ਮੈਡੀਕਲ ਸਟੋਰ ਦੇ ਮਾਲਕ ਨੂੰ ਪਹਿਲਾਂ ਕੁੱਟਿਆ ਤੇ ਫਿਰ ਲੁੱਟਿਆ
Friday, Nov 24, 2017 - 07:24 AM (IST)

ਤਰਨਤਾਰਨ, (ਰਮਨ)- ਜ਼ਿਲੇ 'ਚ ਲੁੱਟ ਦੀਆਂ ਘਟਨਾਵਾਂ 'ਚ ਵਾਧਾ ਹੁੰਦਾ ਜਾ ਰਿਹਾ ਹੈ। ਪਹਿਲਾਂ ਲੁਟੇਰੇ ਨੈਸ਼ਨਲ ਹਾਈਵੇ 'ਤੇ ਲੋਕਾਂ ਨੂੰ ਲੋਕਾਂ ਨੂੰ ਲੁੱਟਦੇ ਸਨ ਪਰ ਹੁਣ ਉਨ੍ਹਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਸ਼ਹਿਰ 'ਚ ਆ ਕੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ। ਵੀਰਵਾਰ ਦੀ ਰਾਤ ਐੱਸ. ਐੱਸ. ਪੀ. ਦਫ਼ਤਰ ਦੇ ਸਾਹਮਣੇ ਮੈਡੀਕਲ ਸਟੋਰ ਦੇ ਮਾਲਕ ਨੂੰ 4 ਲੁਟੇਰਿਆਂ ਨੇ ਪਹਿਲਾਂ ਕੁੱਟਿਆ ਅਤੇ ਫਿਰ ਨਕਦੀ ਲੁੱਟ ਲਈ। ਪੁਲਸ ਨੂੰ ਮਾਮਲੇ ਸਬੰਧੀ ਸੂਚਨਾ ਦਿੱਤੀ ਗਈ ਪਰ ਥਾਣਾ ਮੁਖੀ ਅੱਧੇ ਘੰਟੇ ਬਾਅਦ ਮੌਕੇ 'ਤੇ ਪੁੱਜੇ।
ਜਾਣਕਾਰੀ ਮੁਤਾਬਕ ਗੁਲਸ਼ਨ ਭਨੋਟ ਅਤੇ ਉਨ੍ਹਾਂ ਦਾ ਲੜਕਾ ਗਗਨ ਭਨੋਟ ਦੀਪ ਐਵੀਨਿਊ ਦੇ ਨੇੜੇ ਕ੍ਰਿਸ਼ਨਾ ਮੈਡੀਕਲ ਸਟੋਰ ਚਲਾਉਂਦੇ ਹਨ। ਰਾਤ ਨੂੰ ਕਰੀਬ 9 ਵਜੇ ਗੁਲਸ਼ਨ ਭਨੋਟ ਮੈਡੀਕਲ ਸਟੋਰ 'ਤੇ ਬੈਠੇ ਸਨ। ਇਸ ਦੌਰਾਨ 2 ਮੋਟਰਸਾਈਕਲਾਂ 'ਤੇ 4 ਲੁਟੇਰੇ ਆਏ, ਜਿਨ੍ਹਾਂ ਨੇ ਆਪਣੇ ਮੂੰਹ ਕੱਪੜਿਆਂ ਨਾਲ ਢਕੇ ਹੋਏ ਸਨ। ਲੁਟੇਰਿਆਂ ਨੇ ਪਹਿਲਾਂ ਗੁਲਸ਼ਨ ਭਨੋਟ ਨਾਲ ਕੁੱਟਮਾਰ ਕੀਤੀ ਅਤੇ ਫਿਰ 21 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ। ਘਟਨਾ ਦੀ ਸੂਚਨਾ ਮਿਲਣ ਦੇ ਅੱਧੇ ਘੰਟੇ ਬਾਅਦ ਪੁੱਜੇ ਥਾਣਾ ਸਿਟੀ ਦੇ ਮੁਖੀ ਹਰਿਤ ਸ਼ਰਮਾ ਦਾ ਕਹਿਣਾ ਹੈ ਕਿ ਤਰਨਤਾਰਨ 'ਚ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਕਰਵਾ ਦਿੱਤੀ ਗਈ ਹੈ ਅਤੇ ਜਲਦ ਹੀ ਲੁਟੇਰੇ ਪੁਲਸ ਗ੍ਰਿਫ਼ਤ 'ਚ ਹੋਣਗੇ।