ਡੇਰਾ ਸੱਚਾ ਸੌਦਾ ਮਾਮਲੇ ਨੂੰ ਲੈ ਕੇ ਜ਼ਿਲੇ ਭਰ ''ਚ ਚਲਾਈ ਗਈ ਨਾਈਟ ਡੋਮੀਨੇਸ਼ਨ ਮੁਹਿੰਮ

08/24/2017 3:38:53 AM

ਕਪੂਰਥਲਾ,  (ਭੂਸ਼ਣ)- ਡੇਰਾ ਸੱਚਾ ਸੌਦਾ ਮਾਮਲੇ ਨੂੰ ਲੈ ਕੇ ਸੂਬੇ ਭਰ ਵਿਚ ਜਾਰੀ ਕੀਤੇ ਗਏ ਅਲਰਟ ਨੂੰ ਵੇਖਦੇ ਹੋਏ ਮੰਗਲਵਾਰ ਦੀ ਦੇਰ ਰਾਤ ਕਰੀਬ 12 ਵਜੇ ਤੱਕ ਕਪੂਰਥਲਾ ਪੁਲਸ ਨੇ ਜ਼ਿਲੇ ਦੇ ਸਾਰੇ 15 ਥਾਣਾ ਖੇਤਰਾਂ ਵਿਚ ਵਿਸ਼ੇਸ਼ ਨਾਈਟ ਡੋਮੀਨੇਸ਼ਨ ਮੁਹਿੰਮ ਚਲਾਈ, ਜਿਸ ਦੌਰਾਨ ਜ਼ਿਲੇ ਵਿਚ ਪੈਂਦੇ ਸਾਰੇ ਸੰਪਰਕ ਮਾਰਗਾਂ ਤੇ ਰਾਸ਼ਟਰੀ ਰਾਜ ਮਾਰਗਾਂ 'ਤੇ ਚੈਕਿੰਗ ਕਰਨ ਦੇ ਨਾਲ-ਨਾਲ ਰਾਤ ਦੇ ਸਮੇਂ ਆਉਣ-ਜਾਣ ਵਾਲੀਆਂ ਗੱਡੀਆਂ ਦੀ ਤਲਾਸ਼ੀ ਲਈ ਗਈ। ਕਈ ਘੰਟੇ ਤੱਕ ਚੱਲੀ ਇਸ ਚੈਕਿੰਗ ਮੁਹਿੰਮ ਦੌਰਾਨ ਜ਼ਿਲੇ ਭਰ ਵਿਚ ਕਰੀਬ 500 ਪੁਲਸ ਕਰਮਚਾਰੀ ਤੇ ਅਫਸਰ ਸ਼ਾਮਲ ਹੋਏ।   
ਜੀ. ਓ. ਰੈਂਕ ਦੇ ਅਫਸਰਾਂ ਦੀ ਨਿਗਰਾਨੀ ਵਿਚ ਚੱਲੀ ਚੈਕਿੰਗ ਮੁਹਿੰਮ 
ਮੰਗਲਵਾਰ ਦੀ ਰਾਤ ਚਲਾਈ ਗਈ ਚੈਕਿੰਗ ਮੁਹਿੰਮ ਦੇ ਦੌਰਾਨ ਜਿਥੇ ਐੱਸ. ਐੱਸ. ਪੀ. ਸੰਦੀਪ ਸ਼ਰਮਾ ਖੁਦ ਨਾਈਟ ਡੋਮੀਨੇਸ਼ਨ ਮੁਹਿੰਮ ਦੀ ਨਿਗਰਾਨੀ ਕਰਦੇ ਨਜ਼ਰ ਆਏ, ਉਥੇ ਹੀ ਇਸ ਦੌਰਾਨ ਐੱਸ. ਪੀ. ਡੀ. ਜਗਜੀਤ ਸਿੰਘ ਸਰੋਆ, ਐੱਸ. ਪੀ. ਫਗਵਾੜਾ ਪਰਮਿੰਦਰ ਸਿੰਘ ਭੰਡਾਲ, ਡੀ. ਐੱਸ. ਪੀ. ਸਬ-ਡਵੀਜ਼ਨ ਕਪੂਰਥਲਾ ਗੁਰਮੀਤ ਸਿੰਘ, ਏ. ਐੱਸ. ਪੀ. ਫਗਵਾੜਾ ਗੌਰਵ ਤੂਰਾ, ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਵਰਿਆਮ ਸਿੰਘ ਤੇ ਡੀ. ਐੱਸ. ਪੀ. ਡੀ. ਸੋਹਨ ਲਾਲ ਸਮੇਤ ਜੀ. ਓ. ਰੈਂਕ ਦੇ ਸਾਰੇ ਅਫਸਰ ਤੇ ਐੱਸ. ਐੱਚ. ਓ. ਕਪੂਰਥਲਾ ਸਿਟੀ ਜਤਿੰਦਰਜੀਤ ਸਿੰਘ, ਪੀ. ਸੀ. ਆਰ. ਕਪੂਰਥਲਾ ਦੇ ਇੰਚਾਰਜ ਸੁਰਜੀਤ ਸਿੰਘ ਪੱਤੜ ਤੇ ਵੱਖ-ਵੱਖ ਵਿੰਗਾਂ ਦੇ ਇੰਚਾਰਜ ਨਾਈਟ ਡੋਮੀਨੇਸ਼ਨ ਮੁਹਿੰਮ ਨੂੰ ਅਮਲੀਜਾਮਾ ਪਹਿਨਾਉਂਦੇ ਨਜ਼ਰ ਆਏ । 
ਸੰਵੇਦਨਸ਼ੀਲ ਮਾਰਗਾਂ 'ਤੇ ਜ਼ਿਆਦਾ ਨਜ਼ਰ ਆਈਆਂ ਪੁਲਸ ਟੀਮਾਂ
ਜ਼ਿਲੇ ਦੇ ਸੰਵੇਦਨਸ਼ੀਲ ਸਮਝੇ ਜਾਣ ਵਾਲੇ ਫਗਵਾੜਾ-ਜਲੰਧਰ ਰਾਸ਼ਟਰੀ ਰਾਜ ਮਾਰਗ, ਕਰਤਾਰਪੁਰ-ਢਿੱਲਵਾਂ ਰਾਸ਼ਟਰੀ ਰਾਜ ਮਾਰਗ, ਕਪੂਰਥਲਾ-ਜਲੰਧਰ ਮਾਰਗ, ਸੁਭਾਨਪੁਰ- ਭੁਲੱਥ ਮਾਰਗ ਤੇ ਕਪੂਰਥਲਾ-ਸੁਲਤਾਨਪੁਰ ਲੋਧੀ ਮਾਰਗ 'ਤੇ ਪੁਲਸ ਦੀ ਨਾਈਟ ਡੋਮੀਨੇਸ਼ਨ ਮੁਹਿੰਮ ਜ਼ਿਆਦਾ ਪ੍ਰਭਾਵੀ ਨਜ਼ਰ ਆਈ, ਜਿਸ ਦੌਰਾਨ ਲਗਭਗ ਸਾਰੇ ਥਾਣਿਆਂ ਦੇ ਐੱਸ. ਐੱਚ. ਓਜ਼ ਵਾਹਨਾਂ ਦੀ ਚੈਕਿੰਗ ਕਰਵਾਉਂਦੇ ਨਜ਼ਰ ਆਏ। 


Related News