14 ਸਾਲਾਂ ’ਚ ਪੰਜਵੀਂ ਵਾਰ ਪਾਰਾ 25 ਤੋਂ ਪਾਰ, ਬੱਦਲ ਆਉਂਦੇ ਹੀ 9 ਡਿਗਰੀ ਵਧਿਆ

Monday, Jan 20, 2025 - 01:11 PM (IST)

14 ਸਾਲਾਂ ’ਚ ਪੰਜਵੀਂ ਵਾਰ ਪਾਰਾ 25 ਤੋਂ ਪਾਰ, ਬੱਦਲ ਆਉਂਦੇ ਹੀ 9 ਡਿਗਰੀ ਵਧਿਆ

ਚੰਡੀਗੜ੍ਹ (ਰੋਹਾਲ) : ਪਿਛਲੇ ਕਈ ਦਿਨਾਂ ਤੋਂ ਪੈ ਰਹੀ ਠੰਡ ਤੋਂ ਐਤਵਾਰ ਨੂੰ ਲੋਕਾਂ ਨੂੰ ਰਾਹਤ ਮਿਲੀ। ਪੂਰਾ ਦਿਨ ਮੌਸਮ ਆਮ ਰਿਹਾ। ਦੁਪਹਿਰ 2 ਵਜੇ ਤੋਂ ਬਾਅਦ ਜਿਵੇਂ ਹੀ ਬੱਦਲ ਛਾਏ ਤਾਪਮਾਨ ਸ਼ਨੀਵਾਰ ਦੇ ਮੁਕਾਬਲੇ 9 ਡਿਗਰੀ ਵੱਧ ਗਿਆ ਅਤੇ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਨੂੰ ਵੀ ਪਾਰ ਕਰ ਗਿਆ। ਪਿਛਲੇ 14 ਸਾਲਾਂ ’ਚ ਇਹ ਪੰਜਵੀਂ ਵਾਰ ਹੈ, ਜਦੋਂ ਜਨਵਰੀ ਦੇ ਮਹੀਨੇ ’ਚ ਸ਼ਹਿਰ ਦਾ ਤਾਪਮਾਨ 25 ਡਿਗਰੀ ਨੂੰ ਪਾਰ ਕਰ ਗਿਆ। ਸ਼ਨੀਵਾਰ ਰਾਤ ਨੂੰ ਘੱਟੋ-ਘੱਟ ਤਾਪਮਾਨ 8 ਡਿਗਰੀ ਸੀ, ਜਿਸ ਕਾਰਨ ਰਾਤ ਨੂੰ ਠੰਡ ਘੱਟ ਸੀ ਪਰ ਸੋਮਵਾਰ ਨੂੰ ਬੱਦਲਵਾਈ ਰਹਿਣ ਕਾਰਨ ਮੌਸਮ ਤਿੰਨ ਦਿਨਾਂ ਲਈ ਹੋਰ ਵਿਗੜ ਸਕਦਾ ਹੈ।
ਬੱਦਲਾਂ ਦੇ ਆਉਂਦੇ ਹੀ 9 ਡਿਗਰੀ ਵਧਿਆ ਪਾਰਾ
ਗਰਮ ਹਵਾ ਸਾਫ਼ ਮੌਸਮ ’ਚ ਆਸਾਨੀ ਨਾਲ ਉਚਾਈਆਂ ’ਤੇ ਪਹੁੰਚ ਜਾਂਦੀ ਹੈ। ਇਸ ਦੇ ਉਲਟ ਅਸਮਾਨ 'ਤੇ ਆਉਣ ਵਾਲੇ ਸੰਘਣੇ ਬੱਦਲ ਇਕ ਤਰ੍ਹਾਂ ਦੇ ਕੰਬਲ ਵਾਂਗ ਛਾ ਜਾਂਦੇ ਹਨ ਅਤੇ ਗਰਮ ਹਵਾ ਨੂੰ ਉੱਪਰ ਨਹੀਂ ਜਾਣ ਦਿੰਦੇ, ਸਗੋਂ ਧਰਤੀ ਵੱਲ ਭੇਜਦੇ ਹਨ। ਇਸ ਲਈ ਧਰਤੀ ਦਾ ਤਾਪਮਾਨ ਸੰਘਣੇ ਬੱਦਲ ਹੋਣ ’ਤੇ ਹਮੇਸ਼ਾ ਵੱਧਦਾ ਹੈ, ਜਦੋਂ ਕਿ ਸਾਫ਼ ਮੌਸਮ ’ਚ ਧਰਤੀ ਦੀ ਗਰਮ ਹਵਾ ਵਾਯੂਮੰਡਲ ’ਚ ਉੱਚੇ ਪੱਧਰ ’ਤੇ ਪਹੁੰਚਣ ਕਾਰਨ ਤਾਪਮਾਨ ਬਹੁਤਾ ਨਹੀਂ ਵੱਧਦਾ। ਐਤਵਾਰ ਨੂੰ ਵੀ ਅਜਿਹਾ ਹੀ ਹੋਇਆ ਅਤੇ ਸੰਘਣੇ ਬੱਦਲਾਂ ਦੇ ਬਾਵਜੂਦ ਸ਼ਹਿਰ ਦਾ ਤਾਪਮਾਨ ਇਕ ਦਿਨ ’ਚ 9 ਡਿਗਰੀ ਵਧ ਗਿਆ।
ਤਿੰਨ ਦਿਨ ਮੀਂਹ, ਮੌਸਮ ਖ਼ਰਾਬ, ਮੀਂਹ ਪੈਣ ਦੀ ਸੰਭਾਵਨਾ
ਫਿਲਹਾਲ ਅਸਮਾਨ ’ਤੇ ਛਾਏ ਬੱਦਲਾਂ ਦੇ ਸੋਮਵਾਰ ਤੱਕ ਵਰ੍ਹਨ ਦੀ ਸੰਭਾਵਨਾ ਘੱਟ ਹੈ, ਪਰ ਮੰਗਲਵਾਰ ਤੋਂ ਪੱਛਮੀ ਗੜਬੜੀ ਦੇ ਸਰਗਰਮ ਹੋਣ ਨਾਲ ਬੱਦਲ ਆਉਣ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਚੰਡੀਗੜ੍ਹ ਸਮੇਤ ਉੱਤਰੀ ਭਾਰਤ ’ਚ ਵੀਰਵਾਰ ਤੱਕ ਮੌਸਮ ਖ਼ਰਾਬ ਰਹੇਗਾ। ਇਸ ਦੌਰਾਨ ਬੁੱਧਵਾਰ ਨੂੰ ਚੰਗਾ ਮੀਂਹ ਪੈ ਸਕਦਾ ਹੈ। 40 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਦੇ ਨਾਲ-ਨਾਲ ਬੱਦਲ ਗਰਜਣਗੇ।
ਪ੍ਰਦੂਸ਼ਣ ਦਾ ਪੱਧਰ ਹਾਲੇ ਵੀ ਖ਼ਰਾਬ
ਸ਼ਹਿਰ ’ਚ ਪ੍ਰਦੂਸ਼ਣ ਦਾ ਪੱਧਰ ਹਾਲੇ ਵੀ ਖ਼ਰਾਬ ਹੈ। ਬੱਦੀ ਵਿਚ ਪ੍ਰਦੂਸ਼ਣ ਏ. ਕਿਊ. ਆਈ. 309 ਦਾ ਬਹੁਤ ਹੀ ਮਾੜਾ ਪੱਧਰ ਚੰਡੀਗੜ੍ਹ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ। ਇਹੀ ਕਾਰਨ ਹੈ ਕਿ ਐਤਵਾਰ ਨੂੰ ਵੀ ਚੰਡੀਗੜ੍ਹ ਏ. ਕਿਊ. ਆਈ. 300 ਰਿਹਾ। ਸਭ ਤੋਂ ਮਾੜੀ ਸਥਿਤੀ ਸੈਕਟਰ-53 ਦੀ ਸੀ, ਜਿੱਥੇ ਪ੍ਰਦੂਸ਼ਣ ਦਾ ਪੱਧਰ 392 ਤੱਕ ਪਹੁੰਚ ਗਿਆ। ਸੈਕਟਰ-22 ’ਚ ਵੀ 383 ਦੇ ਵੱਧ ਤੋਂ ਵੱਧ ਪੱਧਰ ’ਤੇ ਪਹੁੰਚ ਗਿਆ। ਆਮ ਤੌਰ ’ਤੇ ਸ਼ਹਿਰ ਦੇ ਬਾਕੀ ਹਿੱਸਿਆਂ ਨਾਲੋਂ ਬਿਹਤਰ ਸਥਿਤੀ ਵਾਲੇ ਸੈਕਟਰ-25 ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਪ੍ਰਦੂਸ਼ਣ ਦਾ ਪੱਧਰ ਵੀ 374 ਤੱਕ ਗਿਆ।


author

Babita

Content Editor

Related News