ਸ਼੍ਰੋਮਣੀ ਕਮੇਟੀ ਦੀਆਂ ਕੰਟੀਨਾਂ ਤੇ ਮੈੱਸ 'ਚ ਵਰਤਾਇਆ ਜਾਂਦੈ ਮੀਟ (video)

Wednesday, Aug 02, 2017 - 07:03 AM (IST)

ਸ਼੍ਰੋਮਣੀ ਕਮੇਟੀ ਦੀਆਂ ਕੰਟੀਨਾਂ ਤੇ ਮੈੱਸ 'ਚ ਵਰਤਾਇਆ ਜਾਂਦੈ ਮੀਟ (video)

ਅੰਮ੍ਰਿਤਸਰ - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਸਕੱਤਰ ਅਤੇ ਬੁਲਾਰੇ ਮਨਦੀਪ ਸਿੰਘ ਮੰਨਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਰਿਆਦਾ ਨਿਯਮ ਆਪਣੇ ਅਹੁਦੇਦਾਰਾਂ ਅਤੇ ਦੂਸਰਿਆਂ ਲਈ ਵੱਖ-ਵੱਖ ਹਨ। ਆਪਣੇ ਸਵਾਰਥਾਂ ਅਤੇ ਪੈਸੇ ਦੀ ਦੌੜ 'ਚ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਖੁੱਲ੍ਹੇਆਮ ਪੰਥਕ ਮਰਿਆਦਾਵਾਂ ਦੀਆਂ ਧੱਜੀਆਂ ਉਡਾ ਕੇ ਆਪਣੀਆਂ ਜੇਬਾਂ ਭਰਨ ਦੀ ਆੜ 'ਚ ਧਰਮ ਦਾ ਸਹਾਰਾ ਲੈ ਕੇ ਆਮ ਸ਼ਰਧਾਲੂਆਂ ਨੂੰ ਧੋਖਾ ਦਿੰਦੇ ਹੋਏ ਖੁੱਲ੍ਹੇਆਮ ਗੁਰੂ ਦੀ ਗੋਲਕ ਦੀ ਲੁੱਟ-ਖਸੁੱਟ ਕਰ ਰਹੇ ਹਨ।
ਧਰਮ ਦੀ ਆੜ 'ਚ ਆਮ ਸ਼ਰਧਾਲੂਆਂ ਨੂੰ ਧਾਰਮਿਕ ਸਜ਼ਾ ਦਾ ਡਰਾਵਾ ਦੇ ਕੇ ਆਪਣੇ-ਆਪ ਹੀ ਸ਼੍ਰੋਮਣੀ ਕਮੇਟੀ ਦੀਆਂ ਸੰਸਥਾਵਾਂ ਵਿਚ ਆਪਣੀਆਂ ਜੇਬਾਂ ਭਰਨ ਲਈ ਮੀਟ, ਮੱਛੀ ਆਦਿ ਦੀਆਂ ਦੁਕਾਨਾਂ ਚਲਾ ਰਹੇ ਹਨ, ਜੋ ਸਿੱਖ ਧਾਰਮਿਕ ਮਰਿਆਦਾ ਦੀ ਘੋਰ ਉਲੰਘਣਾ ਹੈ। ਮੰਨਾ ਮੰਗਲਵਾਰ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਅਧੀਨ ਚੱਲ ਰਹੀ ਸ੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਵੱਲਾ ਦੀ ਕੰਟੀਨ ਅਤੇ ਮੈੱਸ 'ਚ ਵਿਦਿਆਰਥੀਆਂ ਨੂੰ ਮੀਟ, ਮੱਛੀ, ਮੁਰਗਾ, ਬੱਕਰਾ, ਸੂਰ ਆਦਿ ਪਰੋਸ ਰਹੇ ਅਹੁਦੇਦਾਰਾਂ ਦੇ ਸਬੂਤਾਂ ਅਤੇ ਵੀਡੀਓ ਫਿਲਮ ਦੀ ਰਿਕਾਰਡਿੰਗ ਦੇ ਨਾਲ ਮੀਡੀਆ ਕਰਮਚਾਰੀਆਂ ਦੇ ਸਾਹਮਣੇ ਖੁਲਾਸਾ ਕੀਤਾ।
ਮੰਨਾ ਨੇ ਸਾਰੇ ਮਾਮਲੇ ਸਬੰਧੀ ਸਬੂਤ ਦਿਖਾਉਂਦੇ ਹੋਏ ਕਿਹਾ ਕਿ ਸਿੱਖ ਸੰਗਤ ਨੇ ਵੱਲਾ ਵਿਚ ਹਸਪਤਾਲ ਅਤੇ ਮੈਡੀਕਲ ਕਾਲਜ ਤੇ ਯੂਨੀਵਰਸਿਟੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੂੰ ਆਪਣੀਆਂ ਧਾਰਮਿਕ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਜ਼ਮੀਨ ਦਾਨ ਦਿੱਤੀ ਸੀ। ਇਸ ਸੰਸਥਾ ਦੇ ਅੰਦਰ ਹੀ ਗੁਰਦੁਆਰਾ ਸਾਹਿਬ ਵੀ ਹੈ, ਜਿਥੇ ਹਰ ਰੋਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ। ਕੈਂਪਸ ਵਿਚ ਸਥਿਤ ਗੁਰਦੁਆਰਾ ਸਾਹਿਬ ਦੀ ਦੀਵਾਰ ਦੇ ਨਾਲ ਹੀ ਇਕ ਕੰਟੀਨ ਬਣਾਈ ਹੋਈ ਹੈ, ਜਿਸ ਦਾ ਠੇਕਾ ਸ਼੍ਰੋਮਣੀ ਕਮੇਟੀ ਦੇ ਹੀ ਇਕ ਅਹੁਦੇਦਾਰ ਕੋਲ ਅਕਾਲੀ ਦਲ ਦੇ ਇਕ ਨੇਤਾ ਦੇ ਨਾਲ ਹਿੱਸੇਦਾਰੀ ਵਿਚ ਹੈ।
 ਕੈਂਪਸ ਦੇ ਅੰਦਰ ਗੁਰਦੁਆਰਾ ਸਾਹਿਬ ਦੀ ਸਾਂਝੀ ਦੀਵਾਰ ਨਾਲ ਬਣੀ ਇਸ ਕੰਟੀਨ ਵਿਚ ਖੁੱਲ੍ਹੇਆਮ ਮੀਟ, ਮਟਨ, ਮੱਛੀ, ਸੂਰ ਦਾ ਮਾਸ, ਬੱਕਰੇ ਆਦਿ ਦਾ ਮਾਸ ਵਿਦਿਆਰਥੀਆਂ ਵੱਲੋਂ ਪੈਸੇ ਲੈ ਕੇ ਪਰੋਸਿਆ ਜਾਂਦਾ ਹੈ। ਮੰਨਾ ਨੇ ਪ੍ਰਮਾਣ ਦਿਖਾਉਂਦੇ ਹੋਏ ਕਿਹਾ ਕਿ ਇੰਨਾ ਹੀ ਨਹੀਂ, ਇਨ੍ਹਾਂ ਸੰਸਥਾਵਾਂ ਦੀ ਮੈੱਸ ਵਿਚ ਵੀ ਹਰ ਸ਼ੁੱਕਰਵਾਰ ਵਿਦਿਆਰਥੀਆਂ ਨੂੰ ਮਾਸ ਖਾਣ ਲਈ ਸਪਲਾਈ ਕੀਤਾ ਜਾਂਦਾ ਹੈ, ਜਦੋਂ ਕਿ ਐੱਸ. ਜੀ. ਪੀ. ਸੀ. ਆਪਣੀਆਂ ਸੰਸਥਾਵਾਂ ਵਿਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਉਪਰ ਕਈ ਤਰ੍ਹਾਂ ਦੇ ਧਾਰਮਿਕ ਕੱਟੜਤਾ ਦੇ ਨਿਯਮ ਥੋਪਦੇ ਹੋਏ ਵਿਦਿਆਰਥੀਆਂ ਵੱਲੋਂ ਕੈਂਪਸ ਵਿਚ ਨਸ਼ਾ, ਮੀਟ, ਮੱਛੀ, ਸ਼ਰਾਬ ਆਦਿ ਦੀ ਵਰਤੋਂ ਕਰਨ ਖਿਲਾਫ ਦਸਤਾਵੇਜ਼ਾਂ 'ਤੇ ਹਸਤਾਖਰ ਕਰਵਾ ਹੀ ਆਪਣੀਆਂ ਸੰਸਥਾਵਾਂ ਵਿਚ ਦਾਖਲਾ ਦਿੰਦੀ ਹੈ।
ਮਾਮਲਾ ਧਿਆਨ 'ਚ ਆਉਣ 'ਤੇ ਹੋਵੇਗੀ ਕਾਰਵਾਈ : ਗੁਰਬਚਨ ਸਿੰਘ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਦਾ ਫੋਨ ਬੰਦ ਹੋਣ ਕਾਰਨ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ ਪਰ ਇਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੁਰਬਚਨ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਅਧੀਨ ਆਉਂਦੀਆਂ ਸੰਸਥਾਵਾਂ 'ਚ ਜੇਕਰ ਮਾਸ-ਮੱਛੀ ਪਰੋਸੀ ਜਾਂਦੀ ਹੈ ਤਾਂ ਇਹ ਪੂਰੀ ਤਰ੍ਹਾਂ ਮਰਿਆਦਾ ਦੇ ਉਲਟ ਹੈ, ਜੇਕਰ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਲਿਆਂਦਾ ਗਿਆ ਤਾਂ ਉਹ ਜ਼ਰੂਰ ਇਸ 'ਤੇ ਜਾਂਚ ਤੋਂ ਬਾਅਦ ਕਾਰਵਾਈ ਕਰਨਗੇ।

 


Related News