ਵਿਆਹੁਤਾ ਨੂੰ ਧਮਕਾਉਣ ਲਈ ਵਿਅਕਤੀ ਨੇ ਪਾਈ ਪੁਲਸ ਦੀ ਵਰਦੀ, ਹਥਿਆਰਾਂ ਨਾਲ ਭੇਜਦਾ ਸੀ ਤਸਵੀਰਾਂ
Monday, Jul 03, 2023 - 11:30 AM (IST)
ਅੰਮ੍ਰਿਤਸਰ (ਇੰਦਰਜੀਤ/ਅਵਧੇਸ਼)– ਵਿਆਹੁਤਾ ਨੂੰ ਤੰਗ ਕਰਨ ਦੇ ਮਾਮਲੇ ’ਚ ਪੁਲਸ ਵਲੋਂ ਦਰਜ ਕੀਤੇ ਗਏ ਕੇਸ ’ਚ ਕਾਨੂੰਨ ਨੂੰ ਹੱਥ ’ਚ ਲੈਣ ਵਾਲੇ ਮੁਲਜ਼ਮਾਂ ਨੂੰ ਮਾਮਲੇ 'ਚੋਂ ਕੱਢਣ 'ਤੇ ਕੁੜੀ ਅਤੇ ਉਸਦੇ ਮਾਪਿਆਂ ਨੇ ਪੁਲਸ ਦੇ ਜਾਂਚ ਅਧਿਕਾਰੀ ਵਿਰੁੱਧ ਆਵਾਜ਼ ਉਠਾਈ ਹੈ। ਇਸ ਨੂੰ ਲੈ ਕੇ ਮਾਮਲਾ ਦਿਹਾਤੀ ਪੁਲਸ ਤੋਂ ਅੱਗੇ ਚਲਦੇ ਹੋਏ ਡੀ. ਆਈ. ਜੀ. ਬਾਰਡਰ ਰੇਂਜ ਨਰਿੰਦਰ ਭਾਰਗਵ ਕੋਲ ਪਹੁੰਚ ਚੁੱਕਾ ਹੈ। ਇਲਜ਼ਾਮ ਹੈ ਕਿ ਜਾਂਚ ਅਧਿਕਾਰੀ ਸਭ ਕੁਝ ਜਾਣਦੇ ਹੋਏ ਵੀ ਮੁਲਜ਼ਮ ਪੱਖ ਦੀ ਬੋਲੀ ਬੋਲ ਰਹੇ ਹਨ। ਇਸ ਗੱਲ ਦਾ ਖੁਲਾਸਾ ਪੀੜਤ ਕੁੜੀ ਨੇ ਡੀ. ਆਈ. ਜੀ. ਬਾਰਡਰ ਰੇਂਜ ਨੂੰ ਦਿੱਤੀ ਗਈ ਦਰਖ਼ਾਸਤ ’ਚ ਕੀਤਾ ਹੈ।
ਮਾਮਲੇ ਦਾ ਰਹੱਸਮਈ ਪਹਿਲੂ ਹੈ ਕਿ ਕੁੜੀ ਵਲੋਂ ਸ਼ਿਕਾਇਤ ਦਿੱਤੇ ਜਾਣ ਤੋਂ ਬਾਅਦ ਜਦੋਂ ਮੁੰਡੇ ਵਿਰੁੱਧ ਐੱਫ. ਆਈ. ਆਰ. ਦਰਜ ਕੀਤੀ ਤਾਂ ਇਸੇ ਮਿਆਦ ਦੌਰਾਨ ਮੁੱਖ ਮੁਲਜ਼ਮ ਪਤੀ ਹੀ ਵਿਦੇਸ਼ ਨਿਕਲ ਜਾਣ ’ਚ ਸਫ਼ਲ ਹੋ ਗਿਆ, ਉਥੇ ਹੀ ਇਕ ਰਿਸ਼ਤੇਦਾਰ ਜੋ ਉਸਦੇ ਪਤੀ ਦਾ ਜੀਜਾ ਲੱਗਦਾ ਹੈ ਵਲੋਂ ਪੁਲਸ ਦੀ ਵਰਦੀ ਪਾ ਕੇ ਹਥਿਆਰਾਂ ਸਮੇਤ ਡਰਾਉਣ ਧਮਕਾਉਣ ਵਰਗੇ ਅਪਰਾਧ ਨੂੰ ਵੀ ਦਿਹਾਤੀ ਪੁਲਸ ਦੀ ਜਾਂਚ ਅਧਿਕਾਰੀ ਨੇ ਉਸ ਨੂੰ ਅਪਰਾਧ ਦੀ ਸ਼੍ਰੇਣੀ ’ਚ ਨਹੀਂ ਲਿਆ। ਸ਼ਿਕਾਇਤਕਰਤਾ ਪੱਖ ਨੇ ਜਦੋਂ ਬਾਰਡਰ ਰੇਂਜ ਮੁੱਖ ਦਫ਼ਤਰ ’ਚ ਪੇਸ਼ ਹੋ ਕੇ ਆਪਣੀ ਗੱਲ ਦੱਸੀ ਅਤੇ ਵਰਦੀ ਪਾ ਕੇ ਹਥਿਆਰਾਂ ਸਮੇਤ ਤਸਵੀਰਾਂ ਵੀ ਡੀ. ਆਈ. ਜੀ. ਬਾਰਡਰ ਰੇਂਜ ਨੂੰ ਦਿਖਾਈ ਗਈ ਤਾਂ ਅਧਿਕਾਰੀ ਨੇ ਇਸ ਮਾਮਲੇ ਨੂੰ ਸੰਜੀਦਗੀ ਨਾਲ ਲੈਂਦੇ ਹੋਏ ਇਸਦੀ ਤੁਰੰਤ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ।
ਇਹ ਵੀ ਪੜ੍ਹੋ- ਨਿਊਜ਼ੀਲੈਂਡ ਤੋਂ ਆਈ ਦੁਖਦ ਖ਼ਬਰ, ਰਾਤੀ ਸੁੱਤਾ ਫਿਰ ਨਾ ਉੱਠਿਆ ਵਡਾਲਾ ਬਾਂਗਰ ਦਾ ਕੰਵਰਜੀਤ
ਡੀ. ਆਈ. ਜੀ. ਬਾਰਡਰ ਰੇਂਜ ਡਾ. ਨਰਿੰਦਰ ਭਾਰਗਵ ਆਈ. ਪੀ. ਐੱਸ. ਨੂੰ ਦਿੱਤੀ ਗਈ ਸ਼ਿਕਇਤ ’ਚ ਸੁਮਨਪ੍ਰੀਤ ਕੌਰ ਪੁੱਤਰੀ ਧਨਰਾਜ ਸਿੰਘ ਵਾਸੀ ਮਜੀਠਾ ਰੋਡ, ਅੰਮ੍ਰਿਤਸਰ ਦਾ ਵਿਆਹ ਸਤਨਾਮ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਰਮਦਾਸ, ਤਹਿਸੀਲ ਅਜਨਾਲਾ ਦੇ ਨਾਲ ਹੋਈ। ਵਿਆਹ ਤੋਂ ਬਾਅਦ ਕੁੜੀ ਦੀ ਤਸ਼ੱਦਦ ਸ਼ੁਰੂ ਹੋ ਗਈ ਅਤੇ 6 ਲੱਖ ਰੁਪਏ ਅਤੇ ਹੋਰ ਆਦਿ ਦੀ ਮੰਗ ਕੀਤੀ ਗਈ ਅਤੇ ਮੰਗ ਨਾ ਪੂਰੀ ਹੋਣ ’ਤੇ ਉਸ ਨੂੰ ਘਰੋਂ ਕੱਢ ਦਿੱਤਾ ਤਾਂ ਅੱਗੇ ਚਲਦੇ ਮਾਮਲਾ ਪੁਲਸ ਦੇ ਕੋਲ ਪਹੁੰਚਿਆ। ਸ਼ਿਕਾਇਤ ’ਚ ਕੁੜੀ ਨੇ ਕਿਹਾ ਹੈ ਕਿ ਉਸਦੇ ਇਸੇ ਦਰਮਿਆਨ ਉਸਦੇ ਪਤੀ ਦਾ ਜੀਜਾ (ਨੰਦੋਈ) ਨਿਰਵੈਰ ਸਿੰਘ ਪੁੱਤਰ ਮਾਨ ਸਿੰਘ ਉਸ ਨੂੰ ਪੁਲਸ ਦੀ ਵਰਦੀ ਪਹਿਣ ਕੇ ਡਰਾਉਂਦਾ ਸੀ ਅਤੇ ਗੰਭੀਰ ਨਤੀਜੇ ਦੀਆਂ ਧਮਕੀਆਂ ਦਿੰਦੇ ਹੋਏ ਬੰਦੂਕਾਂ ਦੇ ਨਾਲ ਤਸਵੀਰਾਂ ਖਿੱਚ ਕੇ ਭੇਜਦਾ ਸੀ।
ਪੀੜਤ ਪਰਿਵਾਰ ਨੇ ਦੱਸਿਆ ਕਿ ਜਦੋਂ ਸਹੁਰੇ ਵਾਲਿਆਂ ਵਿਰੁੱਧ ਉਨ੍ਹਾਂ ਨੂੰ ਸ਼ਿਕਾਇਤ ਦਿੱਤੀ ਤਾਂ ਪੁਲਸ ਸ਼ੁਰੂ ਤੋਂ ਹੀ ਮੁਲਜ਼ਮ ਪੱਖ ਦੀ ਮਦਦ ਕਰਦੀ ਸੀ। ਸ਼ਿਕਾਇਤ ਦੇਣ ਅਤੇ ਐੱਫ. ਆਈ. ਆਰ. ਦਰਜ ਹੋਣ ਦਰਮਿਆਨ ਪੁਲਸ ਦਾ ਵਿਵਹਾਰ ਬਹੁਤ ਨੇਗੇਟਿਵ ਚਲਦਾ ਆ ਰਿਹਾ ਸੀ। ਇਸੇ ਦੌਰਾਨ ਪੁਲਸ ਦੀ ਮਿਲੀਭਗਤ ਤੋਂ ਹੀ ਉਸਦਾ ਪਤੀ ਪੁਰਤਗਾਲ ਜਾਣ ’ਚ ਕਾਮਯਾਬ ਹੋ ਗਿਆ। ਉਸਦੇ ਵਿਦੇਸ਼ ਨਿਕਲ ਜਾਣ ਤੋਂ ਬਾਅਦ ਜਦੋਂ ਪੁਲਸ ਨੇ ਐੱਫ. ਆਈ. ਆਰ. ਦਰਜ ਕੀਤੀ ਗਈ ਤਾਂ ਉਸ ’ਚ ਮੁੰਡੇ ਦਾ ਜੀਜਾ ਨਿਰਵੈਰ ਸਿੰਘ ਜੋ ਉਨ੍ਹਾਂ ਨੂੰ ਪੁਲਸ ਦੀ ਵਰਦੀ ਪਹਿਣ ਕੇ ਹਥਿਆਰਾਂ ਸਮੇਤ ਧਮਕੀ ਦਿੰਦਾ ਸੀ ਉਸਦਾ ਨਾਂ ਗਾਇਬ ਸੀ। ਇਸ ਮਾਮਲੇ ’ਚ ਉਨ੍ਹਾਂ ਨੇ ਜਾਂਚ ਅਧਿਕਾਰੀ ਐੱਸ. ਪੀ. ਜਸਵੰਤ ਕੌਰ ਨੂੰ ਕਈ ਵਾਰ ਕਿਹਾ ਪਰ ਉਨ੍ਹਾਂ ਨੇ ਉਸ ਦੀ ਗੱਲ ’ਤੇ ਕੋਈ ਗੌਰ ਨਹੀਂ ਕੀਤਾ। ਉਹੀ ਉਨ੍ਹਾਂ ਦਾ ਰੀਡਰ ਜੋ ਦੋਸ਼ੀ ਪੱਖ ਦੇ ਨਾਲ ਮਿਲਿਆ ਹੋਇਆ ਸੀ। ਹਮੇਸ਼ਾ ਉਨ੍ਹਾਂ ਨੂੰ ਮਿਸਗਾਈਡ ਕਰਦਾ ਰਿਹਾ।
ਇਹ ਵੀ ਪੜ੍ਹੋ- ਅੰਮ੍ਰਿਤਸਰ ’ਚ ਗੁੰਡਾਗਰਦੀ ਦਾ ਨੰਗਾ ਨਾਚ, ਨੌਜਵਾਨਾਂ ਨੇ ਚਲਾਈਆਂ ਗੋਲੀਆਂ ਤੇ ਬੋਤਲਾਂ, ਲਹੂ ਲੁਹਾਣ ਕਰ ਦਿੱਤੀ ਔਰਤ
ਇਸ ਮਾਮਲੇ ’ਚ ਡੀ. ਆਈ. ਜੀ. ਬਾਰਡਰ ਰੇਂਜ ਨਰਿੰਦਰ ਭਾਰਗਵ ਦਾ ਕਹਿਣਾ ਹੈ ਕਿ ਮਾਮਲੇ ਦੀ ਫਾਈਲ ਮੰਗਵਾ ਲਈ ਗਈ ਹੈ ਅਤੇ ਕਿਸੇ ਦੇ ਨਾਲ ਅਨਿਆ ਨਹੀਂ ਹੋਵੇਗਾ। ਉਥੇ ਹੀ ਇਸ ਮਾਮਲੇ ’ਚ ਅੰਮ੍ਰਿਤਸਰ ਰੂਰਲ ਪੁਲਸ ’ਚ ਤਾਇਨਾਤ ਐੱਸ.ਪੀ. ਜਸਵੰਤ ਕੌਰ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਨੇ ਕਿਹਾ ਕਿ ਮੁੰਡੇ ਦੇ ਜੀਜਾ ਨਿਰਵੈਰ ਸਿੰਘ ਨੇ ਪੁਲਸ ਦੀ ਵਰਦੀ ਜ਼ਰੂਰ ਪਹਿਣੀ ਹੈ ਪਰ ਉਸਨੇ ਕੋਈ ਅਪਰਾਧ ਨਹੀਂ ਕੀਤਾ। ਜਦੋਂ ਉਨ੍ਹਾਂ ਨੂੰ ਇਹ ਸਵਾਲ ਕੀਤਾ ਗਿਆ ਕਿ ਵਰਦੀ ਪਹਿਣਨਾ ਆਪਣੇ ਆਪ ’ਚ ਹੀ ਇਕ ਅਪਰਾਧ ਹੈ ਤਾਂ ਐੱਸ. ਪੀ. ਜਸਵੰਤ ਕੌਰ ਨੇ ਗੱਲ ਨੂੰ ਟਾਲਦੇ ਹੋਏ ਉੱਤਰ ਦਿੱਤਾ ਕਿ ਮੈਂ ਤਾਂ ਰਿਪੋਰਟ ਭੇਜ ਦਿੱਤੀ ਹੈ... ‘‘ਅੱਗੇ ਬਾਸ (ਐੱਸ. ਐੱਸ. ਪੀ.) ਦੇ ਹੱਥ’’! ਐੱਸ. ਪੀ. ਨੇ ਸਪੱਸ਼ਟ ਕੀਤਾ ਕਿ ਪੀੜਤ ਮਾਮਲੇ ਦਾ ਨੰਦੋਈ ਨਿਰਵੈਰ ਸਿੰਘ ਪੁਲਸ ’ਚ ਤਾਂ ਨਹੀਂ ਹੈ ਪਰ ਉਸਦਾ ਕਹਿਣਾ ਹੈ ਕਿ ਮੈਂ ਇਹ ਪੁਲਸ ਦੀ ਵਰਦੀ ਕਿਸੇ ਦੇ ਕਹਿਣ ’ਤੇ ਪਹਿਣੀ ਹੈ। ਹੁਣ ਦੇਖਣਾ ਹੈ ਕਿ ਸ਼ਾਇਦ ਇਹ ਅਪਰਾਧ ਦੀ ਸ਼੍ਰੇਣੀ ’ਚ ਨਹੀਂ ਹੈ?
ਇਸ ਸੰਬੰਧ ’ਚ ਪੀੜਤ ਵਿਆਹੁਤਾ ਅਤੇ ਉਸਦੇ ਪਰਿਵਾਰ ਵਾਲਿਆਂ ਨੇ ਕਿਹਾ ਹੈ ਕਿ ਅੰਮ੍ਰਿਤਸਰ ਰੂਰਲ ਪੁਲਸ ਨੇ ਉਨ੍ਹਾਂ ਦੇ ਨਾਲ ਬਹੁਤ ਪੱਖਪਾਤ ਕੀਤਾ ਹੈ। ਜੇਕਰ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਉਹ ਇਸ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤਕ ਅਪ੍ਰੋਚ ਕਰਨਗੇ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਮਾਲ ਰੋਡ 'ਤੇ ਵਾਪਰਿਆ ਵੱਡਾ ਹਾਦਸਾ, 7 ਦੇ ਕਰੀਬ ਮਜ਼ਦੂਰ ਆਏ ਮਲਬੇ ਹੇਠਾਂ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।