ਲਾਵਾਂ ਸਮੇਂ ਲਾੜੀ ਦੇ ਲਹਿੰਗਾ ਪਾਉਣ 'ਤੇ ਹੋਵੇਗੀ ਪਾਬੰਦੀ, ਕਪੂਰਥਲਾ ਦੇ ਇਸ ਪਿੰਡ ਦੀ ਪੰਚਾਇਤ ਨੇ ਲਏ ਅਹਿਮ ਫ਼ੈਸਲੇ

Thursday, Feb 02, 2023 - 08:08 PM (IST)

ਕਪੂਰਥਲਾ : ਫਜ਼ੂਲ ਖਰਚੇ ਬੰਦ ਕਰਨ ਅਤੇ ਸਮੇਂ ਦੇ ਪਾਬੰਦ ਹੋਣ ਲਈ ਹਲਕਾ ਭੁਲੱਥ ਦੇ ਅਧੀਨ ਪੈਂਦੇ ਪਿੰਡ ਭਦਾਸ ਦੀ ਗ੍ਰਾਮ ਪੰਚਾਇਤ ਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਅਹਿਮ ਫੈਸਲੇ 'ਤੇ ਵਿਚਾਰ ਕਰਦਿਆਂ ਆਪਣੇ ਪਿੰਡ ’ਚ ਕੁਝ ਸ਼ਰਤਾਂ ਲਾਗੂ ਕੀਤੀਆਂ ਹਨ। ਇਕ ਮਤਾ ਪਾਸ ਕਰਦਿਆਂ ਅਹਿਮ ਗੱਲਾਂ 'ਤੇ ਮੋਹਰ ਲਗਾਈ ਗਈ, ਜਿਸ ਦੀ ਸਾਰੇ ਪਾਸਿਓਂ ਹੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। ਪੰਚਾਇਤ ਨੇ ਫੈਸਲਾ ਲਿਆ ਹੈ ਕਿ ਵਿਆਹ ਮੌਕੇ ਲਾਵਾਂ ਸਮੇਂ ਲਾੜੀ ਦੇ ਲਹਿੰਗਾ ਪਾਉਣ 'ਤੇ ਪਾਬੰਦੀ ਹੋਵੇਗੀ। ਇਕ ਹੋਰ ਫੈਸਲਾ ਲੈਂਦਿਆਂ ਪੰਚਾਇਤ ਨੇ ਦੱਸਿਆ ਕਿ ਲਾਵਾਂ ਦਾ ਸਮਾਂ 12 ਵਜੇ ਤੋਂ ਪਹਿਲਾਂ ਦਾ ਹੋਵੇਗਾ ਤੇ 12 ਵਜੇ ਤੋਂ ਲੇਟ ਆਉਣ ਵਾਲੀ ਬਾਰਾਤ ਨੂੰ 11000 ਰੁਪਏ ਜੁਰਮਾਨਾ ਕੀਤਾ ਜਾਵੇਗਾ।

ਇਸ ਫੈਸਲੇ 'ਤੇ ਬੋਲਦਿਆਂ ਪੰਚਾਇਤ ਨੇ ਦੱਸਿਆ ਕਿ ਸਮਾਜ ਅੰਦਰ ਸੁਧਾਰ ਕਰਨ ਦੀ ਲੋੜ ਹੈ। ਉਥੇ ਲੋਕਾਂ ਨੇ ਪਿੰਡ ਦੇ ਵਿਕਾਸ ਕਾਰਜਾਂ 'ਤੇ ਸੰਤੁਸ਼ਟੀ ਪ੍ਰਗਟਾਈ ਅਤੇ ਕਿਹਾ ਕਿ ਪਿੰਡ ਨੂੰ ਇਕ ਸਟੇਡੀਅਮ ਅਤੇ ਬਣਦਾ ਮਾਣ-ਸਤਿਕਾਰ ਦੇਣਾ ਚਾਹੀਦਾ ਹੈ। ਇਸ ਮੌਕੇ ਪਿੰਡ ਦੇ ਮੋਹਤਬਰ ਆਗੂਆਂ ਨੇ ਅਹਿਮ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਜ਼ੂਲ ਖਰਚੇ ਬੰਦ ਕਰਨੇ ਅਤੇ ਸਮੇਂ ਦੇ ਪਾਬੰਦ ਹੋਣਾ ਸਾਡੇ ਲਈ ਬਹੁਤ ਜ਼ਰੂਰੀ ਹੈ। ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਸਮਾਜ ਸੇਵਕ ਨਿਸ਼ਾਨ ਸਿੰਘ ਬਲਿਆਨੀਆ ਨੇ ਦੱਸਿਆ ਕਿ ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿੰਡ ’ਚ ਅਹਿਮ ਫੈਸਲਿਆਂ ਦਾ ਬੈਨਰ ਜਾਰੀ ਕਰਦੇ ਹੋਏ ਕਿਹਾ ਕਿ ਪਿੰਡ ’ਚ ਕੋਈ ਵੀ ਗੈਰ-ਕਾਨੂੰਨੀ ਕੰਮ ਨਹੀਂ ਹੋਣ ਦਿੱਤਾ ਜਾਵੇਗਾ, ਜਿਸ ਨਾਲ ਪਿੰਡ ਦੇ ਅਕਸ 'ਤੇ ਕੋਈ ਦਾਗ਼ ਲੱਗ ਸਕੇ। ਇਸ ਮੌਕੇ ਉਨ੍ਹਾਂ ਕਿਹਾ ਕਿ ਜਿਵੇਂ ਪਿੰਡ ’ਚ ਨਸ਼ਾ ਅਤੇ ਤੰਬਾਕੂ ਵਰਗੀਆ ਨਸ਼ੇ ਵਾਲੀਆਂ ਚੀਜ਼ਾਂ ਨੂੰ ਨਹੀਂ ਵੇਚਣ ਦਿੱਤਾ ਜਾਵੇਗਾ।

ਇਸ ਮੌਕੇ ਪਿੰਡ ਵੱਲੋਂ ਜਾਰੀ ਕੀਤਾ ਗਿਆ ਬੈਨਰ ਇਸ ਪ੍ਰਕਾਰ ਹੈ...

-ਲੰਗਰ ਵਾਲੇ ਟਿਫ਼ਨ ਬਾਕਸ, ਲਿਫ਼ਾਫ਼ੇ 'ਤੇ ਪਾਬੰਦੀ ਹੋਵੇਗੀ, ਜੇਕਰ ਘਰਵਾਲੇ ਜਾਂ ਲੰਗਰ ਲਿਜਾਣ ਵਾਲੇ ਕਸੂਰਵਾਰ ਪਾਏ ਜਾਂਦੇ ਹਨ ਤਾਂ 10000/- ਰੁਪਏ ਜੁਰਮਾਨਾ ਤੇ 2 ਮਹੀਨੇ ਜੋੜਿਆਂ ਦੀ ਸੇਵਾ।

- ਜੇਕਰ ਕਮੇਟੀ ਮੈਂਬਰ, ਪ੍ਰਧਾਨ, ਨੰਬਰਦਾਰ, ਸਰਪੰਚ ਕਸੂਰਵਾਰ ਪਾਏ ਜਾਂਦੇ ਹਨ ਤਾਂ 30000/- ਰੁਪਏ ਜੁਰਮਾਨਾ ਤੇ 3 ਮਹੀਨੇ ਜੋੜਿਆਂ ਦੀ ਸੇਵਾ।

- ਜੇਕਰ ਰੋਟੀਆਂ ਪਕਾਉਣ ਵਾਲੇ ਜਾਂ ਪੰਚ ਕਸੂਰਵਾਰ ਪਾਏ ਜਾਂਦੇ ਹਨ ਤਾਂ 1100/- ਰੁਪਏ ਜੁਰਮਾਨਾ ।

-ਬਾਰਾਤ ਦੇ ਲਾਵਾਂ ਦਾ ਸਮਾਂ 12 ਵਜੇ ਤੋਂ ਪਹਿਲਾਂ ਦਾ ਹੈ, ਜੇਕਰ 12 ਵਜੇ ਤੋਂ ਬਾਅਦ ਬਾਰਾਤ ਆਵੇਗੀ ਤਾਂ 11000/- ਰੁਪਏ ਜੁਰਮਾਨਾ।

-ਲਾਵਾਂ ਸਮੇਂ ਲਹਿੰਗਾ ਪਾਉਣ 'ਤੇ ਪਾਬੰਦੀ ਹੈ।

-ਵਿਆਹ ਤੋਂ ਬਾਅਦ ਫੇਰਾ ਪਾਉਣ ਲਈ ਸਿਰਫ਼ ਘਰ ਦਾ ਪਰਿਵਾਰ ਹੀ ਜਾਣਾ ਚਾਹੀਦਾ ਹੈ, ਕਸੂਰਵਾਰ ਪਾਏ ਜਾਣ 'ਤੇ 11000/- ਜੁਰਮਾਨਾ ।

-ਬਾਜ਼ੀਗਰ, ਭੰਡ, ਖੁਸਰਿਆਂ ਨੂੰ ਸਰਕਾਰ ਤੋਂ ਮਨਜ਼ੂਰ ਦਸਤਾਵੇਜ਼ ਜਾਂ ਪੰਚਾਇਤ ਵੱਲੋਂ ਤਸਦੀਕ ਕਰਨ 'ਤੇ ਹੀ ਵਧਾਈ ਦਿੱਤੀ ਜਾਵੇਗੀ।

- ਖੁਸਰਿਆਂ ਦੀ ਵਧਾਈ-11000/-, ਭੰਡਾ ਦੀ ਵਧਾਈ-1100/-, ਨੋਟ : ਸਿਰਫ ਇਕ ਪਾਰਟੀ ਨੂੰ ਹੀ ਵਧਾਈ ਦਿੱਤੀ ਜਾਵੇਗੀ।

- ਬਾਜ਼ੀਗਰਾਂ ਦੀ ਵਧਾਈ-1100/-

- ਪਿੰਡ ’ਚ ਨਸ਼ੇ ਵੇਚਣਾ, ਜਰਦਾ, ਤੰਬਾਕੂ, ਖੈਣੀ ਬਿਲਕੁਲ ਮਨ੍ਹਾ ਹੈ, ਜੇਕਰ ਫਿਰ ਵੀ ਕੋਈ ਨਹੀਂ ਹਟਦਾ ਤਾਂ 5000/- ਰੁਪਏ ਜੁਰਮਾਨਾ।

- ਨਸ਼ਾ ਵੇਚਣ ਵਾਲੇ ਦੀ ਕੋਈ ਸੂਚਨਾ ਦਿੰਦਾ ਹੈ ਤਾਂ ਉਸ ਨੂੰ ਪੰਚਾਇਤ ਵੱਲੋਂ 5000/- ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। ਸੂਚਨਾ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ।


Mandeep Singh

Content Editor

Related News