ਸਾਲ ਪਹਿਲਾਂ ਵਿਆਹੀ ਧੀ ਦੇ ਸਹੁਰੇ ਘਰੋਂ ਆਇਆ ਫੋਨ ਸੁਣ ਮਾਪਿਆਂ ਦੇ ਪੈਰੋਂ ਖਿਸਕੀ ਜ਼ਮੀਨ, ਜਾਣੋ ਪੂਰਾ ਮਾਮਲਾ
Tuesday, Feb 14, 2023 - 12:43 AM (IST)
ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) : ਹਲਕਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਮੱਤੇਵਾੜਾ ਵਿਖੇ ਸਹੁਰੇ ਘਰ 'ਚ ਮਾਪਿਆਂ ਨੂੰ ਆਪਣੀ ਵਿਆਹੁਤਾ ਧੀ ਬਿਕਰਮਜੀਤ ਕੌਰ ਦੀ ਲਾਸ਼ ਮਿਲੀ, ਜਿਸ ਦੇ ਗਲੇ ’ਤੇ ਨਿਸ਼ਾਨ ਸਨ । ਪਰਿਵਾਰਕ ਮੈਂਬਰਾਂ ਨੇ ਉਸਦਾ ਕਤਲ ਕਰਨ ਦੇ ਦੋਸ਼ ਲਗਾਏ। ਪਿੰਡ ਰਜੂਲ ਵਾਸੀ ਅਮਰ ਸਿੰਘ ਨੇ ਦੱਸਿਆ ਕਿ ਉਸਦੀ ਧੀ ਦਾ ਵਿਆਹ ਕਰੀਬ 1 ਸਾਲ ਪਹਿਲਾਂ ਮੱਤੇਵਾੜਾ ਵਾਸੀ ਕਿਸ਼ਨ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਹੀ ਪਤੀ-ਪਤਨੀ ਵਿਚਕਾਰ ਝਗੜਾ ਰਹਿਣ ਲੱਗ ਪਿਆ ਸੀ।
ਇਹ ਵੀ ਪੜ੍ਹੋ : ਵਿਜੀਲੈਂਸ ਦੀ ਵੱਡੀ ਕਾਰਵਾਈ : ਪਟਵਾਰੀ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਗ੍ਰਿਫ਼ਤਾਰ
2 ਮਹੀਨੇ ਪਹਿਲਾਂ ਹੀ ਉਸਦੀ ਧੀ ਦੀ ਕੁੱਖੋਂ ਪੇਕੇ ਘਰ ਲੜਕੇ ਨੇ ਜਨਮ ਲਿਆ ਸੀ, ਜਿਸ ਤੋਂ ਬਾਅਦ ਸਹੁਰਾ ਪਰਿਵਾਰ ਉਸ ਨੂੰ ਆਪਣੇ ਘਰ ਲੈ ਗਿਆ। ਕੁਝ ਦਿਨਾਂ ਬਾਅਦ ਦੋਵਾਂ ਪਤੀ-ਪਤਨੀ ਵਿਚਕਾਰ ਫਿਰ ਝਗੜਾ ਹੋਇਆ, ਜਿਸ ਤੋਂ ਬਾਅਦ ਉਸਦੀ ਧੀ ਪੇਕੇ ਘਰ ਆ ਗਈ। ਕਰੀਬ 4 ਦਿਨ ਪਹਿਲਾਂ ਹੀ ਸਹੁਰਾ ਪਰਿਵਾਰ ਉਨ੍ਹਾਂ ਦੇ ਘਰ ਆਇਆ ਅਤੇ ਇਹ ਕਹਿ ਕੇ ਲੈ ਗਏ ਕਿ ਅੱਜ ਤੋਂ ਬਾਅਦ ਉਨ੍ਹਾਂ ਦੀ ਧੀ ਨੂੰ ਕੋਈ ਸਮੱਸਿਆ ਨਹੀਂ ਆਵੇਗੀ। ਸੋਮਵਾਰ ਬਾਅਦ ਦੁਪਹਿਰ ਉਨ੍ਹਾਂ ਨੂੰ ਸਹੁਰੇ ਪਰਿਵਾਰ ਨੇ ਫੋਨ ਕਰ ਕੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਦੀ ਮੌਤ ਹੋ ਚੁੱਕੀ ਹੈ, ਜਿਸ ’ਤੇ ਉਹ ਤੁਰੰਤ ਪਿੰਡ ਮੱਤੇਵਾੜਾ ਪਹੁੰਚੇ ਅਤੇ ਦੇਖਿਆ ਕਿ ਉਨ੍ਹਾਂ ਦੀ ਲੜਕੀ ਮ੍ਰਿਤਕ ਹਾਲਤ ’ਚ ਪਈ ਸੀ, ਜਿਸ ਦੇ ਗਲੇ ’ਤੇ ਨਿਸ਼ਾਨ ਸਨ। ਜਦੋਂ ਉਨ੍ਹਾਂ ਨੇ ਇਸ ਸਾਰੀ ਘਟਨਾ ਸਬੰਧੀ ਮੱਤੇਵਾਡ਼ਾ ਪੁਲਸ ਨੂੰ ਸੂਚਿਤ ਕੀਤਾ ਤਾਂ ਸਹੁਰਾ ਪਰਿਵਾਰ ਮੌਕੇ ਤੋਂ ਫ਼ਰਾਰ ਹੋ ਗਿਆ।
ਇਹ ਵੀ ਪੜ੍ਹੋ : CM ਮਾਨ ਦੇ ਤਿੱਖੇ ਬੋਲ, ਦੋਸਤਾਂ ਦੀਆਂ ਜੇਬਾਂ ਭਰਨ ਲਈ ਕੋਲੇ ਦਾ ਖਰਚਾ ਪੰਜਾਬ ਸਿਰ ਮੜ੍ਹ ਰਹੀ ਕੇਂਦਰ ਸਰਕਾਰ
ਪੁਲਸ ਵਲੋਂ ਮੌਕੇ ’ਤੇ ਆ ਕੇ ਮ੍ਰਿਤਕ ਬਿਕਰਮਜੀਤ ਕੌਰ ਦੀ ਲਾਸ਼ ਨੂੰ ਕਬਜ਼ੇ ’ਚ ਲੈ ਲਿਆ ਗਿਆ ਅਤੇ ਖ਼ਬਰ ਲਿਖੇ ਜਾਣ ਤੱਕ ਪਿਤਾ ਅਮਰ ਸਿੰਘ ਦੇ ਬਿਆਨ ਦਰਜ ਕੀਤੇ ਜਾ ਰਹੇ ਸਨ। ਮ੍ਰਿਤਕਾ ਬਿਕਰਮਜੀਤ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਧੀ ਨੂੰ ਕਤਲ ਕਰਨ ਪਿੱਛੇ ਸਹੁਰੇ ਪਰਿਵਾਰ ਦੇ 5 ਮੈਂਬਰ ਹਨ, ਜਿਨ੍ਹਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਪੁਲਸ ਅਧਿਕਾਰੀਆਂ ਅਨੁਸਾਰ ਮ੍ਰਿਤਕਾ ਦੇ ਪਿਤਾ ਅਮਰ ਸਿੰਘ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।