ਫੌਜੀ ਦੀ ਪਤਨੀ ਨੇ ਥਾਣੇਦਾਰ ''ਤੇ ਲਾਇਆ ਦੇਰ ਰਾਤ ਹਿਰਾਸਤ ''ਚ ਲੈਣ ਦਾ ਦੋਸ਼
Saturday, Aug 12, 2017 - 01:08 AM (IST)

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਗੁਰੂ ਨਾਨਕਪੁਰਾ ਮੁਹੱਲੇ ਦੀਆਂ ਔਰਤਾਂ ਨੇ ਐੈੱਸ. ਐੱਸ. ਪੀ. ਦਫ਼ਤਰ ਅੱਗੇ ਪੰਜਾਬ ਪੁਲਸ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਅਤੇ ਇਕ ਥਾਣੇਦਾਰ 'ਤੇ ਦੇਰ ਰਾਤ ਮੁਹੱਲੇ ਦੀ ਔਰਤ ਨੂੰ ਹਿਰਾਸਤ ਵਿਚ ਲੈਣ ਦਾ ਦੋਸ਼ ਲਾਇਆ। ਇਸ ਉਪਰੰਤ ਮੁਹੱਲੇ ਦੀਆਂ ਔਰਤਾਂ ਵੱਲੋਂ
ਐੈੱਸ. ਐੱਸ. ਪੀ. ਨੂੰ ਲਿਖਤੀ ਤੌਰ 'ਤੇ ਸ਼ਿਕਾਇਤ ਵੀ ਦਿੱਤੀ ਗਈ।
ਮੁਹੱਲੇ ਦੀ ਔਰਤ ਸਲਾਮਤ ਬੇਗਮ ਨੇ ਕਿਹਾ ਕਿ ਉਹ ਇਕ ਫੌਜੀ ਅਫ਼ਸਰ ਦੀ ਪਤਨੀ ਹੈ। ਉਸਦੇ ਪਤੀ ਫੌਜ ਵਿਚ ਡਿਊਟੀ 'ਤੇ ਹੋਣ ਕਾਰਨ ਬਾਹਰ ਰਹਿੰਦੇ ਹਨ। 5 ਅਗਸਤ ਦੀ ਰਾਤ ਨੂੰ ਕੰਧ ਢਾਉਣ ਦੇ ਮਸਲੇ ਨੂੰ ਲੈ ਕੇ 16 ਏਕੜ ਵਾਸੀਆਂ ਅਤੇ ਗੁਰੂ ਨਾਨਕਪੁਰਾ ਮੁਹੱਲੇ ਦੇ ਲੋਕਾਂ 'ਚ ਰੇੜਕਾ ਖੜ੍ਹਾ ਹੋ ਗਿਆ ਸੀ। ਰਾਤ ਕਰੀਬ 12.30 ਵਜੇ ਇਕ ਥਾਣੇਦਾਰ ਉਸਦੇ ਘਰ ਕੰਧ ਟੱਪ ਕੇ ਦਾਖਲ ਹੋਇਆ ਅਤੇ ਉਸਨੂੰ ਘਸੀਟਦੇ ਹੋਏ ਥਾਣੇ ਵਿਚ ਲੈ ਆਇਆ ਅਤੇ ਸਾਰੀ ਰਾਤ ਉਸਨੂੰ ਟਾਰਚਰ ਵੀ ਕੀਤਾ। ਸਲਾਮਤ ਬੇਗਮ ਨੇ ਦੱਸਿਆ ਕਿ ਉਸਨੇ ਇਸ ਸਬੰਧੀ 181 ਨੰਬਰ 'ਤੇ ਵੀ ਸ਼ਿਕਾਇਤ ਦਰਜ ਕਰਵਾਈ ਹੈ।
ਥਾਣੇਦਾਰ ਨੇ ਦੋਸ਼ਾਂ ਨੂੰ ਨਕਾਰਿਆ : ਜਦੋਂ ਇਸ ਸਬੰਧੀ ਉਕਤ ਥਾਣੇਦਾਰ ਨਾਲ ਗੱਲਬਾਤ ਕੀਤੀ ਤਾਂ ਉਸਨੇ ਕਿਹਾ ਕਿ ਉਕਤ ਔਰਤ ਵੱਲੋਂ ਮੇਰੇ 'ਤੇ ਝੂਠੇ ਦੋਸ਼ ਲਾਏ ਗਏ ਹਨ। ਮੇਰੇ ਵੱਲੋਂ ਨਾ ਤਾਂ ਕਿਸੇ ਔਰਤ ਨੂੰ
ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਨਾ ਹੀ ਕਿਸੇ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।