇ ਹਨ ਤਾਂ ਉਥੇ ਵੀ ਆ ਸਕਦੇ ਹਨ, ਇਥੇ ਤਕ ਕਿ ਘਰ ਦੇ ਨੇੜੇ ਵੀ ਆਪਣੀ ਬਦਲੀ ਕਰਵਾ ਸਕਦੇ ਹਨ। ਇਸ ਪ੍ਰਕਿਰਿਆ ਨੂੰ ਹੋਰ ਸੌਖਾਲਾ ਕਰ ਦਿੱਤਾ ਗਿਆ ਹੈ ਤਾਂ ਜੋ ਅਧਿਆਪਕਾਂ ਨੂੰ ਬਦਲੀ ਕਰਵਾਉਣ ਲਈ ਦਫ਼ਤਰਾਂ ਦੇ ਚੱਕਰ ਨਾ ਲਾਉਣੇ ਪੈਣ ਅਤੇ ਉਨ੍ਹਾਂ ਦਾ ਧਿਆਨ ਪੜ੍ਹਾਉਣ ਵਾਲੇ ਪਾਸੇ ਹੀ ਜ਼ਿਆਦਾ ਰਹੇ।
ਇਹ ਵੀ ਪੜ੍ਹੋ : ਪੰਜਾਬ ਅੰਦਰ ਸਰਕਾਰੀ ਬੱਸਾਂ ’ਚ ਸਫ਼ਰ ਕਰਨਾ ਹੋਵੇਗਾ ਔਖਾ, ਅੱਜ ਤੋਂ ਲਿਆ ਗਿਆ ਇਹ ਸਖ਼ਤ ਫ਼ੈਸਲਾ
10 ਲੱਖ 77 ਹਜ਼ਾਰ ਕੱਟੇ ਹੋਏ ਰਾਸ਼ਨ ਕਾਰਡ ਕੀਤੇ ਬਹਾਲ
ਪੰਜਾਬ ਕੈਬਨਿਟ ਨੇ ਵੱਡਾ ਫ਼ੈਸਲਾ ਲੈਂਦਿਆਂ ਪੰਜਾਬ ਦੇ ਉਹ 10 ਲੱਖ 77 ਹਜ਼ਾਰ ਰਾਸ਼ਨ ਕਾਰਡ ਬਹਾਲ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ, ਜਿਹੜੇ ਪਹਿਲਾਂ ਵੱਖ-ਵੱਖ ਕਾਰਨਾਂ ਕਰਕੇ ਕੱਟ ਦਿੱਤੇ ਗਏ ਸਨ। ਕੈਬਨਿਟ ਮੀਟਿੰਗ ਤੋਂ ਬਾਅਦ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਜਿੰਨੇ ਵੀ ਰਾਸ਼ਨ ਕਾਰਡ ਹਨ ਜਿਨ੍ਹਾਂ ਦੀ ਗਿਣਤੀ ਲਗਭਗ 10 ਲੱਖ 77 ਹਜ਼ਾਰ ਹੈ, ਜਿਹੜੇ ਪਹਿਲਾਂ ਕਿਸੇ ਕਾਰਨ ਕਰਕੇ ਕੱਟੇ ਗਏ ਸੀ ਜਾਂ ਜਿਨ੍ਹਾਂ ਦਾ ਕੋਈ ਦਾਇਰਾ ਨਹੀਂ ਸੀ ਉਹ ਸਾਰੇ ਰਾਸ਼ਨ ਕਾਰਡਾਂ ਨੂੰ ਮੁੜ ਬਹਾਲ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
15 ਹੋਰ ਜ਼ਿਲ੍ਹਿਆਂ ਵਿੱਚ ਸੀ.ਐਮ. ਦੀ ਯੋਗਸ਼ਾਲਾ ਸ਼ੁਰੂ ਕਰਨ ਦੀ ਪ੍ਰਵਾਨਗੀ
ਪੰਜਾਬ ਵਜ਼ਾਰਤ ਨੇ ਸੀ.ਐੱਮ. ਦੀ ਯੋਗਸ਼ਾਲਾ ਮੁਹਿੰਮ 15 ਹੋਰ ਜ਼ਿਲ੍ਹਿਆਂ ਵਿਚ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਇਨ੍ਹਾਂ ਜ਼ਿਲ੍ਹਿਆਂ ਵਿਚ ਬਰਨਾਲਾ, ਫਰੀਦਕੋਟ, ਫਤਹਿਗੜ੍ਹ ਸਾਹਿਬ, ਫਿਰੋਜ਼ਪੁਰ, ਫਾਜ਼ਿਲਕਾ, ਗੁਰਦਾਸਪੁਰ, ਕਪੂਰਥਲਾ, ਮਾਨਸਾ, ਮੋਗਾ, ਸ੍ਰੀ ਮੁਕਤਸਰ ਸਾਹਿਬ, ਪਠਾਨਕੋਟ, ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ, ਤਰਨਤਾਰਨ ਅਤੇ ਮਾਲੇਰਕੋਟਲਾ ਸ਼ਾਮਲ ਹਨ। ਸੂਬਾ ਸਰਕਾਰ ਦੇ ਇਸ ਸਿਹਤਮੰਦ ਉਪਰਾਲੇ ਨੂੰ ਪਹਿਲੇ ਪੜਾਅ ਵਿਚ 9 ਜ਼ਿਲ੍ਹਿਆਂ ਵਿਚ ਅਮਲ ਵਿਚ ਲਿਆਉਣ ਤੋਂ ਬਾਅਦ ਲੋਕਾਂ ਦਾ ਵੱਡਾ ਹੁੰਗਾਰਾ ਮਿਲ ਰਿਹਾ ਹੈ। ਇਸ ਲੋਕ ਪੱਖੀ ਕਦਮ ਨਾਲ ਹੁਣ ਸਮੁੱਚਾ ਪੰਜਾਬ ਇਸ ਸਕੀਮ ਹੇਠ ਆ ਜਾਵੇਗਾ ਜਿਸ ਕਰਕੇ ਇਸ ਸਕੀਮ ਲਈ ਵਾਧੂ ਟਰੇਨਰ ਅਤੇ ਹੋਰ ਸਟਾਫ਼ ਭਰਤੀ ਕਰਨ ਦੀ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਖ਼ੁਸ਼ ਕੀਤੇ ਅਧਿਆਪਕ, ਕੈਬਨਿਟ ਮੀਟਿੰਗ ਵਿਚ ਲਿਆ ਵੱਡਾ ਫ਼ੈਸਲਾ
ਪੀ.ਆਈ.ਟੀ. ਦੀ ਇਮਾਰਤ ਵਿਚ ‘ਸਕੂਲ ਆਫ਼ ਐਮੀਨੈਂਸ’ ਹੋਵੇਗਾ ਸਥਾਪਤ
ਮੰਤਰੀ ਮੰਡਲ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਅਰਨੀਵਾਲਾ ਸ਼ੇਖ ਸੁਭਾਨ ਵਿਚ ਸਥਿਤ ਪੰਜਾਬ ਇੰਸਟੀਚਿਊਟ ਆਫ ਟੈਕਨਾਲੌਜੀ (ਪੀ.ਆਈ.ਟੀ.) ਦੀ ਇਮਾਰਤ ਵਿਚ ‘ਸਕੂਲ ਆਫ ਐਮੀਨੈਂਸ’ ਸਥਾਪਤ ਕਰਨ ਦਾ ਐਲਾਨ ਕੀਤਾ ਹੈ। ਇਹ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਵਿਚ ਤਜਵੀਜ਼ਤ ਕੀਤਾ ਗਿਆ ਸੀ ਪਰ ਜਗ੍ਹਾ ਦੀ ਘਾਟ ਕਾਰਨ ਇਹ ਸਕੂਲ ਪੀ.ਆਈ.ਟੀ. ਵਿੱਚ ਸਥਾਪਤ ਕਰਨ ਦਾ ਫੈਸਲਾ ਲਿਆ ਗਿਆ ਹੈ। ਇਹ ਸਕੂਲ ਆਹਲਾ ਦਰਜੇ ਦੀਆਂ ਸਹੂਲਤਾਂ ਨਾਲ ਲੈਸ ਹੋਵੇਗਾ ਜਿੱਥੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ਦੀ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8