ਵਿਅਕਤੀ ਨੇ ਅਦਾਲਤ ''ਚ ਨਿਗਲਿਆ ਜ਼ਹਿਰ

Wednesday, Aug 02, 2017 - 01:15 AM (IST)

ਵਿਅਕਤੀ ਨੇ ਅਦਾਲਤ ''ਚ ਨਿਗਲਿਆ ਜ਼ਹਿਰ

ਰੂਪਨਗਰ, (ਕੈਲਾਸ਼)- ਪੁਲਸ ਅਤੇ ਪ੍ਰਸ਼ਾਸਨ ਦੁਆਰਾ ਸੁਣਵਾਈ ਨਾ ਕੀਤੇ ਜਾਣ 'ਤੇ ਅੱਜ ਇਕ ਵਿਅਕਤੀ ਨੇ ਜ਼ਿਲਾ ਅਦਾਲਤ ਰੂਪਨਗਰ 'ਚ ਜ਼ਹਿਰ ਖਾ ਕੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਇਲਾਜ ਲਈ ਇਕ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ। 
 ਇਸ ਸਬੰਧੀ ਰਣਬੀਰ ਸਿੰਘ ਪੁੱਤਰ ਕਰਮ ਸਿੰਘ ਨਿਵਾਸੀ ਪਿੰਡ ਅਭੀਪੁਰ ਜ਼ਿਲਾ ਮੋਹਾਲੀ ਨੇ ਦੱਸਿਆ ਕਿ ਉਸ ਦੇ ਭਰਾ ਅਰਵਿੰਦਰ ਸਿੰਘ ਨੇ ਲੋਕਾਂ ਤੋਂ ਲੱਖਾਂ-ਕਰੋੜਾਂ ਰੁਪਏ ਦੀ ਰਾਸ਼ੀ ਵਸੂਲ ਕਰਨੀ ਹੈ ਪਰ ਸਬੰਧਿਤ ਲੋਕਾਂ ਵੱਲੋਂ ਰਾਸ਼ੀ ਨਾ ਵਾਪਸ ਕਰਨ 'ਤੇ ਉਸ ਨੇ ਅੱਜ ਜ਼ਹਿਰੀਲੀ ਚੀਜ਼ ਖਾ ਕੇ ਸਥਾਨਕ ਜ਼ਿਲਾ ਅਦਾਲਤ 'ਚ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। 
 ਉਸ ਨੇ ਦੱਸਿਆ ਕਿ 11 ਅਤੇ 12 ਵਜੇ ਦੇ ਵਿਚਕਾਰ ਜਦੋਂ ਉਹ ਉਕਤ ਅਦਾਲਤ 'ਚ ਜੱਜ ਸਾਹਿਬ ਕੋਲ ਆਪਣੇ ਬਿਆਨ ਦਰਜ ਕਰਵਾਉਣ ਲਈ ਪਹੁੰਚਿਆ ਤਾਂ ਉਸ ਸਮੇਂ ਜੱਜ ਸਾਹਿਬ ਅਦਾਲਤ 'ਚ ਮੌਜੂਦ ਨਹੀਂ ਸਨ। ਇਸ ਦੌਰਾਨ ਅਰਵਿੰਦਰ ਸਿੰਘ ਨੇ ਜ਼ਹਿਰ ਨਿਗਲ ਲਿਆ, ਜਿਸ ਨੂੰ ਉਸ ਦੇ ਨਾਲ ਆਏ ਕ੍ਰੈਸ਼ਰ ਦੇ ਮੁਨਸ਼ੀ ਨੇ ਤੁਰੰਤ ਸਥਾਨਕ ਨਿੱਜੀ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ। ਰਣਬੀਰ ਸਿੰਘ ਅਨੁਸਾਰ ਉਸ ਦੇ ਪਿਤਾ ਕਰਮ ਸਿੰਘ ਨੇ ਵੀ ਉਕਤ ਪੈਸਿਆਂ ਦੀ ਵਸੂਲੀ ਨਾ ਹੋਣ ਕਾਰਨ ਅਤੇ ਪੁਲਸ ਤੇ ਪ੍ਰਸ਼ਾਸਨ ਦੁਆਰਾ ਸੁਣਵਾਈ ਨਾ ਕਰਨ 'ਤੇ 8 ਫਰਵਰੀ 2016 ਨੂੰ ਖਰੜ ਦੀ ਇਕ ਅਦਾਲਤ 'ਚ ਜ਼ਹਿਰ ਖਾ ਲਿਆ ਸੀ। ਇਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੀ ਪਰ ਉਸ ਦੇ ਭਰਾ ਅਰਵਿੰਦਰ ਸਿੰਘ ਨੇ ਕਈ ਵਾਰ ਪੈਸਿਆਂ ਦੀ ਵਸੂਲੀ ਨੂੰ ਲੈ ਕੇ ਐੱਸ. ਐੱਸ. ਪੀ. ਦਫਤਰ ਮੋਹਾਲੀ ਤੇ ਜ਼ਿਲਾ ਪ੍ਰਸ਼ਾਸਨ ਦੇ ਦਫਤਰ ਦੇ ਚੱਕਰ ਲਾਏ ਪਰ ਕਿਸੇ ਨੇ ਵੀ ਉਸ ਦੀ ਸੁਣਵਾਈ ਨਹੀਂ ਕੀਤੀ। 
ਦੂਜੇ ਪਾਸੇ ਜਿਨ੍ਹਾਂ ਲੋਕਾਂ ਤੋਂ ਅਰਵਿੰਦਰ ਸਿੰਘ ਨੇ ਲੱਖਾਂ ਰੁਪਏ ਦੀ ਵਸੂਲੀ ਕਰਨੀ ਸੀ, ਸਬੰਧਿਤ ਵਿਅਕਤੀਆਂ ਦੀ ਪਹੁੰਚ ਹੋਣ ਕਾਰਨ ਉਨ੍ਹਾਂ ਨੂੰ ਕੋਈ ਵੀ ਹੱਥ ਪਾਉਣ ਨੂੰ ਤਿਆਰ ਨਹੀਂ ਹੋਇਆ। ਰਣਬੀਰ ਸਿੰਘ ਨੇ ਆਪਣੇ ਭਰਾ ਅਰਵਿੰਦਰ ਸਿੰਘ ਦੀ ਜੇਬ 'ਚੋਂ ਮਿਲਿਆ ਸੁਸਾਈਡ ਨੋਟ ਵੀ ਪੱਤਰਕਾਰਾਂ ਨੂੰ ਦਿੱਤਾ, ਜਿਸ 'ਚ ਅਰਵਿੰਦਰ ਸਿੰਘ ਨੇ 14 ਵਿਅਕਤੀਆਂ ਦੇ ਨਾਂ ਲਿਖੇ ਹਨ। ਇਨ੍ਹਾਂ ਤੋਂ ਲੱਖਾਂ ਰੁਪਏ ਦੀ ਵਸੂਲੀ ਨਾ ਹੋਣ ਕਾਰਨ ਉਸ ਨੇ ਅੱਜ ਦੁਖੀ ਹੋ ਕੇ ਜ਼ਹਿਰ ਖਾਧਾ। ਖਬਰ ਲਿਖੇ ਜਾਣ ਤੱਕ ਅਰਵਿੰਦਰ ਸਿੰਘ ਜ਼ਿੰਦਗੀ ਤੇ ਮੌਤ ਦੇ ਵਿਚਕਾਰ ਹਸਪਤਾਲ 'ਚ ਜੂਝ ਰਿਹਾ ਸੀ। ਇਸ ਮੌਕੇ ਉਸ ਦੀ ਪਤਨੀ ਤੇ ਮਾਤਾ ਵੀ ਮੌਜੂਦ ਸਨ। 
ਰਣਬੀਰ ਸਿੰਘ ਨੇ ਮੁੱਖ ਮੰਤਰੀ ਪੰਜਾਬ ਤੋਂ ਗੁਹਾਰ ਲਾਈ ਹੈ ਕਿ ਰਾਜਨੀਤਿਕ ਪਹੁੰਚ ਰੱਖਣ ਵਾਲੇ ਉਕਤ ਲੋਕ ਜਿਨ੍ਹਾਂ ਤੋਂ ਉਸ ਦੇ ਭਰਾ ਨੇ ਲੱਖਾਂ-ਕਰੋੜਾਂ ਰੁਪਏ ਵਸੂਲ ਕਰਨੇ ਹਨ, ਦੀ ਜਾਂਚ ਕਰਵਾਈ ਜਾਵੇ ਤੇ ਦੋਸ਼ੀਆਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ।


Related News