ਕਾਰਡ ਕੱਟੇ ਜਾਣ ’ਤੇ ਲਾਭਪਾਤਰੀਆਂ ਵੱਲੋਂ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ
Sunday, Aug 19, 2018 - 02:22 AM (IST)

ਬਾਲਿਆਂਵਾਲੀ, (ਸ਼ੇਖਰ) ਨਗਰ ਪੰਚਾਇਤ ਮੰਡੀ ਕਲਾਂ ਦੇ ਗਰੀਬ ਪਰਿਵਾਰਾਂ ਦੇ ਕਣਕ-ਦਾਲ ਵਾਲੇ ਕਾਰਡ ਕੱਟੇ ਜਾਣ ’ਤੇ ਕੋਈ ਸੁਣਵਾਈ ਨਾ ਹੋਣ ਕਾਰਨ ਅੱਜ ਲਾਭਪਾਤਰੀਆਂ ਵੱਲੋਂ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਸਮੇਂ ਕਾਰਡ ਕੱਟੇ ਜਾਣ ਵਾਲੇ ਲਾਭਪਾਤਰੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਗਰੀਬ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਕਣਕ-ਦਾਲ ਸਕੀਮ ਵਾਲੇ ਕਾਰਡਾਂ ਦੀ ਨਵੇਂ ਸਿਰੇ ਤੋਂ ਕਰਵਾਈ ਛਾਣਬੀਣ ’ਚ ਨਗਰ ਪੰਚਾਇਤ ਮੰਡੀ ਕਲਾਂ ਦੇ ਵੱਡੀ ਗਿਣਤੀ ’ਚ ਲਾਭਪਾਤਰੀਆਂ ਦੇ ਕਾਰਡ ਰੱਦ ਕਰ ਦਿੱਤੇ ਗਏ ਸਨ, ਜਿਸ ਕਾਰਨ ਲਾਭਪਾਤਰੀਆਂ ਵੱਲੋਂ ਨਗਰ ਪੰਚਾਇਤ ਦੇ ਦਫ਼ਤਰ ਅੱਗੇ ਧਰਨਾ ਲਾਉਣ ਅਤੇ ਮਸਲਾ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆਉਣ ’ਤੇ ਪ੍ਰਸ਼ਾਸਨ ਵੱਲੋਂ ਯੋਗ ਲਾਭਪਾਤਰੀਆਂ ਦੇ ਕਾਰਡ ਫਿਰ ਤੋਂ ਸ਼ੁਰੂ ਕਰਨ ਦਾ ਵਿਸ਼ਵਾਸ ਦਿੱਤਾ ਗਿਆ ਸੀ ਪਰ ਕਈ ਮਹੀਨੇ ਬੀਤ ਜਾਣ ’ਤੇ ਵੀ ਮਸਲਾ ਹੱਲ ਨਹੀਂ ਕੀਤਾ ਗਿਆ, ਜਿਸ ਕਾਰਨ ਅੱਜ ਲਾਭਪਾਤਰੀਆਂ ਨੇ ਫੈਸਲਾ ਕੀਤਾ ਕਿ ਪੰਜਾਬ ਸਰਕਾਰ ਦਾ ਲੋਕ ਸਭਾ ਚੋਣਾਂ ਵਿਚ ਕਾਲੀਆਂ ਝੰਡੀਆਂ ਨਾਲ ਸਵਾਗਤ ਕੀਤਾ ਜਾਵੇਗਾ। ਇਸ ਮੌਕੇ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਜਗਜੀਤ ਸਿੰਘ ਖਾਲਸਾ, ਕੌਂਸਲਰ ਫੂਲਾ ਸਿੰਘ, ਸੇਵਕ ਸਿੰਘ, ਕਲੱਬ ਪ੍ਰਧਾਨ ਅਮਨਦੀਪ ਸਿੰਘ, ਪੱਪੀ ਸਿੰਘ, ਬੁੱਗੀ ਸਿੰਘ, ਜੱਗੀ ਸਿੰਘ, ਗੁਰਪਿਆਰ ਸਿੰਘ, ਕਰਮਜੀਤ ਸਿੰਘ, ਬਿੰਦਰ ਸਿੰਘ, ਅੰਮ੍ਰਿਤਪਾਲ ਸਿੰਘ ਆਦਿ ਕਿਸਾਨ ਮਜ਼ਦੂਰ ਹਾਜ਼ਰ ਸਨ।
ਕੀ ਕਹਿਣੈ ਕਾਰਜਸਾਧਕ ਅਫਸਰ ਦਾ
ਜਦ ਇਸ ਮਾਮਲੇ ਸਬੰਧੀ ਮੰਡੀ ਕਲਾਂ ਦੇ ਕਾਰਜਸਾਧਕ ਅਫਸਰ ਰਾਜੀਵ ਸ਼ਰੀਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਹਿਲਾਂ ਕੀਤੇ ਸਰਵੇ ਵਿਚ ਕੁਝ ਲਾਭਪਾਤਰੀਆਂ ਦੇ ਨਾਂ ਕੱਟੇ ਗਏ ਸਨ।
ਉਸ ਤੋਂ ਬਾਅਦ ਫਿਰ ਦੁਆਰਾ ਡਿਪਟੀ ਕਮਿਸ਼ਨਰ ਬਠਿੰਡਾ ਦੀ ਹਦਾਇਤ ’ਤੇ
ਟੀਮਾਂ ਭੇਜ ਕੇ ਰੀ-ਵੈਰੀਫੀਕੇਸ਼ਨ ਕਰਵਾਈ ਗਈ ਹੈ ਤੇ ਉਸ ਦੀਆਂ ਰਿਪੋਰਟਾਂ ਫੂਡ ਸਪਲਾਈ ਵਿਭਾਗ ਨੂੰ ਭੇਜ ਦਿੱਤੀਆਂ ਗਈਆਂ ਹਨ।