ਸੜਕ ਹਾਦਸੇ ''ਚ ਜ਼ਖਮੀ ਵਿਅਕਤੀ ਨੇ ਡਾਕਟਰਾਂ ''ਤੇ ਲਾਏ ਇਲਾਜ ਨਾ ਕਰਨ ਦੇ ਦੋਸ਼

Friday, Aug 11, 2017 - 12:29 AM (IST)

ਸੜਕ ਹਾਦਸੇ ''ਚ ਜ਼ਖਮੀ ਵਿਅਕਤੀ ਨੇ ਡਾਕਟਰਾਂ ''ਤੇ ਲਾਏ ਇਲਾਜ ਨਾ ਕਰਨ ਦੇ ਦੋਸ਼

ਗੁਰਦਾਸਪੁਰ,  (ਦੀਪਕ)–  ਸੜਕ ਹਾਦਸੇ 'ਚ ਜ਼ਖਮੀ ਹੋਏ ਇਕ ਵਿਅਕਤੀ ਨੇ ਸਿਵਲ ਹਸਪਤਾਲ ਦੇ ਡਾਕਟਰਾਂ 'ਤੇ ਇਲਾਜ ਨਾ ਕਰਨ ਦੇ ਗੰਭੀਰ ਦੋਸ਼ ਲਾਏ ਹਨ। ਜਿਨ੍ਹਾਂ ਨੂੰ ਡਾਕਟਰਾਂ ਵੱਲੋਂ ਨਕਾਰਦੇ ਹੋਏ ਕਿਹਾ ਗਿਆ ਕਿ ਹਸਪਤਾਲ ਅੰਦਰ ਮਰੀਜ਼ਾਂ ਦਾ ਇਲਾਜ ਤਸੱਲੀਬਖਸ਼ ਕੀਤਾ ਜਾ ਰਿਹਾ ਹੈ ਅਤੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾ ਰਹੀ। 
ਜਾਣਕਾਰੀ ਅਨੁਸਾਰ ਹਸਪਤਾਲ ਅੰਦਰ ਦਾਖਲ ਜ਼ਖਮੀ ਕਸ਼ਮੀਰ ਚੰਦ ਪੁੱਤਰ ਗਰਦਾਰੀ ਲਾਲ ਵਾਸੀ ਜੌੜਾ ਛੱਤਰਾਂ ਨੇ ਦੱਸਿਆ ਕਿ ਉਹ ਕੁਝ ਦਿਨ ਪਹਿਲਾਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਦੋਰਾਂਗਲਾ ਵੱਲ ਨੂੰ ਕਿਸੇ ਕੰਮ ਜਾ ਰਿਹਾ ਸੀ ਕਿ ਰਸਤੇ ਵਿਚ ਮੇਰੇ ਮੋਟਰਸਾਈਕਲ ਨੂੰ ਤੇਜ਼ ਰਫਤਾਰ ਕਾਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਮੈਂ ਗੰਭੀਰ ਜ਼ਖਮੀ ਹੋ ਗਿਆ। ਮੈਨੂੰ ਜ਼ਖਮੀ ਹਾਲਤ 'ਚ ਲੋਕਾਂ ਨੇ ਦੋਰਾਂਗਲਾ ਦੇ ਸਰਕਾਰੀ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾ ਦਿੱਤਾ ਪਰ ਉਥੇ ਕੁਝ ਦਿਨਾਂ ਬਾਅਦ ਮੇਰੀ ਹਾਲਤ ਨਾਜ਼ੁਕ ਹੁੰਦੀ ਦੇਖ ਉਨ੍ਹਾਂ ਮੈਨੂੰ 2 ਦਿਨ ਪਹਿਲਾਂ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਰੈਫਰ ਕਰ ਦਿੱਤਾ ਪਰ ਇਥੇ ਮੇਰਾ ਇਲਾਜ ਤਾਂ ਕੀ ਕਰਨਾ ਸੀ ਮੈਨੂੰ ਐਮਰਜੈਂਸੀ ਵਾਰਡ 'ਚੋਂ ਹਸਪਤਾਲ ਦੀ ਤੀਜੀ ਮੰਜ਼ਿਲ ਹੱਡੀਆਂ ਦੇ ਵਾਰਡ 'ਚ 33 ਨੰਬਰ ਬੈੱਡ 'ਤੇ ਤਬਦੀਲ ਕਰ ਦਿੱਤਾ। ਜਿਥੇ ਪਿਛਲੇ 2 ਦਿਨਾਂ ਤੋਂ ਮੇਰੀ ਕਿਸੇ ਡਾਕਟਰ ਨੇ ਸਾਰ ਤੱਕ ਨਹੀਂ ਲਈ ਅਤੇ ਨਾਲ ਹੀ ਕਿਸੇ ਨੇ ਮੇਰਾ ਹਾਲ ਜਾਣਨ ਦੀ ਕੋਸ਼ਿਸ਼ ਕੀਤੀ। 
ਉਸ ਨੇ ਡਾਕਟਰਾਂ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਡਾਕਟਰਾਂ ਨੇ ਉਸ ਦੇ ਜ਼ਖਮਾਂ 'ਤੇ ਪਿਛਲੇ 2 ਦਿਨਾਂ ਤੋਂ ਮਲਮ ਪੱਟੀ ਤੱਕ ਨਹੀਂ ਕੀਤੀ ਅਤੇ ਨਾ ਹੀ ਮੈਨੂੰ ਕੋਈ ਦਵਾਈ ਦਿੱਤੀ ਗਈ, ਜਿਸ ਤੋਂ ਬਾਅਦ ਮੈਂ ਪਲਾਨਿੰਗ ਬੋਰਡ ਦੀ ਸਾਬਕਾ ਚੇਅਰਪਰਸਨ ਨੀਲਮ ਮਹੰਤ ਨੂੰ ਆਪਣੀ ਹਾਲਤ ਸਬੰਧੀ ਸੂਚਿਤ ਕੀਤਾ। 
ਕੀ ਕਹਿਣਾ ਹੈ ਪਲਾਨਿੰਗ ਬੋਰਡ ਦੀ ਸਾਬਕਾ ਚੇਅਰਪਸਨ ਦਾ
ਜ਼ਖਮੀ ਦੇ ਸੂਚਿਤ ਕਰਨ 'ਤੇ ਹਸਪਤਾਲ ਵਿਚ ਉਸ ਦਾ ਹਾਲ ਜਾਣਨ ਲਈ ਪਹੁੰਚੀ ਪਲਾਨਿੰਗ ਬੋਰਡ ਦੀ ਸਾਬਕਾ ਚੇਅਰਪਰਸਨ ਨੀਲਮ ਮਹੰਤ ਦਾ ਕਹਿਣਾ ਹੈ ਕਿ ਜ਼ਖਮੀ ਕਸ਼ਮੀਰ ਚੰਦ ਉਸ ਨਾਲ ਪਲਾਨਿੰਗ ਬੋਰਡ 'ਚ ਕੰਮ ਕਰਦਾ ਸੀ ਅਤੇ ਬੀਤੇ ਕੱਲ ਉਸ ਨੇ ਮੈਨੂੰ ਫੋਨ 'ਤੇ ਸੂਚਿਤ ਕੀਤਾ ਕਿ ਹਸਪਤਾਲ ਅੰਦਰ ਉਸ ਦੀ ਕੋਈ ਡਾਕਟਰ ਸਾਰ ਨਹੀਂ ਲੈ ਰਿਹਾ, ਜਿਸ ਤੋਂ ਬਾਅਦ ਨੀਲਮ ਮਹੰਤ ਨੇ ਕਿਹਾ ਕਿ ਮੈਂ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਨੂੰ ਫੋਨ 'ਤੇ ਇਸ ਸਬੰਧੀ ਸੂਚਿਤ ਕੀਤਾ ਤਾਂ ਉਨ੍ਹਾਂ ਮੈਨੂੰ ਭਰੋਸਾ ਦਿੱਤਾ ਕਿ ਉਹ ਇਸੇ ਵਕਤ ਆਪਣੇ ਸਟਾਫ ਨੂੰ ਮਰੀਜ਼ ਨੂੰ ਗੰਭੀਰਤਾ ਨਾਲ ਇਲਾਜ ਕਰਨ ਲਈ ਕਹਿ ਦਿੰਦੇ ਹਨ ਪਰ ਮੈਂ ਅੱਜ ਜਦ ਹਸਪਤਾਲ ਅੰਦਰ ਆ ਕੇ ਦੇਖਿਆ ਤਾਂ ਮੈਂ ਹੈਰਾਨ ਹਾਂ ਕਿ ਇਥੇ ਕਸ਼ਮੀਰ ਚੰਦ ਦੇ ਨਾਲ ਹੋਰ ਵੀ ਹਸਪਤਾਲ 'ਚ ਦਾਖਲ ਮਰੀਜ਼ਾਂ ਦੀ ਡਾਕਟਰਾਂ ਵੱਲੋਂ ਕਈ-ਕਈ ਦਿਨਾਂ ਤੱਕ ਕੋਈ ਸਾਰ ਤੱਕ ਨਹੀਂ ਲਈ ਗਈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਹਸਪਤਾਲ ਅੰਦਰ ਦਾਖਲ ਮਰੀਜ਼ਾਂ ਦੀ ਸਾਰ ਨਾ ਲੈਣ ਵਾਲੇ ਅਜਿਹੇ ਡਾਕਟਰਾਂ ਉਪਰ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਹਸਪਤਾਲ 'ਚ ਦਾਖਲ ਮਰੀਜ਼ ਇਲਾਜ ਖੁਣੋ ਆਪਣੀ ਜਾਨ ਨਾ ਗਵਾ ਸਕੇ ਅਤੇ ਉਨ੍ਹਾਂ ਦਾ ਇਲਾਜ ਤਸੱਲੀਬਖਸ਼ ਹੋ ਸਕੇ।
ਕੀ ਕਹਿਣਾ ਹੈ ਹਸਪਤਾਲ ਦੇ ਐੱਸ. ਐੱਮ. ਓ. ਅਤੇ ਮੈਡੀਕਲ ਅਫਸਰ ਦਾ
ਇਸ ਸਬੰਧੀ ਜਦ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਵਿਜੇ ਕੁਮਾਰ ਅਤੇ ਮੈਡੀਕਲ ਅਫਸਰ ਡਾ. ਪ੍ਰਿੰਸ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਹਸਪਤਾਲ ਅੰਦਰ ਸਾਰੇ ਮਰੀਜ਼ਾਂ ਦਾ ਇਲਾਜ ਤਸੱਲੀਬਖ਼ਸ਼ ਕੀਤਾ ਜਾ ਰਿਹਾ ਹੈ ਅਤੇ ਮਰੀਜ਼ਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲਾਂ ਪੇਸ਼ ਨਹੀਂ ਆਉਣ ਦਿੱਤੀ ਜਾ ਰਹੀ ਹੈ। ਜਦੋਂ ਉਨ੍ਹਾਂ ਨੂੰ ਮਰੀਜ਼ ਵੱਲੋਂ ਲਾਏ ਦੋਸ਼ਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆ ਗਿਆ ਹੈ ਜੇਕਰ ਕਿਸੇ ਨੇ ਡਿਊਟੀ ਵਿਚ ਕੁਤਾਹੀ ਵਰਤੀ ਹੈ ਤਾਂ ਉਸ ਉਪਰ ਸਖ਼ਤ ਕਾਰਵਾਈ ਕੀਤੀ ਜਾਵੇਗੀ ਪਰ ਹਸਪਤਾਲ ਅੰਦਰ ਪਹਿਲਾਂ ਹੀ ਸਾਰੇ ਡਾਕਟਰ ਆਪਣੀ ਡਿਊਟੀ ਈਮਾਨਦਾਰੀ ਨਾਲ ਨਿਭਾ ਰਹੇ ਹਨ।


Related News