ਵਿਆਹੁਤਾ ਔਰਤ ਨੇ ਬੱਚਿਆਂ ਸਣੇ ਸੂਏ ’ਚ ਮਾਰੀ ਛਾਲ, 2 ਬੱਚਿਆਂ ਦੀ ਮੌਤ
Friday, May 17, 2019 - 08:24 PM (IST)

ਭਦੌੜ- ਕਸਬਾ ਭਦੌਡ਼ ਦੇ ਮੱਝੂਕੇ ਰੋਡ ਦੀ ਵਸਨੀਕ ਮਨਦੀਪ ਕੌਰ ਪਤਨੀ ਗੋਬਿੰਦ ਸਿੰਘ ਨੇ 2 ਕੁ ਵਜੇ ਦੋਵੇਂ ਬੇਟਿਆਂ ਗੁਰਪ੍ਰੀਤ ਸਿੰਘ ਗੋਪੀ (4) ਅਤੇ ਨੂਰਾ ਸਿੰਘ (2) ਨੂੰ ਨਾਲ ਲੈ ਕੇ ਮੱਝੂਕੇ ਰੋਡ ’ਤੇ ਬਣੇ ਸੂਏ ’ਚ ਛਾਲ ਮਾਰ ਦਿੱਤੀ, ਮਨਦੀਪ ਕੌਰ ਦੇ ਦਿਓਰ ਪਾਲ ਸਿੰਘ ਨੂੰ ਪਤਾ ਲੱਗਿਆ ਤਾਂ ਉਸ ਨੇ ਭਰਜਾਈ ਨੂੰ ਤਾਂ ਬਚਾ ਲਿਆ ਪਰ ਦੋਵੇਂ ਬੱਚੇ ਪਾਣੀ ’ਚ ਡੁੱਬ ਗਏ। ਜਾਣਕਾਰੀ ਮਿਲਣ ’ਤੇ ਥਾਣਾ ਭਦੌਡ਼ ਦੇ ਐੱਸ. ਐੱਚ. ਓ. ਹਰਸਿਮਰਨਜੀਤ ਸਿੰਘ ਆਪਣੀ ਪੂਰੀ ਟੀਮ ਲੈ ਕੇ ਘਟਨਾ ਸਥਾਨ ’ਤੇ ਪਹੁੰਚੇ। ਉਨ੍ਹਾਂ ਆਪਣੀ ਨਿਗਰਾਨੀ ਹੇਠ ਦੋਵੇਂ ਬੱਚਿਆਂ ਦੀਆਂ ਲਾਸ਼ਾਂ ਨੂੰ ਲੋਕਾਂ ਦੇ ਸਹਾਰੇ ਨਾਲ ਜੱਦੋ-ਜਹਿਦ ਤੋਂ ਬਾਅਦ ਬਾਹਰ ਕੱਢਿਆ। ਮਨਦੀਪ ਕੌਰ ਨੂੰ ਸੂਏ ’ਚੋਂ ਕੱਢਣ ਉਪਰੰਤ ਸਿਵਲ ਹਸਪਤਾਲ ਭਦੌਡ਼ ਵਿਖੇ ਲਿਆਂਦਾ ਗਿਆ ਅਤੇ ਉਸ ਨੂੰ ਮੁੱਢਲੀ ਸਹਾਇਤਾ ਦੇ ਕੇ ਡਾਕਟਰ ਵਲੋਂ ਬਰਨਾਲਾ ਦੇ ਸਿਵਲ ਹਸਪਤਾਲ ’ਚ ਰੈਫਰ ਕਰ ਦਿੱਤਾ ਗਿਆ।ਇਸ ਸਬੰਧੀ ਥਾਣਾ ਭਦੌਡ਼ ਦੇ ਐੱਸ. ਐੱਚ. ਓ. ਹਰਸਿਮਰਨਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅੱਜ ਸਾਨੂੰ ਇਸ ਘਟਨਾ ਸਬੰਧੀ ਪਤਾ ਲੱਗਿਆ ਸੀ ਕਿ ਇਕ ਔਰਤ ਨੇ ਆਪਣੇ ਦੋ ਬੱਚਿਆਂ ਨੂੰ ਨਾਲ ਲੈ ਕੇ ਸੂਏ ’ਚ ਛਾਲ ਮਾਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਘਟਨਾ ਦੀ ਬਰੀਕੀ ਨਾਲ ਜਾਂਚ ਕਰ ਰਹੇ ਹਾਂ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਹਿਸਾਬ ਨਾਲ ਬਣਦੀ ਕਾਰਵਾਈ ਕੀਤੀ ਜਾਵੇਗੀ।