ਪਾਣੀ ਦੀ ਬੂੰਦ-ਬੂੰਦ ਨੂੰ ਤਰਸਣ ਲੱਗੇ ਨਵਾਂਕੋਟ ਦੇ ਲੋਕ

Monday, Jun 12, 2017 - 07:27 AM (IST)

ਪਾਣੀ ਦੀ ਬੂੰਦ-ਬੂੰਦ ਨੂੰ ਤਰਸਣ ਲੱਗੇ ਨਵਾਂਕੋਟ ਦੇ ਲੋਕ

 
ਅੰਮ੍ਰਿਤਸਰ,   (ਵੜੈਚ)- ਵਾਰਡ-47 ਦੀ ਗਲੀ ਨੰ. 19 ਨਵਾਂਕੋਟ ਦੇ ਇਲਾਕੇ 'ਚ ਪਾਣੀ ਦੀ ਸਪਲਾਈ ਨਾ ਹੋਣ 'ਤੇ ਲੋਕਾਂ ਦੇ ਨੱਕ ਵਿਚ ਦਮ ਆ ਰਿਹਾ ਹੈ, ਜੇ ਪਾਣੀ ਆਉਂਦਾ ਵੀ ਹੈ ਤਾਂ ਉਸ ਵਿਚ ਬਦਬੂ ਆਉਂਦੀ ਹੈ, ਜਿਸ ਕਰ ਕੇ ਗਰਮੀ ਦੇ ਮੌਸਮ ਵਿਚ ਲੋਕਾਂ ਨੂੰ 2 ਘੁੱਟ ਪਾਣੀ ਲਈ ਤਰਲੋਮੱਛੀ ਹੋਣਾ ਪੈ ਰਿਹਾ ਹੈ। ਇਲਾਕਾ ਨਿਵਾਸੀਆਂ ਅਵਿਨਾਸ਼, ਸ਼ੰਕਰ ਸ਼ਰਮਾ, ਅਸ਼ਵਨੀ ਕੁਮਾਰ, ਕਰਨ ਖੰਨਾ ਤੇ ਅਜੇ ਕੁਮਾਰ ਨੇ ਕਿਹਾ ਕਿ ਪਿਛਲੇ ਕਰੀਬ ਇਕ ਮਹੀਨੇ ਤੋਂ ਲੋਕ ਪਾਣੀ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਆ ਰਹੇ ਹਨ। ਪੀਣ ਵਾਲੇ ਪਾਣੀ ਦੀ ਦੂਸ਼ਿਤ ਸਪਲਾਈ ਹੋ ਰਹੀ ਸੀ ਪਰ ਪਿਛਲੇ ਦਿਨਾਂ ਵਿਚ ਪਾਣੀ ਨਾ ਬਰਾਬਰ ਆ ਰਿਹਾ ਹੈ। ਲੋਕ ਮੁੱਲ ਦਾ ਪਾਣੀ ਲਿਆ ਕੇ ਸਮਾਂ ਪਾਸ ਕਰ ਰਹੇ ਹਨ। ਜ਼ਿਆਦਾਤਰ ਲੋਕ ਦੂਸਰੇ ਇਲਾਕਿਆਂ 'ਚੋਂ ਬਰਤਨਾਂ ਵਿਚ ਪਾਣੀ ਭਰ ਕੇ ਲਿਆਉਣ ਲਈ ਮਜਬੂਰ ਹਨ। ਸਹੂਲਤਾਂ ਦੇਣ ਦੇ ਦਾਅਵੇ ਕਰਨ ਵਾਲਿਆਂ ਵੱਲੋਂ ਲੋਕਾਂ ਦੀਆਂ ਮੁਸ਼ਕਿਲਾਂ ਦੂਰ ਕਰਨ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਕੌਂਸਲਰ ਨੇ ਪਿਛਲੇ ਸਾਲਾਂ ਵਿਚ ਲੋਕਾਂ ਦੀਆਂ ਮੁਸ਼ਕਿਲਾਂ ਵੱਲ ਧਿਆਨ ਨਹੀਂ ਦਿੱਤਾ। ਕੌਂਸਲਰ ਇਲਾਕੇ 'ਚ ਨਜ਼ਰ ਨਹੀਂ ਆਉਂਦੇ, ਜਿਸ ਦਾ ਜਵਾਬ ਆਉਣ ਵਾਲੀਆਂ ਚੋਣਾਂ ਵਿਚ ਦੇਣ ਲਈ ਪਬਲਿਕ ਤਿਆਰ ਹੈ। ਉਨ੍ਹਾਂ ਕਿਹਾ ਕਿ ਜੇਕਰ ਪਾਣੀ ਦੀ ਸਪਲਾਈ ਠੀਕ ਨਾ ਕਰਵਾਈ ਗਈ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।  ਇਸ ਮੌਕੇ ਲਵਲੀ, ਰਾਧਾ ਖੰਨਾ, ਸੰਤੋਸ਼ ਕੁਮਾਰੀ, ਆਰਤੀ, ਮੀਰਾ, ਸੋਨੀਆ, ਪੂਰਨ, ਸੱਤਿਆ ਰਾਣੀ, ਰਮੇਸ਼ ਰਾਣੀ, ਪ੍ਰਵੇਸ਼ ਰਾਣੀ ਆਦਿ ਮੌਜੂਦ ਸਨ।
4 ਟਿਊਬਵੈੱਲ ਦੇ ਗਏ ਜਵਾਬ : ਕੌਂਸਲਰ
ਕੌਂਸਲਰ ਨਰੇਸ਼ ਕੁਮਾਰੀ ਨੇ ਕਿਹਾ ਕਿ ਵਾਰਡ ਵਿਚ 4 ਟਿਊਬਵੈੱਲ ਜਵਾਬ ਦੇ ਗਏ ਹਨ। ਗਲੀ ਨੰ. 23, ਗੁਰਬਖਸ਼ ਨਗਰ, ਨਵਾਂਕੋਟ, ਇੰਦਰਾ ਕਾਲੋਨੀ ਦੇ ਟਿਊਬਵੈੱਲ ਖ਼ਰਾਬ ਹੋ ਚੁੱਕੇ ਹਨ। ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਕੀਤਾ ਗਿਆ ਹੈ। ਐਤਵਾਰ ਛੁੱਟੀ ਦਾ ਦਿਨ ਹੋਣ ਦੇ ਬਾਵਜੂਦ ਪਤੀ ਯੂਨਿਸ ਕੁਮਾਰ ਕਰਮਚਾਰੀਆਂ ਨਾਲ ਮੌਕੇ 'ਤੇ ਜਾ ਕੇ ਟਿਊਬਵੈੱਲ ਮੋਟਰਾਂ ਦੀ ਰਿਪੇਅਰ ਕਰਵਾ ਰਹੇ ਹਨ। ਛੇਤੀ ਹੀ ਇਲਾਕੇ ਨੂੰ ਸਾਫ ਪਾਣੀ ਸਪਲਾਈ ਕਰਵਾਇਆ ਜਾਵੇਗਾ।


Related News