ਰਾਜ ਮਿਸਤਰੀ ਨੇ ਕੀਤੀ ਨਾਬਾਲਗਾ ਨਾਲ ਛੇੜਛਾੜ, ਕਾਬੂ
Monday, Aug 14, 2017 - 02:24 AM (IST)
ਭਾਮੀਆਂ ਕਲਾਂ, (ਜ.ਬ.)- ਘਰ 'ਚ ਰਾਜ ਮਿਸਤਰੀ ਦਾ ਕੰਮ ਕਰਨ ਲਈ ਲਾਏ ਗਏ ਇਕ ਵਿਅਕਤੀ ਵੱਲੋਂ ਮੌਕਾ ਪਾ ਕੇ ਘਰ 'ਚ ਇਕੱਲੀ ਨਾਬਾਲਗ ਲੜਕੀ ਨਾਲ ਛੇੜਛਾੜ ਕਰਨ ਅਤੇ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ਥਾਣੇਦਾਰ ਹਰਭਜਨ ਸਿੰਘ ਨੇ ਦੱਸਿਆ ਕਿ ਪਿੰਡ ਮੂੰਡੀਆਂ ਕਲਾਂ ਦੀ ਰਹਿਣ ਵਾਲੀ ਇਕ ਔਰਤ ਨੇ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਉਨ੍ਹਾਂ ਨੇ ਇਕ ਵਿਅਕਤੀ ਨੂੰ ਆਪਣੇ ਘਰ 'ਚ ਮਕਾਨ ਦਾ ਕੁਝ ਕੰਮ ਕਰਨ ਲਈ ਦਿਹਾੜੀ 'ਤੇ ਲਾਇਆ ਸੀ। ਬੀਤੇ ਦਿਨੀਂ ਉਨ੍ਹਾਂ ਦੀ 15 ਸਾਲਾ ਨਾਬਾਲਗ ਲੜਕੀ ਘਰ 'ਚ ਇਕੱਲੀ ਸੀ, ਜੋ ਕਿ ਸੁੱਤੀ ਹੋਈ ਸੀ। ਇਸ ਦੌਰਾਨ ਮੌਕਾ ਪਾ ਕੇ ਉਕਤ ਵਿਅਕਤੀ ਨੇ ਲੜਕੀ ਨਾਲ ਅਸ਼ਲੀਲ ਛੇੜਛਾੜ ਕਰਦੇ ਹੋਏ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਜਦ ਉਹ ਅਚਾਨਕ ਘਰ ਪਹੁੰਚੀ ਤਾਂ ਦੇਖਿਆ ਕਿ ਉਕਤ ਵਿਅਕਤੀ ਲੜਕੀ ਨਾਲ ਛੇੜਛਾੜ ਕਰ ਰਿਹਾ ਸੀ, ਜੋ ਉਸ ਨੂੰ ਦੇਖਦੇ ਹੀ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ 'ਤੋਂ ਫਰਾਰ ਹੋ ਗਿਆ।
ਚੌਕੀ ਇੰਚਾਰਜ ਨੇ ਦੱਸਿਆ ਕਿ ਉਕਤ ਵਿਅਕਤੀ ਜਿਸ ਦੀ ਪਛਾਣ ਮਨਜੀਤ ਕੁਮਾਰ ਪੁੱਤਰ ਜਗਤਾਰ ਕੁਮਾਰ ਵਾਸੀ ਪਿੰਡ ਖਵਾਜਕੇ, ਲੁਧਿਆਣਾ ਦੇ ਰੂਪ 'ਚ ਹੋਈ ਹੈ, ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ, ਜਿਸ ਨੂੰ ਸੋਮਵਾਰ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।
