ਹੋਸਟਲ ਦੀਆਂ ਮੈੱਸਾਂ ''ਤੇ ਫਿਰ ਪੁਰਾਣੇ ਠੇਕੇਦਾਰਾਂ ਦਾ ਕਬਜ਼ਾ
Thursday, Aug 24, 2017 - 06:17 AM (IST)
ਅੰਮ੍ਰਿਤਸਰ, (ਸੰਜੀਵ)- 'ਅੰਨ੍ਹਾ ਵੰਡੇ ਰਿਓੜੀਆਂ ਮੁੜ-ਮੁੜ ਆਪਣਿਆਂ ਨੂੰ' ਦੀ ਕਹਾਵਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਮੈਨੇਜਮੈਂਟ 'ਤੇ ਸਟੀਕ ਬੈਠਦੀ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕੈਂਪਸ ਦੀਆਂ ਹੋਸਟਲ ਮੈੱਸਾਂ ਦੇ ਠੇਕੇ ਪੁਰਾਣੇ ਠੇਕੇਦਾਰਾਂ ਨੂੰ ਦੇ ਕੇ ਜਿਥੇ ਯੂਨੀਵਰਸਿਟੀ ਮੈਨੇਜਮੈਂਟ ਤੇ ਠੇਕੇਦਾਰਾਂ ਵਿਚ ਗੰਢ-ਤੁੱਪ ਦੇ ਸੰਕੇਤ ਦਿੱਤੇ ਗਏ ਹਨ, ਉਥੇ ਹੀ ਪਿਛਲੇ ਕਈ ਸਾਲਾਂ ਤੋਂ ਮੈੱਸਾਂ ਤੇ ਕੰਟੀਨਾਂ ਦੀ ਠੇਕਾ ਵੰਡ ਵਿਚ ਹੋ ਰਹੇ ਘਪਲਿਆਂ ਦੇ ਵੀ ਸਾਹਮਣੇ ਆਉਣ ਦੀ ਸੰਭਾਵਨਾ ਵਿਖਾਈ ਦੇ ਰਹੀ ਹੈ। ਜਗ ਬਾਣੀ ਦੀ ਟੀਮ ਵੱਲੋਂ ਜਦੋਂ ਕੈਂਪਸ ਦੀਆਂ ਮੈੱਸਾਂ ਦੇ ਠੇਕੇ ਵੰਡਣ ਸਬੰਧੀ ਜ਼ਮੀਨੀ ਪੱਧਰ 'ਤੇ ਖੋਜ ਕੀਤੀ ਗਈ ਤਾਂ ਬਹੁਤ ਸਾਰੇ ਹੈਰਾਨੀਜਨਕ ਪਹਿਲੂ ਸਾਹਮਣੇ ਆਏ, ਜਿਸ ਵਿਚ ਨਿਯਮ ਤਾਂ ਬਣਾਏ ਗਏ ਸਨ ਪਰ ਉਨ੍ਹਾਂ ਨੂੰ ਤੋੜਿਆ ਗਿਆ। ਹੋਸਟਲ ਮੈੱਸਾਂ ਦੇ ਠੇਕਿਆਂ ਦੀ ਸੂਚੀ ਦੇ ਜਾਰੀ ਹੋਣ ਤੋਂ ਪਹਿਲਾਂ ਹੀ ਪੁਰਾਣੇ ਠੇਕੇਦਾਰ ਇਸ ਗੱਲ ਦਾ ਦਾਅਵਾ ਕਰ ਰਹੇ ਸਨ ਕਿ ਇਸ ਵਾਰ ਵੀ ਠੇਕਾ ਉਨ੍ਹਾਂ ਨੂੰ ਹੀ ਮਿਲੇਗਾ ਪਰ ਹੋ ਸਕਦਾ ਹੈ ਕਿ ਥੋੜ੍ਹੀ ਬਹੁਤ ਰਕਮ ਵਧਾਉਣੀ ਪਵੇ।
ਹੁਣ ਦੂਜੇ ਪਾਸੇ ਕੈਂਪਸ ਦੀਆਂ ਕੰਟੀਨਾਂ ਦੇ ਪੁਰਾਣੇ ਠੇਕੇਦਾਰ ਵੀ ਇਹੀ ਦਾਅਵਾ ਕਰ ਰਹੇ ਹਨ ਕਿ ਇਸ ਵਾਰ ਵੀ ਠੇਕਾ ਉਨ੍ਹਾਂ ਨੂੰ ਮਿਲਣਾ ਹੈ, ਜਦੋਂ ਕਿ ਅਜੇ ਤੱਕ ਉਨ੍ਹਾਂ ਦੀ ਲਿਸਟ ਜਾਰੀ ਨਹੀਂ ਹੋਈ। ਹੋਸਟਲ ਮੈੱਸਾਂ ਦੇ ਠੇਕਾ ਵੰਡਣ ਦੀ ਪ੍ਰਕਿਰਿਆ ਤੋਂ ਪਾਰਦਰਸ਼ਿਤਾ ਜਿਹੇ ਸ਼ਬਦ ਤਾਂ ਵਿਖਾਈ ਹੀ ਨਹੀਂ ਦਿੱਤੇ, ਜਦੋਂ ਇਸ ਬਾਰੇ ਮੈਨੇਜਮੈਂਟ ਨਾਲ ਗੱਲ ਕੀਤੀ ਗਈ ਤਾਂ ਠੇਕਾ ਵੰਡ ਦੀ ਪ੍ਰਕਿਰਿਆ ਨੂੰ ਉਨ੍ਹਾਂ ਨੇ ਠੀਕ ਠਹਿਰਾਇਆ, ਜਦੋਂ ਕਿ ਮੈਨੇਜਮੈਂਟ ਵੱਲੋਂ ਠੀਕ ਠਹਿਰਾਏ ਜਾਣ ਵਾਲੀ ਠੇਕਾ ਵੰਡ ਕਿਤੇ ਨਾ ਕਿਤੇ ਭ੍ਰਿਸ਼ਟਾਚਾਰ ਵੱਲ ਇਸ਼ਾਰਾ ਕਰ ਰਹੀ ਹੈ, ਜਿਸ ਦੀ ਸੱਚਾਈ ਸਾਹਮਣੇ ਲਿਆਉਣ ਲਈ ਨਿਰਪੱਖ ਜਾਂਚ ਦੀ ਜ਼ਰੂਰਤ ਹੈ।
ਵਿਦਿਆਰਥੀਆਂ ਨੇ ਕੀਤੀ ਹੈ ਖਾਣੇ ਦੀ ਸ਼ਿਕਾਇਤ : ਜਦੋਂ ਯੂਨੀਵਰਸਿਟੀ ਦੇ ਹੋਸਟਲਾਂ ਵਿਚ ਰਹਿ ਰਹੇ ਵਿਦਿਆਰਥੀਆਂ ਨਾਲ ਮਿਲਣ ਵਾਲੇ ਖਾਣੇ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਦਾ ਪੱਧਰ ਬਹੁਤ ਵਧੀਆ ਨਹੀਂ ਦੱਸਿਆ। ਉਨ੍ਹਾਂ ਦਾ ਕਹਿਣਾ ਸੀ ਕਿ ਵੱਧ ਮਾਤਰਾ ਵਿਚ ਖਾਣਾ ਬਣਨ ਕਾਰਨ ਕੁਆਲਿਟੀ ਪੂਰੀ ਤਰ੍ਹਾਂ ਨਹੀਂ ਆਉਂਦੀ। ਕੁਝ ਨੇ ਤਾਂ ਇਥੋਂ ਤੱਕ ਕਿਹਾ ਕਿ ਰਾਤ ਦਾ ਖਾਣਾ ਕੰਟੀਨ ਜਾਂ ਬਾਹਰੋਂ ਖਾਣਾ ਹੀ ਬਿਹਤਰ ਹੈ। ਕਈ ਵਾਰ ਇਸ ਬਾਰੇ ਉਹ ਮੈੱਸ ਦੇ ਠੇਕੇਦਾਰ ਅਤੇ ਮੈਨੇਜਮੈਂਟ ਨੂੰ ਸ਼ਿਕਾਇਤ ਵੀ ਕਰਦੇ ਹਨ ਪਰ ਉਸ ਦਾ ਅਸਰ ਕੁਝ ਦਿਨ ਹੀ ਰਹਿੰਦਾ ਹੈ। ਜ਼ਿਕਰਯੋਗ ਹੈ ਕਿ ਮੈੱਸ ਦੀ ਡਾਈਟ 23 ਰੁਪਏ ਵਿਚ ਫਿਕਸ ਕੀਤੀ ਗਈ ਹੈ, ਜਿਸ ਨੂੰ ਹਰ ਵਿਦਿਆਰਥੀ ਵੱਲੋਂ ਦੇਣਾ ਹੁੰਦਾ ਹੈ।
ਕੀ ਕਹਿਣਾ ਹੈ ਯੂਨੀਵਰਸਿਟੀ ਰਜਿਸਟਰਾਰ ਦਾ? : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਜਿਸਟਰਾਰ ਕਰਨ ਸਿੰਘ ਕਾਹਲੋਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮੈੱਸਾਂ ਦਾ ਠੇਕਾ ਕੁਆਲਿਟੀ ਨੂੰ ਵੇਖ ਕੇ ਦਿੱਤਾ ਜਾਂਦਾ ਹੈ, ਜਿਸ ਵਿਚ ਬੱਚਿਆਂ ਦੀ ਸੁਰੱਖਿਆ ਅਤੇ ਖਾਣੇ ਦੀ ਗੁਣਵੱਤਾ ਨੂੰ ਪਹਿਲ ਦਿੱਤੀ ਜਾਂਦੀ ਹੈ। ਪੁਰਾਣੇ ਠੇਕੇਦਾਰਾਂ ਨੂੰ ਦਿੱਤੇ ਜਾ ਰਹੇ ਠੇਕਿਆਂ ਸਬੰਧੀ ਪੁੱਛੇ ਜਾਣ 'ਤੇ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਉਸੇ ਹਾਲਤ ਵਿਚ ਹੁੰਦਾ ਹੈ ਜਦੋਂ ਪੁਰਾਣੇ ਠੇਕੇਦਾਰ ਕੋਲ ਕੋਈ ਸ਼ਿਕਾਇਤ ਨਹੀਂ ਹੁੰਦੀ। ਮੈਨੇਜਮੈਂਟ ਲਗਾਤਾਰ ਹੋਸਟਲ ਦੀਆਂ ਮੈੱਸਾਂ ਵਿਚ ਜਾ ਕੇ ਫੂਡ ਦੀ ਕੁਆਲਿਟੀ ਅਤੇ ਬੱਚਿਆਂ ਦੀਆਂ ਸ਼ਿਕਾਇਤਾਂ ਬਾਰੇ ਸਮੇਂ-ਸਮੇਂ 'ਤੇ ਜਾਂਚ ਕਰਦੀ ਹੈ।
