ਘਰੇਲੂ ਕਲੇਸ਼ ਦਾ ਖ਼ੌਫ਼ਨਾਕ ਅੰਤ, ਪਤੀ ਦੀ ਕੁੱਟਮਾਰ ਤੋਂ ਪ੍ਰੇਸ਼ਾਨ ਵਿਆਹੁਤਾ ਨੇ ਜੀਵਨ ਲੀਲਾ ਕੀਤੀ ਸਮਾਪਤ
Wednesday, Feb 08, 2023 - 09:15 PM (IST)
ਦੋਰਾਹਾ (ਵਿਨਾਇਕ) : ਪ੍ਰੇਮ ਵਿਆਹ ਤੋਂ ਬਾਅਦ ਸਹੁਰੇ ਘਰ ਗਈ ਦੋਰਾਹਾ ਦੀ ਜੈਪੁਰਾ ਰੋਡ ਦੀ ਰਹਿਣ ਵਾਲੀ ਇਕ ਲੜਕੀ ਨੇ ਉਸ ਦੇ ਪਤੀ ਵੱਲੋਂ ਕੀਤੀ ਜਾਂਦੀ ਕੁੱਟਮਾਰ ਅਤੇ ਨਾਜਾਇਜ਼ ਤੰਗ ਪ੍ਰੇਸ਼ਾਨ ਕਰਨ ਤੋਂ ਦੁਖੀ ਹੋ ਕੇ ਸਹੁਰੇ ਘਰ ‘ਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਥਾਣਾ ਦੋਰਾਹਾ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਵਿਆਹੁਤਾ ਦੀ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਰੇਤ ਖੱਡ ਦਾ ਜਾਇਜ਼ਾ ਲੈਣ ਪਹੁੰਚੇ ਮੰਤਰੀ ਮੀਤ ਹੇਅਰ, ਕਿਹਾ-"ਮਾਨ ਸਰਕਾਰ ਨੇ ਰੇਤ ਮਾਫ਼ੀਆ ਦੇ ਦਿਨ ਖ਼ਤਮ ਕੀਤੇ"
ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਲੜਕੀ ਸਵਰਨਜੀਤ ਕੌਰ ਉਰਫ਼ ਸ਼ਿਵਾਨੀ ਦੇ ਪਿਤਾ ਜੋਗਿੰਦਰ ਕੁਮਾਰ ਪੁੱਤਰ ਕ੍ਰਿਸ਼ਨ ਲਾਲ ਵਾਸੀ ਸੁੰਦਰ ਨਗਰ ਦੋਰਾਹਾ, ਜ਼ਿਲ੍ਹਾ ਲੁਧਿਆਣਾ ਨੇ ਦੱਸਿਆ ਕਿ ਉਸ ਦੀ ਲੜਕੀ ਸ਼ਿਵਾਨੀ ਦਾ ਵਿਆਹ ਸੁਖਦੇਵ ਸਿੰਘ ਉਰਫ਼ ਦੇਬੂ ਪੁੱਤਰ ਸਵਰਗੀ ਮਹਿੰਦਰ ਸਿੰਘ ਵਾਸੀ ਪਿੰਡ ਬੁਆਣੀ ਥਾਣਾ ਦੋਰਾਹਾ ਲੁਧਿਆਣਾ ਨਾਲ ਜੁਲਾਈ 2020 ਵਿੱਚ ਆਪਣੀ ਮਰਜ਼ੀ ਨਾਲ ਹੋਇਆ ਸੀ। ਉਨ੍ਹਾਂ ਦਾ ਪੂਰਾ ਪਰਿਵਾਰ ਉਨ੍ਹਾਂ ਦੇ ਵਿਆਹ ਲਈ ਰਾਜ਼ੀ ਹੋ ਗਿਆ ਸੀ ਅਤੇ ਇੱਕ ਦੂਜੇ ਨੂੰ ਮਿਲਦੇ ਰਹਿੰਦੇ ਸਨ ਪਰ ਸੁਖਦੇਵ ਸਿੰਘ ਦੇ ਪਰਿਵਾਰਕ ਮੈਂਬਰ ਉਨ੍ਹਾਂ ਦੇ ਵਿਆਹ ਤੋਂ ਖੁਸ਼ ਨਹੀਂ ਸਨ। ਇਸ ਕਾਰਨ ਉਨ੍ਹਾਂ ਨੇ ਉਸ ਦੀ ਲੜਕੀ ਸ਼ਿਵਾਨੀ ਨੂੰ ਉਸ ਦੇ ਪਤੀ ਨਾਲ ਪਰਿਵਾਰ ਤੋਂ ਵੱਖ ਕਰ ਦਿੱਤਾ। ਵਿਆਹ ਤੋਂ ਕੁਝ ਸਮੇਂ ਬਾਅਦ ਹੀ ਸੁਖਦੇਵ ਸਿੰਘ ਉਰਫ ਦੇਬੂ ਉਨ੍ਹਾਂ ਦੀ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਨ ਲੱਗਾ। ਉਨ੍ਹਾਂ ਦੱਸਿਆ ਕਿ ਸ਼ਿਵਾਨੀ ਤੇ ਸੁਖਦੇਵ ਦਾ ਕਰੀਬ ਢਾਈ ਸਾਲ ਮੁੰਡਾ ਵੀ ਹੈ ਜਿਸਦਾ ਨਾਂ ਯੁਵਰਾਜ ਹੈ।
ਇਹ ਵੀ ਪੜ੍ਹੋ : ਮੰਤਰੀ ਜਿੰਪਾ ਵੱਲੋਂ ‘ਭੰਗੀ ਚੋਅ’ ਨੂੰ ਕੂੜਾ ਮੁਕਤ ਕਰਨ ਦੀ ਮੁਹਿੰਮ ਸ਼ੁਰੂ, ਸ਼ਹਿਰ ਵਾਸੀਆਂ ਨੂੰ ਕੀਤੀ ਇਹ ਅਪੀਲ
ਜੋਗਿੰਦਰ ਕੁਮਾਰ ਨੇ ਦੱਸਿਆ ਕਿ ਸੁਖਦੇਵ ਸਿੰਘ ਉਸ ਦੀ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਦਾ ਰਿਹਾ, ਜਿਸ ਕਾਰਨ ਉਸ ਦੀ ਲੜਕੀ ਬੱਚੇ ਨੂੰ ਲੈ ਕੇ ਆਪਣੇ ਪੇਕੇ ਘਰ ਆ ਗਈ। ਉਨ੍ਹਾਂ ਕਿਹਾ ਕਿ ਸੁਖਦੇਵ ਸਿੰਘ ਉਰਫ਼ ਦੇਬੂ ਖ਼ਿਲਾਫ਼ ਦੋਰਾਹਾ ਥਾਣੇ ਵਿੱਚ ਕੁੱਟਮਾਰ ਅਤੇ ਤੰਗ ਪ੍ਰੇਸ਼ਾਨ ਕਰਨ ਦੀ ਸ਼ਿਕਾਇਤ ਵੀ ਦਰਜ ਕਰਵਾਈ, ਜਿੱਥੇ ਦੋਵਾਂ ਧਿਰਾਂ ਵਿਚਕਾਰ ਇਸ ਸ਼ਿਕਾਇਤ ਨੂੰ ਲੈ ਕੇ ਪੰਚਾਇਤੀ ਸਮਝੌਤਾ ਹੋ ਗਿਆ ਸੀ। ਕਰੀਬ ਇੱਕ ਸਾਲ ਬਾਅਦ ਸੁਖਦੇਵ ਸਿੰਘ ਪਹਿਲਾਂ ਹੀ ਉਸ ਦੀ ਲੜਕੀ ਨੂੰ ਪਿੰਡ ਬੁਆਣੀ ਵਿਖੇ ਆਪਣੇ ਘਰ ਲੈ ਗਿਆ ਸੀ, ਜਿੱਥੇ ਸੁਖਦੇਵ ਨੇ ਸ਼ਿਵਾਨੀ 'ਤੇ ਫਿਰ ਤੋਂ ਤਸ਼ੱਦਦ ਕਰਨਾ ਸ਼ੁਰੂ ਕਰ ਦਿੱਤਾ ਅਤੇ ਬਿਨਾਂ ਕਿਸੇ ਕਾਰਨ ਉਸ ਦੀ ਕੁੱਟਮਾਰ ਕਰਦਾ ਰਿਹਾ। ਉਨ੍ਹਾਂ ਕਿਹਾ ਕਿ ਜਦੋਂ ਉਸ ਦੀ ਲੜਕੀ ਨੇ ਉਨ੍ਹਾਂ ਕੋਲ ਆਉਣ ਲਈ ਕਹਿੰਦੀ ਤਾਂ ਸੁਖਦੇਵ ਉਸ ਨੂੰ ਕਮਰੇ ਵਿੱਚ ਬੰਦ ਕਰ ਦਿੰਦਾ ਤੇ ਸਾਡੇ ਨਾਲ ਗੱਲ ਵੀ ਨਹੀਂ ਕਰਨ ਦਿੰਦਾ ਸੀ।
ਇਹ ਵੀ ਪੜ੍ਹੋ : ਤਰੁਣ ਚੁੱਘ ਦਾ ਕਾਂਗਰਸ 'ਤੇ ਤਿੱਖਾ ਹਮਲਾ, ਕਿਹਾ-"ਰਾਹੁਲ ਗਾਂਧੀ ਵੱਲੋਂ ਸੰਸਦ 'ਚ ਦਿੱਤਾ ਭਾਸ਼ਣ ਝੂਠ ਤੇ ਤੱਥਹੀਣ"
ਬੀਤੀ 7 ਫਰਵਰੀ ਨੂੰ ਦੁਪਹਿਰ ਕਰੀਬ ਇੱਕ ਵਜੇ ਪਿੰਡ ਬੁਆਣੀ ਦੇ ਪੰਚ ਨੇ ਉਸ ਨੂੰ ਮੋਬਾਈਲ ’ਤੇ ਸੂਚਨਾ ਦਿੱਤੀ ਕਿ ਸ਼ਿਵਾਨੀ ਨੇ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ ਹੈ। ਜਿਸ 'ਤੇ ਉਹ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਪਿੰਡ ਬੁਆਣੀ ਵਿਖੇ ਆਪਣੀ ਲੜਕੀ ਦੇ ਸਹੁਰੇ ਘਰ ਪਹੁੰਚੇ, ਜਿੱਥੇ ਪਿੰਡ ਵਾਸੀਆਂ ਦਾ ਭਾਰੀ ਇਕੱਠ ਸੀ ਅਤੇ ਉਸ ਦੀ ਲੜਕੀ ਸ਼ਿਵਾਨੀ ਦੀ ਲਾਸ਼ ਕਮਰੇ ਦੇ ਅੰਦਰ ਫਰਸ਼ 'ਤੇ ਪਈ ਸੀ। ਉਸ ਨੇ ਦੱਸਿਆ ਕਿ ਉਸ ਦੀ ਲੜਕੀ ਸ਼ਿਵਾਨੀ ਨੇ ਸੁਖਦੇਵ ਸਿੰਘ ਉਰਫ ਦੇਬੂ ਦੀ ਕੁੱਟਮਾਰ ਤੋਂ ਤੰਗ ਆ ਕੇ ਹੀ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਦੋਰਾਹਾ ਦੇ ਐੱਸ.ਐੱਚ.ਓ ਵਿਜੇ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਮਾਮਲਾ ਦਰਜ ਕਰਦੇ ਹੋਏ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਪਾਇਲ 'ਤੋਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਵਾਹਨ ਫਿਟਨੈੱਸ ਸਰਟੀਫ਼ਿਕੇਟ ਘਪਲਾ : ਵਿਜੀਲੈਂਸ ਬਿਊਰੋ ਵੱਲੋਂ ਇਕ ਹੋਰ ਏਜੰਟ ਗ੍ਰਿਫ਼ਤਾਰ
ਕੀ ਕਹਿੰਦੇ ਹਨ ਪੁਲਸ ਅਧਿਕਾਰੀ?
ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀ ਏ.ਐੱਸ.ਆਈ ਹਾਕਮ ਸਿੰਘ ਨੇ ਦੱਸਿਆ ਕਿ ਆਪਣੀ ਪਤਨੀ ਸ਼ਿਵਾਨੀ 'ਤੇ ਤਸ਼ੱਦਦ ਕਰਨ ਅਤੇ ਕੁੱਟਮਾਰ ਕਰਕੇ ਆਤਮਹੱਤਿਆ ਲਈ ਉਕਸਾਉਣ ਦੇ ਦੋਸ਼ ਹੇਠ ਕਥਿਤ ਮੁਲਜ਼ਮ ਪਤੀ ਸੁਖਦੇਵ ਸਿੰਘ ਉਰਫ਼ ਦੇਬੂ ਵਾਸੀ ਪਿੰਡ ਬੁਆਣੀ ਖ਼ਿਲਾਫ਼ ਧਾਰਾ 306 ਆਈਪੀਸੀ ਤਹਿਤ ਕੇਸ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ, ਜਿਸ ਨੂੰ ਬਾਅਦ ਵਿੱਚ ਮਾਣਯੋਗ ਜੱਜ ਏਕਤਾ ਸਹੋਤਾ ਐੱਸ.ਡੀ.ਜੇ.ਐੱਮ ਪਾਇਲ ਦੀ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦੇ ਪੁਲਸ ਰਿਮਾਂਡ ਦੀ ਮੰਗ ਕੀਤੀ ਗਈ।